Breaking News
Home / ਭਾਰਤ / ਅਯੁੱਧਿਆ ਵਿਚ ਰਾਮ ਮੰਦਰ ਵਿਖੇ ਨਤਮਸਤਕ ਹੋਏ ਪ੍ਰਧਾਨ ਮੰਤਰੀ ਮੋਦੀ

ਅਯੁੱਧਿਆ ਵਿਚ ਰਾਮ ਮੰਦਰ ਵਿਖੇ ਨਤਮਸਤਕ ਹੋਏ ਪ੍ਰਧਾਨ ਮੰਤਰੀ ਮੋਦੀ

ਅਯੁੱਧਿਆ(ਯੂਪੀ)/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅਯੁੱਧਿਆ ਦੇ ਰਾਮ ਮੰਦਰ ਵਿਚ ਮੱਥਾ ਟੇਕਿਆ। ਮੋਦੀ ਨੇ ਮਗਰੋਂ ਸ਼ਹਿਰ ਵਿਚ ਰੋਡ ਸ਼ੋਅ ਵੀ ਕੱਢਿਆ। ਇਸ ਸਾਲ 22 ਜਨਵਰੀ ਨੂੰ ਰਾਮ ਮੰਦਰ ਵਿਚ ਪ੍ਰਾਣ ਪ੍ਰਤਿਸ਼ਠਾ (ਮੂਰਤੀ ਸਥਾਪਨਾ) ਦੀ ਰਸਮ ਤੋਂ ਬਾਅਦ ਮੋਦੀ ਦੀ ਅਯੁੱਧਿਆ ਦੀ ਇਹ ਪਲੇਠੀ ਫੇਰੀ ਹੈ।
ਲੋਕ ਸਭਾ ਚੋਣਾਂ ਦੇ ਤੀਜੇ ਗੇੜ ਤੋਂ ਦੋ ਦਿਨ ਪਹਿਲਾਂ ਟੀਵੀ ‘ਤੇ ਪ੍ਰਸਾਰਿਤ ਰਸਮ ਦੌਰਾਨ ਸ੍ਰੀ ਮੋਦੀ ਰਾਮ ਲੱਲਾ ਦੀ ਮੂਰਤੀ ਅੱਗੇ ਦੰਡਵਤ ਪ੍ਰਣਾਮ ਕਰਦੇ ਨਜ਼ਰ ਆਏ। ਮੋਦੀ ਨੇ ਦਿਨ ਵੇਲੇ ਇਟਾਵਾ ਤੇ ਸੀਤਾਪੁਰ ਵਿਚ ਚੋਣ ਰੈਲੀਆਂ ਨੂੰ ਵੀ ਸੰਬੋਧਨ ਕੀਤਾ।
ਮੰਦਰ ਦੇ ਦਾਖਲਾ ਗੇਟਾਂ ਨੂੰ ‘ਓਮ’ ਦੇ ਆਕਾਰ ਵਿਚ ਪੀਲੇ ਫੁੱਲਾਂ ਦੀਆਂ ਪੱਤੀਆਂ ਨਾਲ ਸਜਾਇਆ ਗਿਆ ਸੀ। ਕਈ ਥਾਵਾਂ ‘ਤੇ ਫੁੱਲਾਂ ਦੀ ਮਦਦ ਨਾਲ ਤਿਆਰ ਤੀਰ ਤੇ ਕਮਾਨ ਵੀ ਨਜ਼ਰ ਆਏ।
ਰਾਮ ਜਨਮਭੂਮੀ ਤੀਰਥ ਕਸ਼ੇਤਰ ਮੁਤਾਬਕ ਮੰਦਰ ਵਿਚ ਰਾਮ ਲੱਲਾ ਦੀ ਮੂਰਤੀ ਨੂੰ ਹਲਕੇ ਗੁਲਾਬੀ ਰੰਗ ਦੇ ਵਸਤਰ ਪਹਿਨਾਏ ਗਏ ਸਨ। ਮੋਦੀ ਨੇ ਐਕਸ ‘ਤੇ ਇਕ ਪੋਸਟ ਵਿਚ ਕਿਹਾ, ”ਅਯੁੱਧਿਆ ਦੇ ਲੋਕਾਂ ਦਾ ਦਿਲ ਭਗਵਾਨ ਸ੍ਰੀ ਰਾਮ ਜਿੰਨਾ ਵੱਡਾ ਹੈ। ਰੋਡ ਸ਼ੋਅ ਦੌਰਾਨ ਆਪਣਾ ਅਸ਼ੀਰਵਾਦ ਦੇਣ ਆਏ ਲੋਕਾਂ ਨੂੰ ਵਧਾਈਆਂ!”
ਫੈਜ਼ਾਬਾਦ ਲੋਕ ਸਭਾ ਸੀਟ, ਜਿਸ ਅਧੀਨ ਅਯੁੱਧਿਆ ਜ਼ਿਲ੍ਹਾ ਪੈਂਦਾ ਹੈ, ਲਈ ਵੋਟਾਂ ਪੰਜਵੇਂ ਗੇੜ ਤਹਿਤ 20 ਮਈ ਨੂੰ ਪੈਣਗੀਆਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਵਿਚ ਪੂਜਾ ਅਰਚਨਾ ਮਗਰੋਂ ਰੋਡਸ਼ੋਅ ਵੀ ਕੱਢਿਆ। ਇਸ ਮੌਕੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਭਾਜਪਾ ਦੇ ਫੈਜ਼ਾਬਾਦ ਤੋਂ ਉਮੀਦਵਾਰ ਲਾਲੂ ਸਿੰਘ ਵੀ ਉਨ੍ਹਾਂ ਨਾਲ ਮੌਜੂਦ ਸਨ। ਸੜਕਾਂ ਦੇ ਦੋਵੇਂ ਕੰਢੇ ਖੜ੍ਹੇ ਲੋਕਾਂ ਨੇ ਰੋਡਸ਼ੋਅ ਵਿਚ ਸ਼ਾਮਲ ਮੋਦੀ ਦੀਆਂ ਗੱਡੀਆਂ ਦੇ ਕਾਫ਼ਲੇ ਦਾ ਸਵਾਗਤ ਕੀਤਾ। ਸਾੜ੍ਹੀ ਵਿਚ ਸਜੀਆਂ ਮਹਿਲਾਵਾਂ ਦਾ ਇਕ ਸਮੂਹ ਪ੍ਰਧਾਨ ਮੰਤਰੀ ਦੇ ਵਾਹਨ ਅੱਗ ਚੱਲ ਰਿਹਾ ਸੀ।
ਮੋਦੀ, ਜਿਨ੍ਹਾਂ ਦੇ ਹੱਥ ਵਿਚ ਜਗਮਗਾਉਂਦਾ ਕਮਲ ਫੜਿਆ ਸੀ, ਨੇ ਹੱਥ ਹਿਲਾ ਕੇ ਲੋਕਾਂ ਦਾ ਪਿਆਰ ਕਬੂਲਿਆ। ਰੋਡਸ਼ੋਅ ਮੰਦਿਰ ਦੇ ਦਾਖਲਾ ਦੁਆਰ ਤੋਂ ਸ਼ੁਰੂ ਹੋ ਕੇ ਦੋ ਕਿਲੋਮੀਟਰ ਦੂਰ ਨਯਾ ਘਾਟ ਰੋਡ ਚੌਰਾਹੇ ‘ਤੇ ਸਮਾਪਤ ਹੋਇਆ।
ਆਪਣੇ ਬੱਚਿਆਂ ਦੇ ਭਵਿੱਖ ਲਈ ਚੋਣ ਲੜ ਰਹੇ ਹਨ ਸਪਾ ਅਤੇ ਕਾਂਗਰਸ : ਮੋਦੀ
ਮੰਤਰੀ ਨਰਿੰਦਰ ਮੋਦੀ ਨੇ ਸਮਾਜਵਾਦੀ ਪਾਰਟੀ ਤੇ ਕਾਂਗਰਸ ‘ਤੇ ਪਰਿਵਾਰਵਾਦੀ ਸਿਆਸਤ ਕਰਨ ਦਾ ਆਰੋਪ ਲਾਉਂਦਿਆਂ ਕਿਹਾ ਕਿ ਵਿਰੋਧੀ ਗੱਠਜੋੜ ਦੇ ਭਾਈਵਾਲ ਸਿਰਫ਼ ਆਪਣੇ ਪਰਿਵਾਰਾਂ ਤੇ ਆਪਣੀਆਂ ਪੀੜ੍ਹੀਆਂ ਦਾ ਭਵਿੱਖ ਬਣਾਉਣ ਲਈ ਚੋਣ ਲੜ ਰਹੀਆਂ ਹਨ। ਸਮਾਜਵਾਦੀ ਪਾਰਟੀ ਦੇ ਬਾਨੀ ਮਰਹੂਮ ਮੁਲਾਇਮ ਸਿੰਘ ਯਾਦਵ ਦੇ ਘਰੇਲੂ ਜ਼ਿਲ੍ਹੇ ‘ਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘ਮੋਦੀ ਤੇ ਯੋਗੀ ਹੀ ਤੁਹਾਡੇ ਬੱਚਿਆਂ ਦੇ ਭਵਿੱਖ ਲਈ ਕੰਮ ਕਰ ਰਹੇ ਹਨ। ਸਾਡੇ ਆਪਣੇ ਕੋਈ ਬੱਚੇ ਨਹੀਂ ਹਨ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਦੀ ਨੀਂਹ ਰੱਖ ਰਹੇ ਹਨ ਕਿ ਭਾਰਤ ਅਗਲੇ ਇੱਕ ਹਜ਼ਾਰ ਸਾਲ ਤੱਕ ਸ਼ਕਤੀਸ਼ਾਲੀ ਮੁਲਕ ਬਣਿਆ ਰਹੇ। ਉਨ੍ਹਾਂ ਕਿਹਾ, ‘ਮੋਦੀ ਅਜਿਹਾ ਇਸ ਲਈ ਕਰ ਰਿਹਾ ਹੈ ਕਿਉਂਕਿ ਮੋਦੀ ਰਹੇ ਜਾਂ ਨਾ ਰਹੇ, ਦੇਸ਼ ਤਾਂ ਰਹੇਗਾ ਹੀ ਅਤੇ ਇਹ ਸਪਾ-ਕਾਂਗਰਸ ਵਾਲੇ ਕੀ ਕਰ ਰਹੇ ਹਨ? ਉਹ ਆਪਣੇ ਭਵਿੱਖ ਜਾਂ ਆਪਣੇ ਬੱਚਿਆਂ ਦੇ ਭਵਿੱਖ ਲਈ ਚੋਣ ਲੜ ਰਹੇ ਹਨ।’

 

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 45 ਘੰਟੇ ਕੀਤੀ ਧਿਆਨ ਸਾਧਨਾ

ਵਿਵੇਕਾਨੰਦ ਮੈਮੋਰੀਅਲ ’ਚ 3 ਦਿਨ ਰਹੇ, ਧਿਆਨ ਮੰਡਪਮ ਦੀ ਕੀਤੀ ਪਰਿਕਰਮਾ ਕੰਨਿਆ ਕੁਮਾਰੀ/ਬਿਊਰੋ ਨਿਊਜ਼ : …