Breaking News
Home / ਭਾਰਤ / ਨਰਿੰਦਰ ਮੋਦੀ ਨੇ ਅਮਿਤ ਸ਼ਾਹ ਨੂੰ ਗ੍ਰਹਿ ਮੰਤਰੀ, ਰਾਜਨਾਥ ਨੂੰ ਰੱਖਿਆ ਮੰਤਰੀ ਤੇ ਜੈਸ਼ੰਕਰ ਨੂੰ ਬਣਾਇਆ ਵਿਦੇਸ਼ ਮੰਤਰੀ

ਨਰਿੰਦਰ ਮੋਦੀ ਨੇ ਅਮਿਤ ਸ਼ਾਹ ਨੂੰ ਗ੍ਰਹਿ ਮੰਤਰੀ, ਰਾਜਨਾਥ ਨੂੰ ਰੱਖਿਆ ਮੰਤਰੀ ਤੇ ਜੈਸ਼ੰਕਰ ਨੂੰ ਬਣਾਇਆ ਵਿਦੇਸ਼ ਮੰਤਰੀ

ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕਰ ਦਿੱਤੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ 57 ਮੰਤਰੀਆਂ ਨੇ ਅਹੁਦੇ ਦੀ ਸਹੁੰ ਚੁੱਕੀ ਸੀ।
ਇਸੇ ਤਹਿਤ ਅਮਿਤ ਸ਼ਾਹ ਨੂੰ ਗ੍ਰਹਿ ਮੰਤਰੀ ਬਣਾਇਆ ਗਿਆ ਹੈ। ਰਾਜਨਾਥ ਸਿੰਘ ਨੂੰ ਰੱਖਿਆ ਮੰਤਰੀ ਅਤੇ ਐਸ. ਜੈ ਸ਼ੰਕਰ ਨੂੰ ਵਿਦੇਸ਼ ਮੰਤਰਾਲੇ ਦਾ ਚਾਰਜ ਦਿੱਤਾ ਗਿਆ। ਇਸੇ ਤਰ੍ਹਾਂ ਨਿਰਮਲਾ ਸੀਤਾਰਮਨ ਨੂੰ ਵਿੱਤ ਮੰਤਰੀ ਬਣਾਇਆ ਗਿਆ ਹੈ। ਇਕ ਵਾਰ ਫਿਰ ਸੜਕ ਅਤੇ ਰਾਸ਼ਟਰੀ ਸ਼ਾਹਰਾਹ ਅਤੇ ਆਵਾਜਾਈ ਮੰਤਰਾਲਾ ਨਿਤਿਨ ਗਡਕਰੀ ਦੇ ਸਪੁਰਦ ਕੀਤਾ ਗਿਆ ਹੈ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਅਮੇਠੀ ਤੋਂ ਹਰਾਉਣ ਵਾਲੀ ਸਮ੍ਰਿਤੀ ਇਰਾਨੀ ਨੂੰ ਔਰਤਾਂ ਅਤੇ ਬੱਚਿਆਂ ਦੇ ਵਿਕਾਸ ਬਾਰੇ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਗੱਠਜੋੜ ਭਾਈਵਾਲੀ ਨੂੰ ਮਿਲੇ ਮੰਤਰੀਆਂ ਦੇ ਅਹੁਦੇ :ਮੋਦੀ ਮੰਤਰੀ ਮੰਡਲ ਵਿਚ ਸ਼ਾਮਿਲ (57) ਮੰਤਰੀਆਂ ਵਿਚੋਂ (53) ਮੰਤਰੀ ਭਾਜਪਾ ਦੇ ਅਤੇ ਗਠਜੋੜ ਭਾਈਵਾਲਾਂ ਦੇ 4 ਮੰਤਰੀ ਹਨ। ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਨੂੰ ਮੁੜ ਫੂਡ ਪ੍ਰੋਸੈਸਿੰਗ, ਐਲ. ਜੇ.ਪੀ. ਦੇ ਰਾਮ ਵਿਲਾਸ ਪਾਸਵਾਨ ਨੂੰ ਮੁੜ ਖਪਤਕਾਰ ਮਾਮਲਿਆਂ ਬਾਰੇ ਤੇ ਸ਼ਿਵ ਸੈਨਾ ਦੇ ਅਰਵਿੰਦਰ ਸਾਵੰਤ ਨੂੰ ਭਾਰੀ ਉਦਯੋਗ ਮੰਤਰਾਲਾ ਸੌਂਪਿਆ ਗਿਆ, ਜੋ ਕਿ ਐਨ. ਡੀ. ਏ. (1) ਵਿਚ ਸ਼ਿਵ ਸੈਨਾ ਦੇ ਹੀ ਆਨੰਤ ਗੀਤੇ ਦੇ ਕੋਲ ਸੀ। ਇਸ ਤੋਂ ਇਲਾਵਾ ਰਿਪਬਲਿਕਨ ਪਾਰਟੀ ਦੇ ਨੇਤਾ ਰਾਮਦਾਸ ਅਠਾਵਲੇ ਨੂੰ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਬਾਰੇ ਰਾਜ ਮੰਤਰੀ ਬਣਾਇਆ ਗਿਆ ਹੈ। ਮੋਦੀ ਕੈਬਨਿਟ (2) ਵਿਚ ਅਪਨਾ ਦਲ ਸ਼ਾਮਿਲ ਨਹੀਂ ਹੈ ਜਦਕਿ ਜਨਤਾ ਦਲ (ਯੂ) ਨੇ ਸਰਕਾਰ ਵਿਚ ਸੰਕੇਤਕ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਨੰਬਰ ਦੋ ਬਣੇ ਅਮਿਤ ਸ਼ਾਹ
ਗੁਜਰਾਤ ਵਿਚ ਨਰਿੰਦਰ ਮੋਦੀ ਦੇ ਮੁੱਖ ਮੰਤਰੀ ਦੇ ਦੌਰ ‘ਚ ਸੂਬਾਈ ਗ੍ਰਹਿ ਮੰਤਰੀ ਦੀ ਭੂਮਿਕਾ ਨਿਭਾਉਣ ਵਾਲੇ ਅਮਿਤ ਸ਼ਾਹ ਹੁਣ ਰਾਸ਼ਟਰੀ ਪੱਧਰ ‘ਤੇ ਵੀ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਨਿਭਾਉਣਗੇ। ਸੀਨੀਅਰ ਨੇਤਾ ਰਾਜਨਾਥ ਸਿੰਘ ਤੋਂ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਲੈਣ ਵਾਲੇ ਅਮਿਤ ਸ਼ਾਹ ਦੀ ਭੂਮਿਕਾ ਹੁਣ ਨੰਬਰ ਦੋ ਦੀ ਹੋ ਜਾਏਗੀ।
ਗ੍ਰਹਿ ਮੰਤਰੀ ਬਣਨ ਤੋਂ ਬਾਅਦ ਸ਼ਾਹ ਨੂੰ ਅੰਦਰੂਨੀ ਸੁਰੱਖਿਆ, ਨਕਸਲਵਾਦ ਕਸ਼ਮੀਰ, ਅੱਤਵਾਦ ਅਤੇ ਗੈਰਕਾਨੂੰਨੀ ਤੌਰ ‘ਤੇ ਰਹਿ ਰਹੇ ਸ਼ਰਨਾਰਥੀਆਂ ਜਿਹੇ ਮੁੱਦਿਆਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਏਗਾ। ਚੋਣ ਪ੍ਰਚਾਰ ਅਤੇ ਹੋਰ ਬਿਆਨਾਂ ਵਿਚ ਅਮਿਤ ਸ਼ਾਹ ਨੇ ਸ਼ਰਨਾਰਥੀਆਂ ਦੇ ਮਾਮਲੇ ਵਿਚ ਸਖ਼ਤ ਰੁਖ਼ ਅਪਣਾਉਂਦਿਆਂ ਉਨ੍ਹਾਂ ਦੀ ਤੁਲਨਾ ਸਿਉਂਕ ਨਾਲ ਕਰਨ ਤੋਂ ਵੀ ਗੁਰੇਜ਼ ਨਾ ਕਰਦਿਆਂ ਕਿਹਾ ਸੀ ਕਿ ਇਹ ਲੋਕ (ਸ਼ਰਨਾਰਥੀ) ਸਾਡੇ ਲੋਕਾਂ ਦੇ ਅਨਾਜ ਅਤੇ ਰੁਜ਼ਗਾਰ ‘ਤੇ ਕਬਜ਼ਾ ਕਰ ਰਹੇ ਹਨ।
ਹੁਣ ਬਾਹਰੀ ਚੁਣੌਤੀਆਂ ਨਾਲ ਨਜਿੱਠਣਗੇ ਰਾਜਨਾਥ ਸਿੰਘ
ਪੰਜ ਸਾਲ ਐਨ. ਡੀ. ਏ.(1) ਵਿਚ ਗ੍ਰਹਿ ਮੰਤਰੀ ਵਜੋਂ ਅੰਦਰੂਨੀ ਚੁਣੌਤੀਆਂ ਨਾਲ ਨਜਿੱਠਣ ਵਾਲੇ ਰਾਜਨਾਥ ਸਿੰਘ ਹੁਣ ਬਾਹਰੀ ਚੁਣੌਤੀਆਂ ਦਾ ਸਾਹਮਣਾ ਕਰਨਗੇ। ਰਾਜਨਾਥ ਸਿੰਘ ਨੂੰ ਐਨ.ਡੀ. ਏ. (2) ਵਿਚ ਰੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸਹੁੰ ਚੁੱਕ ਸਮਾਗਮ ਵਿਚ ਸਭ ਦੀ ਨਿਗ੍ਹਾ ਰਾਜਨਾਥ ਸਿੰਘ ਬਨਾਮ ਅਮਿਤ ਸ਼ਾਹ ਦਰਮਿਆਨ ਅਣਐਲਾਨੇ ਮੁਕਾਬਲੇ ‘ਤੇ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਰਾਜਨਾਥ ਸਿੰਘ ਦੇ ਸਹੁੰ ਚੁੱਕਣ ‘ਤੇ ਇਹ ਕਿਆਸ ਲਗਾਏ ਜਾਣ ਲੱਗੇ ਕਿ ਗ੍ਰਹਿ ਮੰਤਰਾਲੇ ਦੀ ਜ਼ਿੰਮੇਵਾਰੀ ਮੁੜ ਰਾਜਨਾਥ ਸਿੰਘ ਦੇ ਹੀ ਸਪੁਰਦ ਕੀਤੀ ਜਾਏਗੀ। ਪਰ ਵਿਭਾਗਾਂ ਦੀ ਵੰਡ ਮੁਤਾਬਿਕ ਅਮਿਤ ਸ਼ਾਹ ਨੂੰ ਗ੍ਰਹਿ ਮੰਤਰਾਲਾ ਅਤੇ ਰਾਜਨਾਥ ਸਿੰਘ ਨੂੰ ਰੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ।
‘ਸਰਪ੍ਰਾਈਜ਼ ਫੈਕਟਰ’ ਰਹੇ ਵਿਦੇਸ਼ ਮੰਤਰੀ ਜੈਸ਼ੰਕਰ
ਸਾਬਕਾ ਵਿਦੇਸ਼ ਸਕੱਤਰ ਐਸ. ਜੈਸ਼ੰਕਰ ਦੀ ਮੰਤਰੀ ਮੰਡਲ ਵਿਚ ਸ਼ਮੂਲੀਅਤ ਹੀ ਕਿਆਸਾਂ ਤੋਂ ਪਰ੍ਹੇ ਸੀ। ਵਿਦੇਸ਼ ਮੰਤਰੀ ਵਜੋਂ ਉਨ੍ਹਾਂ ਦੇ ਨਾਮ ਦੇ ਐਲਾਨ ਨੂੰ ਵੀ ‘ਸਰਪ੍ਰਾਈਜ਼ ਫੈਕਟਰ’ ਹੀ ਮੰਨਿਆ ਜਾ ਰਿਹਾ ਹੈ। ਜੈਸ਼ੰਕਰ ਪਹਿਲੇ ਵਿਦੇਸ਼ ਮੰਤਰੀ ਹਨ ਜੋ ਵਿਦੇਸ਼ ਸਕੱਤਰ ਰਹਿ ਚੁੱਕੇ ਹਨ। ਜਨਵਰੀ 2015 ਤੋਂ ਜਨਵਰੀ 2018 ਤੱਕ ਵਿਦੇਸ਼ ਸਕੱਤਰ ਦੇ ਅਹੁਦੇ ‘ਤੇ ਰਹਿਣ ਵਾਲੇ ਜੈਸ਼ੰਕਰ ਨੂੰ ਖਾਸ ਤੌਰ ‘ਤੇ ਚੀਨ ਦੇ ਮਾਮਲਿਆਂ ਦਾ ਮਾਹਿਰ ਮੰਨਿਆ ਜਾਂਦਾ ਹੈ। ਹਾਲੀਆ ਅਤੀਤ ਵਿਚ ਚੀਨ ਨਾਲ ਡੋਕਲਾਮ ਵਿਵਾਦ ਸੁਲਝਾਉਣ ਵਿਚ ਜੈਸ਼ੰਕਰ ਨੇ ਅਹਿਮ ਭੂਮਿਕਾ ਨਿਭਾਈ ਸੀ। ਆਈ. ਐਫ.ਐਸ. ਅਧਿਕਾਰੀ ਜੈਸ਼ੰਕਰ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਵੀ ਪਸੰਦ ਦੇ ਸਨ।
ਨਿਰਮਲਾ ਸੀਤਾਰਮਨ ਪਹਿਲੀ ਮਹਿਲਾ ਵਿੱਤ ਮੰਤਰੀ
ਨਿਰਮਲਾ ਸੀਤਾਰਮਨ ਉਨ੍ਹਾਂ ਮਹਿਲਾ ਨੇਤਾਵਾਂ ਵਿਚੋਂ ਇਕ ਹੈ ਜੋ ਬੇਹੱਦ ਘੱਟ ਸਮੇਂ ‘ਚ ਰਾਜਨੀਤੀ ਦੇ ਸ਼ਿਖਰ ਤੱਕ ਪਹੁੰਚੀਆਂ ਹਨ। ਦੇਸ਼ ਦੀ ਪਹਿਲੀ ਮਹਿਲਾ ਰੱਖਿਆ ਮੰਤਰੀ ਹੋਣ ਦਾ ਮਾਣ ਵੀ ਉਨ੍ਹਾਂ ਦੇ ਨਾਮ ਹੈ ਅਤੇ ਹੁਣ ਦੇਸ਼ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਬਣ ਗਈ ਹੈ ਹਾਲਾਂਕਿ ਉਨ੍ਹਾਂ ਤੋਂ ਪਹਿਲਾਂ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਦੇ ਨਾਲ-ਨਾਲ ਵਿੱਤ ਮੰਤਰੀ ਦਾ ਕਾਰਜਭਾਰ 16 ਜੁਲਾਈ 1969 ਤੋਂ ਜੂਨ 1970 ਤੱਕ ਸੰਭਾਲਿਆ ਸੀ ਪਰ ਅਜੇ ਤੱਕ ਕਿਸੇ ਵੀ ਮਹਿਲਾ ਨੂੰ ਵਿੱਤ ਮੰਤਰੀ ਦੇ ਤੌਰ ‘ਤੇ ਸੁਤੰਤਰ ਅਹੁਦਾ ਨਹੀਂ ਮਿਲਿਆ ਸੀ। ਇਸ ਕਾਰਨ ਨਿਰਮਲਾ ਸੀਤਾਰਮਨ ਦੇਸ਼ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਬਣ ਗਈ ਹੈ।

Check Also

ਹਰੇਕ ਜੋੜੇ ਨੂੰ ਘੱਟੋ-ਘੱਟ ਤਿੰਨ ਬੱਚੇ ਪੈਦਾ ਕਰਨੇ ਚਾਹੀਦੇ ਨੇ: ਭਾਗਵਤ

ਨਾਗਪੁਰ (ਮਹਾਰਾਸ਼ਟਰ)/ਬਿਊਰੋ ਨਿਊਜ਼ : ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਆਬਾਦੀ …