
ਕਿਹਾ : ਸੂਬਾ ਸਰਕਾਰ ਨੇ ਕੇਂਦਰ ਦੀ ਭਾਜਪਾ ਸਰਕਾਰ ਦੇ ਕਹਿਣ ’ਤੇ ਹਟਾਏ ਮੋਰਚੇ
ਪਟਿਆਲਾ/ਬਿਊਰੋ ਨਿਊਜ਼
ਜੇਲ੍ਹੋਂ ਰਿਹਾਅ ਹੋ ਕੇ ਪਰਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪਟਿਆਲਾ ਵਿਚ ਪ੍ਰੈਸ ਕਾਨਫਰੰਸ ਕੀਤੀ ਹੈ। ਉਨ੍ਹਾਂ ਕਿਸਾਨ ਮੋਰਚੇ ਹਟਾਉਣ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੂੰ ਲੰਮੇ ਹੱਥੀਂ ਲਿਆ ਹੈ। ਉਹਨਾਂ ਆਰੋਪ ਲਾਇਆ ਕਿ ਇਹ ਸਭ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੇਂਦਰ ਦੀ ਭਾਜਪਾ ਸਰਕਾਰ ਦੇ ਕਹਿਣ ’ਤੇ ਕੀਤਾ ਹੈ। ਉਹਨਾਂ ਇਹ ਵੀ ਆਖਿਆ ਕਿ ਹੁਣ ਸਾਬਤ ਹੋ ਗਿਆ ਹੈ ਕਿ 2027 ਦੀਆਂ ਪੰਜਾਬ ਚੋਣਾਂ ਭਾਜਪਾ ਤੇ ‘ਆਪ’ ਇੱਕਜੁੱਟ ਹੋ ਕੇ ਲੜਨਗੇ। ਪੰਧੇਰ ਨੇ ਕਿਸਾਨ ਜਥੇਬੰਦੀਆਂ ਵਿੱਚ ਏਕਤਾ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਹਨਾਂ ਦਾ ਕਹਿਣਾ ਸੀ ਕਿ ਬਿਨਾਂ ਸ਼ੱਕ ਆਪਸੀ ਮੱਤਭੇਦ ਹੁੰਦੇ ਹਨ, ਪਰ ਸਰਕਾਰਾਂ ਦੇ ਖਿਲਾਫ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਲੜਨਾ ਚਾਹੀਦਾ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਸਰਵਣ ਸਿੰਘ ਪੰਧੇਰ ਸਮੇਤ ਵੱਡੀ ਗਿਣਤੀ ਕਿਸਾਨਾਂ ਨੂੰ ਜੇਲ੍ਹਾਂ ਵਿਚੋਂ ਰਿਹਾਅ ਕਰ ਦਿੱਤਾ ਹੈ।