ਮਹਿਲਾ ਪਹਿਲਵਾਨ ਜਿਣਸੀ ਸੋਸ਼ਣ ਮਾਮਲੇ ’ਚ 20 ਜੁਲਾਈ ਤੱਕ ਮਿਲੀ ਅੰਤਿ੍ਰਮ ਜ਼ਮਾਨਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬਿ੍ਰਜ ਭੂਸ਼ਣ ਸ਼ਰਣ ਸਿੰਘ ਅਤੇ ਉਨ੍ਹਾਂ ਦੇ ਸੈਕਟਰੀ ਵਿਨੋਦ ਤੋਮਰ ਨੂੰ ਮਹਿਲਾ ਪਹਿਲਵਾਨ ਜਿਣਸੀ ਸ਼ੋਸ਼ਣ ਮਾਮਲੇ ’ਚ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੇ ਅੰਤਿ੍ਰਮ ਜ਼ਮਾਨਤ ਦੇ ਦਿੱਤੀ ਹੈ। ਦਿੱਲੀ ਪੁਲਿਸ ਵੱਲੋਂ ਅਦਾਲਤ ’ਚ ਅਤੁਲ ਸ੍ਰੀਵਾਸਤਵ ਸਰਕਾਰੀ ਵਕੀਲ ਵਜੋਂ ਪੇਸ਼ ਹੋਏ ਅਤੇ ਕੋਰਟ ਨੇ ਉਨ੍ਹਾਂ ਨੂੰ ਪੁੱਛਿਆ ਕਿ ਜ਼ਮਾਨਤ ਦੇ ਲਈ ਤੁਹਾਡੇ ਕੋਲ ਕੀ ਤਰਕ ਹੈ? ਇਸ ਦੇ ਜਵਾਬ ’ਚ ਦਿੱਲੀ ਪੁਲਿਸ ਨੇ ਕਿਹਾ ਕਿ ਅਸੀਂ ਬਿ੍ਰਜ ਭੂਸ਼ਣ ਸ਼ਰਣ ਸਿੰਘ ਨੂੰ ਗਿ੍ਰਫ਼ਤਾਰ ਹੀ ਨਹੀਂ ਕੀਤਾ। ਇਸ ’ਤੇ ਕੋਰਟ ਨੇ ਬਿ੍ਰਜਭੂਸ਼ਣ ਨੂੰ 20 ਜੁਲਾਈ ਤੱਕ ਅੰਤਿ੍ਰਮ ਜ਼ਮਾਨਤ ਦੇ ਦਿੱਤੀ। ਅਦਾਲਤ ਨੇ ਬਿ੍ਰਜ ਭੂਸ਼ਣ ਤੋਂ ਇਲਾਵਾ ਦੂਜੇ ਆਰੋਪੀ ਵਿਨੋਦ ਤੋਮਰ ਨੂੰ ਵੀ 25 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ’ਤੇ ਅੰਤਿ੍ਰਮ ਜ਼ਮਾਨਤ ਦੇ ਦਿੱਤੀ। ਧਿਆਨ ਰਹੇ ਕਿ 6 ਮਹਿਲਾ ਪਹਿਲਵਾਨਾਂ ਨੇ ਬਿ੍ਰਜਭੂਸ਼ਣ ’ਤੇ ਜਿਣਸੀ ਸੋਸ਼ਣ ਦੇ ਆਰੋਪ ਲਗਾਏ ਸਨ ਅਤੇ ਇਸ ਮਾਮਲੇ ’ਚ ਦਿੱਲੀ ਪੁਲਿਸ ਨੇ ਲੰਘੇ ਦਿਨੀਂ ਰਾਊਜ ਐਵੇਨਿਊ ਅਦਾਲਤ ’ਚ ਚਾਰਜਸ਼ੀਟ ਦਾਖਲ ਕੀਤੀ ਸੀ। ਚਾਰਜਸ਼ੀਟ ’ਤੇ ਐਕਸ਼ਨ ਲੈਂਦਿਆਂ ਦਿੱਲੀ ਕੋਰਟ ਨੇ ਅੱਜ ਮੰਗਲਵਾਰ ਨੂੰ ਬਿ੍ਰਜਭੂਸ਼ਣ ਸ਼ਰਣ ਸਿੰਘ ਨੂੰ ਅਦਾਲਤ ’ਚ ਤਲਬ ਕੀਤਾ ਸੀ। ਬਿ੍ਰਜਭੂਸ਼ਣ ਕੋਰਟ ’ਚ ਪੇਸ਼ ਹੋਏ ਅਤੇ ਕੋਰਟ ਨੇ ਉਨ੍ਹਾਂ ਨੂੰ ਅੰਤਿ੍ਰਮ ਜ਼ਮਾਨਤ ਦੇ ਦਿੱਤੀ। ਇਸ ਮਾਮਲੇ ਦੀ ਅਗਲੀ ਸੁਣਵਾਈ 20 ਜੁਲਾਈ ਨੂੰ ਹੋਵੇਗੀ।