ਕਿਹਾ : ਕਾਂਗਰਸੀ ਆਗੂ ਮਤਭੇਦ ਭੁਲਾ ਕੇ ਪਾਰਟੀ ਨੂੰ ਕਰਨ ਮਜ਼ਬੂਤ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਕਾਂਗਰਸ ਸੰਸਦੀ ਦਲ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿਚ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਕਾਂਗਰਸ ਲਈ ਅੱਗੇ ਦਾ ਰਾਹ ਪਹਿਲਾਂ ਨਾਲੋਂ ਵੀ ਕਿਤੇ ਵੱਧ ਚੁਣੌਤੀਪੂਰਨ ਹੈ ਅਤੇ ਇਹ ਪਾਰਟੀ ਦੀ ਭਾਵਨਾ ਦੀ ਸਖਤ ਪ੍ਰੀਖਿਆ ਹੈ। ਉਨ੍ਹਾਂ ਕਿਹਾ ਕਾਂਗਰਸ ਪਾਰਟੀ ਵਿਚ ਹਰ ਪੱਧਰ ’ਤੇ ਏਕਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਪਾਰਟੀ ਵਿਚ ਏਕਤਾ ਅਤੇ ਮਜ਼ਬੂਤੀ ਨੂੰ ਯਕੀਨੀ ਬਣਾਉਣ ਲਈ ਜੋ ਵੀ ਕਦਮ ਚੁੱਕਣੇ ਪੈਣਗੇ ਮੈਂ ਉਹ ਚੁੱਕਣ ਲਈ ਤਿਆਰ ਹਾਂ। ਕਾਂਗਰਸ ਪਾਰਟੀ ਦੀ ਕਾਇਆਕਲਪ ਨਾ ਸਿਰਫ ਸਾਡੇ ਲਈ ਮਹੱਤਵਪੂਰਨ ਹੈ, ਸਗੋਂ ਇਹ ਸਾਡੇ ਲੋਕਤੰਤਰ ਅਤੇ ਸਮਾਜ ਲਈ ਵੀ ਬੇਹੱਦ ਜਰੂਰੀ ਹੈ। ਇਸ ਮੌਕੇ ਉਨ੍ਹਾਂ ਭਾਜਪਾ ’ਤੇ ਵੰਡ ਪਾਊ ਏਜੰਡਾ ਅਪਣਾਉਣ ਅਤੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਦੋਸ਼ ਵੀ ਲਾਇਆ। ਇਸ ਮੀਟਿੰਗ ਵਿਚ ਸੋਨੀਆ ਗਾਂਧੀ, ਡਾ. ਮਨਮੋਹਨ ਸਿੰਘ, ਰਾਹੁਲ ਗਾਂਧੀ, ਮਲਿਕਾ ਅਰਜੁਨ ਖੜਗੇ ਅਤੇ ਸੰਤੋਖ ਚੌਧਰੀ ਸਮੇਤ ਸੀਨੀਅਰ ਕਾਂਗਰਸੀ ਆਗੂਆਂ ਨੇ ਹਿੱਸਾ ਲਿਆ।