ਹਵਾਈ ਸਫ਼ਰ ਦੇ ਵੀ ਸਸਤਾ ਹੋਣ ਦੀ ਸੰਭਾਵਨਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਜੂਨ ਮਹੀਨੇ ਦੀ ਪਹਿਲੀ ਤਰੀਕ ਨੂੰ ਜਿੱਥੇ 8 ਸੂਬਿਆਂ ਦੀ 57 ਲੋਕ ਸਭਾ ਸੀਟਾਂ ’ਤੇ ਆਖਰੀ ਗੇੜ ਤਹਿਤ ਵੋਟਾਂ ਪਾਈਆਂ ਜਾ ਰਹੀਆਂ ਹਨ। ਉਥੇ ਹੀ ਤੇਲ ਕੰਪਨੀਆਂ ਨੇ ਅੱਜ ਕਮਰਸ਼ੀਅਲ ਗੈਸ ਸਿਲੰਡਰ 72 ਰੁਪਏ ਸਸਤਾ ਕਰ ਦਿੱਤਾ ਹੈ। ਦਿੱਲੀ ’ਚ ਹੁਣ 69.50 ਰੇਟ ਘਟਣ ਦੇ ਨਾਲ ਕਮਰਸ਼ੀਅਲ ਗੈਸ ਸਿਲੰਡਰ 1676 ਰੁਪਏ ਵਿਚ ਮਿਲੇਗਾ ਜਦਕਿ ਇਸ ਤੋਂ ਪਹਿਲਾਂ ਇਹ ਗੈਸ ਸਿਲੰਡਰ 1745 ਰੁਪਏ ਵਿਚ ਮਿਲ ਰਿਹਾ ਸੀ। ਉਥੇ ਹੀ ਕੋਲਕਾਤਾ ’ਚ ਇਹ ਸਿਲੰਡਰ ਹੁਣ 72 ਰੁਪਏ ਘਟ ਕੇ 1787 ਰੁਪਏ ਵਿਚ ਮਿਲੇਗਾ ਜਦਕਿ ਇਸ ਤੋਂ ਪਹਿਲਾਂ ਇਥੇ ਇਹ ਸਿਲੰਡਰ 1859 ਰੁਪਏ ਵਿਚ ਮਿਲਦਾ ਸੀ। ਮੁੰਬਈ ਵਿਚ ਇਹ ਸਿਲੰਡਰ ਹੁਣ 1629 ਵਿਚ ਮਿਲੇਗਾ। ਹਾਲਾਂਕਿ 14.2 ਕਿਲੋਗ੍ਰਾਮ ਵਾਲੇ ਘਰੇਲੂ ਗੈਸ ਸਿਲੰਡਰ ਦੇ ਕੀਮਤਾਂ ’ਚ ਤੇਲ ਕੰਪਨੀਆਂ ਵੱਲੋਂ ਕੋਈ ਬਦਲਾਅ ਨਹੀਂ ਕੀਤਾ ਗਿਆ। ਉਧਰ ਏਵੀਏਸ਼ਨ ਟਰਬਾਈਨ ਫਿਊਲ ਦੀਆਂ ਕੀਮਤਾਂ ਘਟਣ ਦੇ ਨਾਲ ਹਵਾਈ ਸਫ਼ਰ ਵੀ ਸਸਤਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।