13.2 C
Toronto
Tuesday, October 14, 2025
spot_img
Homeਪੰਜਾਬਕੇਂਦਰ ਸਰਕਾਰ ਨੇ ਪੰਜਾਬ 'ਚ ਆਮ ਆਦਮੀ ਕਲੀਨਿਕਾਂ ਦੀ ਕਾਰਗੁਜ਼ਾਰੀ 'ਤੇ ਤਸੱਲੀ...

ਕੇਂਦਰ ਸਰਕਾਰ ਨੇ ਪੰਜਾਬ ‘ਚ ਆਮ ਆਦਮੀ ਕਲੀਨਿਕਾਂ ਦੀ ਕਾਰਗੁਜ਼ਾਰੀ ‘ਤੇ ਤਸੱਲੀ ਪ੍ਰਗਟਾਈ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਦੇ ਆਮ ਆਦਮੀ ਮਹੱਲਾ ਕਲੀਨਿਕਾਂ ਦੀ ਪਹਿਲਕਦਮੀ ‘ਤੇ ਕੇਂਦਰ ਸਰਕਾਰ ਨੇ ਤਸੱਲੀ ਪ੍ਰਗਟਾਈ ਹੈ। ਪੰਜਾਬ ਸਰਕਾਰ ਦੇ ਬੁਲਾਰੇ ਅਨੁਸਾਰ ਡਿਪਟੀ ਡਾਇਰੈਕਟਰ ਜਨਰਲ, ਆਯੂਸ਼, ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲਾ ਦੇ ਡਾ. ਏ.ਰਘੂ ਦੀ ਅਗਵਾਈ ਹੇਠ 16 ਮੈਂਬਰੀ ਟੀਮ ਨੇ 4 ਤੋਂ 11 ਨਵੰਬਰ ਤੱਕ ਫ਼ਿਰੋਜ਼ਪੁਰ ਅਤੇ ਰੂਪਨਗਰ ਜ਼ਿਲ੍ਹਿਆਂ ਦਾ ਦੌਰਾ ਕੀਤਾ ਸੀ।
ਸੂਬਾ ਸਰਕਾਰ ਦੀਆਂ ਪਹਿਲਕਦਮੀਆਂ ‘ਤੇ ਤਸੱਲੀ ਜ਼ਾਹਿਰ ਕਰਦਿਆਂ ਟੀਮ ਨੇ ਕਿਹਾ ਕਿ ਰਾਜ ਵਿੱਚ ਵੱਧ ਤੋਂ ਵੱਧ ਸੰਸਥਾਗਤ ਜਣੇਪੇ ਹੋ ਰਹੇ ਹਨ ਅਤੇ ਗਰਭਵਤੀ ਔਰਤਾਂ ਨੂੰ ਸਾਰੀਆਂ ਸਿਹਤ ਸਹੂਲਤਾਂ ਵਿੱਚ ਮਿਆਰੀ ਖ਼ੁਰਾਕ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਜ਼ਿਆਦਾਤਰ ਔਰਤਾਂ ਨੂੰ ਡੀਬੀਟੀ ਰਾਹੀਂ ਜੀਐਸਵਾਈ ਦੀ ਅਦਾਇਗੀ ਕੀਤੀ ਗਈ ਹੈ।
ਇਸੇ ਤਰ੍ਹਾਂ ਜ਼ਿਆਦਾਤਰ ਸਿਹਤ ਸੰਸਥਾਵਾਂ ਵਿੱਚ ਪਰਿਵਾਰ ਯੋਜਨਾਬੰਦੀ ਸਬੰਧੀ ਸਹੂਲਤਾਂ ਵੀ ਉਪਲਬਧ ਹਨ। ਜ਼ਿਲ੍ਹਾ ਹਸਪਤਾਲਾਂ ਵਿੱਚ ਫੈਮਲੀ ਪਾਰਟੀਸਿਪੇਟਰੀ ਕੇਅਰ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਹਸਪਤਾਲਾਂ ਵਿੱਚ ਬ੍ਰੈਸਟ ਫੀਡਿੰਗ ਕਾਰਨਰ ਸਥਾਪਤ ਕੀਤੇ ਗਏ ਹਨ। ਏਡਬਲਿਊਸੀਜ਼ ਅਤੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਆਰਬੀਐਸਕੇ ਸਕਰੀਨਿੰਗ ਕਰਵਾਈ ਜਾ ਰਹੀ ਹੈ ਅਤੇ ਬੱਚਿਆਂ ਨੂੰ ਮੁਫ਼ਤ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਇਸ ਦੌਰਾਨ ਸਕੱਤਰ ਸਿਹਤ ਅਜੋਏ ਸ਼ਰਮਾ ਅਤੇ ਮਿਸ਼ਨ ਡਾਇਰੈਕਟਰ, ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਡਾ. ਅਭਿਨਵ ਤ੍ਰਿਖਾ ਨੇ ਟੀਮ ਦੇ ਮੈਂਬਰਾਂ ਦਾ ਸਨਮਾਨ ਕੀਤਾ।
ਪੰਜਾਬ ‘ਚ 500 ਹੋਰ ਮੁਹੱਲਾ ਕਲੀਨਿਕ ਖੁੱਲ੍ਹਣਗੇ
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ 500 ਹੋਰ ਨਵੇਂ ਮੁਹੱਲਾ ਕਲੀਨਿਕ ਖੋਲ੍ਹਣ ਜਾ ਰਹੀ ਹੈ। ਇਸ ਸਬੰਧੀ ਐਲਾਨ ਆਮ ਆਦਮ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਅਤੇ ਇਨ੍ਹਾਂ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ 26 ਜਨਵਰੀ 2023 ਤੋਂ ਕੀਤੀ ਜਾਵੇਗੀ। ਇਨ੍ਹਾਂ ਮੁਹੱਲਾ ਕਲੀਨਿਕਾਂ ਲਈ ਪੇਂਡੂ ਅਤੇ ਸ਼ਹਿਰੀ ਇਲਾਕਿਆਂ ‘ਚ ਸਥਿਤ ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਆਮ ਆਦਮੀ ਕਲੀਨਿਕਾਂ ‘ਚ ਅਪਗ੍ਰੇਡ ਕੀਤਾ ਜਾਵੇਗਾ। ਇਸ ਦੇ ਲਈ ਪੰਜਾਬ ਸਰਕਾਰ ਵੱਲੋਂ 85 ਡਾਕਟਰਾਂ ਦੀ ਭਰਤੀ ਵੀ ਕੀਤੀ ਜਾਵੇਗੀ। ਪਹਿਲੇ ਚਰਣ ‘ਚ ਸਿਹਤ ਵਿਭਾਗ ਵੱਲੋਂ ਉਨ੍ਹਾਂ 521 ਪ੍ਰਾਇਮਰੀ ਹੈਲਥ ਸੈਂਟਰਾਂ ਦੀ ਲਿਸਟ ਤਿਆਰ ਕੀਤੀ ਗਈ ਹੈ, ਜਿਨਾਂ ਨੂੰ ਆਮ ਆਦਮੀ ਕਲੀਨਿਕ ‘ਚ ਅਪਗ੍ਰੇਡ ਕੀਤੇ ਜਾਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਹੈਲਥ ਸੈਂਟਰਾਂ ‘ਚ ਨਵੇਂ ਉਪਕਰਣ ਅਤੇ ਬੁਨਿਆਦੀ ਢਾਂਚੇ ਦੇ ਨਾਲ-ਨਾਲ ਇਮਾਰਤਾਂ ਨੂੰ ਵੀ ਅਪਗਰੇਡ ਕੀਤਾ ਜਾਵੇਗਾ। ਇਸ ਸਬੰਧੀ ਆਮ ਆਦਮੀ ਵੱਲੋਂ ਆਪਣੇ ਟਵਿੱਟਰ ਹੈਂਡਲ ‘ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਸੰਯੁਕਤ ਕਿਸਾਨ ਮੋਰਚਾ 19 ਨੂੰ ਮਨਾਏਗਾ ‘ਫਤਹਿ ਦਿਵਸ’
ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚਾ ਦੀ ਦੇਸ਼ ਪੱਧਰੀ ਮੀਟਿੰਗ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਨਵੀਂ ਦਿੱਲੀ ‘ਚ ਹੋਈ ਜਿੱਥੇ ਦੇਸ਼ ਭਰ ਦੀਆਂ ਜਥੇਬੰਦੀਆਂ ਦੇ ਮੁੱਖ ਆਗੂਆਂ ਨੇ ਹਿੱਸਾ ਲਿਆ। ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਦਿੱਲੀ ਦੀਆਂ ਹੱਦਾਂ ‘ਤੇ ਚੱਲੇ ਕਿਸਾਨ ਅੰਦੋਲਨ ਨੂੰ ਖਤਮ ਹੋਏ ਇੱਕ ਸਾਲ ਹੋਣ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਵੱਲੋਂ ਮੋਰਚੇ ਨਾਲ ਕੀਤੇ ਗਏ ਸਮਝੌਤੇ ਵਾਲੇ ਜ਼ਿਆਦਾਤਰ ਵਾਅਦੇ ਅਜੇ ਵੀ ਪੂਰੇ ਨਹੀਂ ਹੋਏ ਹਨ। ਇਸ ਤੱਥ ਨੂੰ ਧਿਆਨ ਵਿੱਚ ਰੱਖਦਿਆਂ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੇ ਅੱਗੇ ਦੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਹੈ। ਪਿਛਲੇ ਸਾਲ 19 ਨਵੰਬਰ ਨੂੰ ਪ੍ਰਧਾਨ ਮੰਤਰੀ ਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ। ਇਸ ਲਈ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਹੈ ਕਿ ਇਹ ਦਿਨ ‘ਫਤਿਹ ਦਿਵਸ’ ਵਜੋਂ ਮਨਾਇਆ ਜਾਏਗਾ। ਉਨ੍ਹਾਂ ਕਿਹਾ ਕਿ 26 ਨਵੰਬਰ 2020 ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਲੱਖਾਂ ਕਿਸਾਨ ਦਿੱਲੀ ਵੱਲ ਰਵਾਨਾ ਹੋਏ ਸੀ। ਸੰਯੁਕਤ ਮੋਰਚੇ ਨੇ ਫ਼ੈਸਲਾ ਕੀਤਾ ਹੈ ਕਿ ਆਉਣ ਵਾਲੀ 26 ਨਵੰਬਰ ਨੂੰ ਹਰ ਸੂਬੇ ਦੇ ਰਾਜ ਭਵਨ ਵੱਲ ਮਾਰਚ ਕਰਕੇ ਰਾਜਪਾਲ ਨੂੰ ਮੰਗ ਪੱਤਰ ਦਿੱਤੇ ਜਾਣਗੇ। ਇਨ੍ਹਾਂ ਮੰਗ ਪੱਤਰਾਂ ਵਿੱਚ ਸੰਯੁਕਤ ਕਿਸਾਨ ਮੋਰਚੇ ਦੀਆਂ ਕੇਂਦਰੀ ਮੰਗਾਂ ਦੇ ਨਾਲ-ਨਾਲ ਸਬੰਧਤ ਸੂਬੇ ਦੀਆਂ ਮੰਗਾਂ ਵੀ ਸ਼ਾਮਲ ਹੋਣਗੀਆਂ। ਉਨ੍ਹਾਂ ਕਿਹਾ ਕਿ 11 ਦਸੰਬਰ 2021 ਨੂੰ ਜਿੱਤ ਤੋਂ ਬਾਅਦ ਕਿਸਾਨ ਫਤਹਿ ਮਾਰਚ ਕਰਦਿਆਂ ਪਿੰਡਾਂ ਨੂੰ ਪਰਤ ਗਏ ਸੀ। ਆਉਣ ਵਾਲੀ 11 ਦਸੰਬਰ ਨੂੰ ਮੋਰਚੇ ਦੀ ਜਿੱਤ ਵਾਲਾ ਦਿਨ ਮਨਾਇਆ ਜਾਏਗਾ ਅਤੇ 1 ਤੋਂ 11 ਦਸੰਬਰ ਤੱਕ ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਲੀ ਮੀਟਿੰਗ 8 ਦਸੰਬਰ ਨੂੰ ਹੋਵੇਗੀ ਜਿਸ ਵਿੱਚ ਅੰਦੋਲਨ ਦੇ ਅਗਲੇ ਪੜਾਅ ਦਾ ਫ਼ੈਸਲਾ ਅਤੇ ਐਲਾਨ ਕੀਤਾ ਜਾਵੇਗਾ। ਉਸ ਮੀਟਿੰਗ ਵਿੱਚ ਕਰਜ਼ਾ ਮੁਕਤੀ, ਐੱਮਐੱਸਪੀ ਦੀ ਗਾਰੰਟੀ ਲਈ ਸੰਘਰਸ਼ ਦੀ ਤਿਆਰੀ ਦਾ ਵੇਰਵਾ ਦਿੱਤਾ ਜਾਵੇਗਾ। ਮੀਟਿੰਗ ਵਿੱਚ 70 ਤੋਂ ਵੱਧ ਆਗੂ ਹਾਜ਼ਿਰ ਰਹੇ। ਮੀਟਿੰਗ ਦੀ ਪ੍ਰਧਾਨਗੀ ਬੂਟਾ ਸਿੰਘ ਬੁਰਜਗਿੱਲ, ਰਮਿੰਦਰ ਸਿੰਘ ਪਟਿਆਲਾ ਅਤੇ ਜਗਤਾਰ ਸਿੰਘ ਬਾਜਵਾ ਨੇ ਕੀਤੀ।

RELATED ARTICLES
POPULAR POSTS