
ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕੀਰ ਸਟਾਰਮਰ ਦਾ ਪਹਿਲਾ ਭਾਰਤ ਦੌਰਾ
ਮੁੰਬਈ/ਬਿਊਰੋ ਨਿਊਜ਼
ਬਿ੍ਰਟਿਸ਼ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਆਪਣੇ ਦੋ ਦਿਨਾ ਭਾਰਤ ਦੌਰੇ ਤਹਿਤ ਅੱਜ ਮੁੰਬਈ ਪਹੁੰਚੇ ਹਨ। ਸਟਾਰਮਰ ਦੇ ਨਾਲ ਵਪਾਰ ਅਤੇ ਦੂਜੇ ਖੇਤਰਾਂ ਨਾਲ ਸਬੰਧਤ 100 ਤੋਂ ਵੱਧ ਵਿਅਕਤੀਆਂ ਦਾ ਇਕ ਵਫਦ ਵੀ ਭਾਰਤ ਪਹੁੰਚਿਆ ਹੈ। ਇਸ ਵਫਦ ਵਿਚ ਆਈ.ਟੀ. ਅਤੇ ਆਟੋ ਮੋਬਾਇਲ ਸਣੇ ਕਈ ਖੇਤਰਾਂ ਦੇ ਕਾਰੋਬਾਰੀ ਵੀ ਸ਼ਾਮਲ ਹਨ। ਇਸਦੇ ਚੱਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕੀਅਰ ਸਟਾਰਮਰ ਨੂੰ ਜੀ ਆਇਆਂ ਕਿਹਾ ਹੈ। ਨਰਿੰਦਰ ਮੋਦੀ ਅਤੇ ਕੀਅਰ ਸਟਾਰਮਰ ਦੀ ਭਲਕੇ ਮੁੰਬਈ ਵਿਚ ਹੀ ਮੁਲਾਕਾਤ ਹੋਣੀ ਹੈ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸਟਾਰਮਰ ਦਾ ਇਹ ਪਹਿਲਾ ਭਾਰਤ ਦੌਰਾ ਹੈ। ਇਸੇ ਦੌਰਾਨ ਸਟਾਰਮਰ ਨੇ ਮੁੰਬਈ ਵਿਚ ਯਸ਼ਰਾਜ ਸਟੂਡੀਓ ਦਾ ਦੌਰਾ ਵੀ ਕੀਤਾ ਅਤੇ ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਨਾਲ ਇਕ ਫਿਲਮ ਵੀ ਦੇਖੀ ਹੈ।

