ਕਰੋਨਾ ਕਾਲ ਸਮੇਂ ਵਿਧਾਇਕ ਅੰਗੁਰਾਲ ’ਤੇ ਮਾਮਲਾ ਕੀਤਾ ਗਿਆ ਸੀ ਦਰਜ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੇ ਜਲੰਧਰ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਅੱਜ ਕੋਰਟ ਨੇ ਗੈਂਬਲਿੰਗ ਭਾਵ ਜੂਆ ਐਕਟ ਦੇ ਇਕ ਪੁਰਾਣੇ ਮਾਮਲੇ ਵਿਚੋਂ ਬਰੀ ਕਰ ਦਿੱਤਾ ਹੈ। ਬਰੀ ਹੋਣ ਤੋਂ ਬਾਅਦ ਵਿਧਾਇਕ ਅੰਗੁਰਾਲ ਨੇ ਕਿਹਾ ਕਿ ਕਰੋਨਾ ਕਾਲ ਸਮੇਂ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ’ਤੇ ਇਹ ਝੂਠਾ ਮੁਕੱਦਮਾ ਦਰਜ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਮੈਨੂੰ ਪੂਰੀ ਉਮੀਦ ਸੀ ਕਿ ਇਸ ਮਾਮਲੇ ਵਿਚ ਮੈਨੂੰ ਜਲਦੀ ਹੀ ਇਨਸਾਫ਼ ਮਿਲੇਗਾ। ਇਸ ਮਾਮਲੇ ’ਚ ਉਨ੍ਹਾਂ ਖਿਲਾਫ ਕੋਰਟ ਨੂੰ ਕੋਈ ਸਬੂਤ ਨਹੀਂ ਮਿਲਿਆ। ਕਰੋਨਾ ਸਮੇਂ ਜਲੰਧਰ ਦੇ ਥਾਣਾ ਭਾਰਗਵ ਕੈਂਪ ਦੀ ਪੁਲਿਸ ਨੇ ਗੋਲਾ ਨਾਮੀ ਵਿਅਕਤੀ ਦੇ ਘਰ ਰੇਡ ਕਰਕੇ ਸ਼ੀਤਲ ਅੰਗੁਰਾਲ ਸਮੇਤ 10 ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਸੀ। ਗਿ੍ਰਫ਼ਤਾਰੀ ਦੌਰਾਨ ਇਨ੍ਹਾਂ ਵਿਅਕਤੀਆਂ ਕੋਲੋਂ 2 ਲੱਖ 595 ਰੁਪਏ ਕੈਸ਼ ਵੀ ਬਰਾਮਦ ਹੋਇਆ ਸੀ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਇਸ ਮਾਮਲੇ ’ਚ 13 ਵਿਅਕਤੀਆਂ ਨੂੰ ਆਰੋਪੀ ਬਣਾਇਆ ਗਿਆ ਸੀ। ਜਿਨ੍ਹਾਂ ਵਿਚ ਸ਼ੀਤਲ ਅੰਗੁਰਾਲ, ਬਲਦੇਵ ਰਾਜ, ਕਪਿਲ ਕੁਮਾਰ, ਅਤੁਲ, ਦੀਪਕ, ਸੁਖਪ੍ਰੀਤ, ਨਵੀਨ ਮਹਾਜਨ, ਅਜੇ ਵਰਮਾ ਅਤੇ ਕੀਰਤੀ ਗੋਸਵਾਮੀ ਆਦਿ ਦੇ ਨਾਮ ਸ਼ਾਮਲ ਸਨ। ਜਿਸ ਸਮੇਂ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਸੀ ਉਸ ਸਮੇਂ ਸ਼ੀਤਲ ਅੰਗੁਰਾਲ ਭਾਜਪਾ ਵਿਚ ਸਨ ਅਤੇ ਗਿ੍ਰਫ਼ਤਾਰੀ ਤੋਂ ਬਾਅਦ ਅੰਗੁਰਾਲ ਨੇ ਆਪਣੀ ਗਿ੍ਰਫ਼ਤਾਰੀ ਨੂੰ ਗਲਤ ਦੱਸਿਆ ਸੀ, ਜਿਸ ਨੂੰ ਲੈ ਕੇ ਥਾਣੇ ਦੇ ਬਾਹਰ ਹੰਗਾਮਾ ਵੀ ਹੋਇਆ ਸੀ।