ਸਰਹੱਦ ਤੋਂ ਅਸਲਾ ਤੇ 48 ਕਰੋੜ ਦੀ ਹੈਰੋਇਨ ਬਰਾਮਦ
ਤਰਨਤਾਰਨ : ਹਿੰਦ-ਪਾਕਿ ਕੌਮਾਂਤਰੀ ਸਰਹੱਦ ‘ਤੇ ਤਰਨਤਾਰਨ ਜ਼ਿਲ੍ਹੇ ਵਿਚ ਪੈਂਦੇ ਖਾਲੜਾ ਸੈਕਟਰ ਅਧੀਨ ਬੀ. ਐੱਸ. ਐੱਫ਼. ਦੀ ਸਰਹੱਦੀ ਚੌਕੀ ਡੱਲ ਵਿਖੇ ਗੁਆਂਢੀ ਮੁਲਕ ਦੇ ਮਨਸੂਬਿਆਂ ਨੂੰ ਨਾਕਾਮ ਕਰਦਿਆਂ ਬੀ. ਐੱਸ. ਐੱਫ਼. ਨੇ 5 ਹਥਿਆਰਬੰਦ ਪਾਕਿਸਤਾਨੀ ਘੁਸਪੈਠੀਆਂ ਨੂੰ ਮਾਰ ਮੁਕਾਇਆ ਅਤੇ ਉਨ੍ਹਾਂ ਕੋਲੋਂ ਵੱਡੀ ਗਿਣਤੀ ਵਿਚ ਅਸਲਾ ਤੇ 9. 92 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਬਰਾਮਦ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਕਰੀਬ 48 ਕਰੋੜ ਰੁਪਏ ਬਣਦੀ ਹੈ। 3300 ਕਿਲੋਮੀਟਰ ਲੰਬੀ ਸਰਹੱਦ ‘ਤੇ ਇਕ ਦਹਾਕੇ ਤੋਂ ਵੀ ਵੱਧ ਸਮੇਂ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਬੀ.ਐਸ.ਐਫ. ਨੇ ਇਕੋ ਵਾਰੀ ਏਨੇ ਜ਼ਿਆਦਾ ਘੁਸਪੈਠੀਆਂ ਨੂੰ ਮਾਰ ਮੁਕਾਇਆ ਹੋਵੇ। ਇਸ ਸਬੰਧੀ ਬੀ.ਐੱਸ.ਐੱਫ਼. ਦੇ ਆਈ.ਜੀ. (ਪੰਜਾਬ ਫਰੰਟੀਅਰ) ਮਨੀਪਾਲ ਯਾਦਵ ਨੇ ਸਰਹੱਦੀ ਚੌਕੀ ਡੱਲ ਵਿਖੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ. ਐੱਸ. ਐੱਫ਼. ਦੀ 103 ਬਟਾਲੀਅਨ ਦੇ ਜਵਾਨਾਂ ਨੇ ਸਰਹੱਦੀ ਬੁਰਜੀ ਨੰਬਰ 136/26 ਦੇ ਸਾਹਮਣੇ ਕੁਝ ਹਰਕਤ ਹੁੰਦੀ ਵੇਖੀ ਕਿ ਕੁਝ ਪਾਕਿਸਤਾਨੀ ਘੁਸਪੈਠੀਏ, ਜਿਨ੍ਹਾਂ ਟੀ. ਸ਼ਰਟਾਂ ਤੇ ਸ਼ਰਟਾਂ ਪਹਿਨੀਆਂ ਹੋਈਆਂ ਸਨ, ਸਰਹੱਦ ਪਾਰ ਕਰਕੇ ਭਾਰਤ ਦੇ ਖ਼ੇਤਰ ਵਿਚ ਦਾਖ਼ਲ ਹੋ ਗਏ ਹਨ। ਬੀ.ਐੱਸ.ਐੱਫ਼. ਦੇ ਜਵਾਨਾਂ ਨੇ ਉਨ੍ਹਾਂ ਨੂੰ ਘੇਰ ਕੇ ਆਤਮ-ਸਮਰਪਣ ਕਰਨ ਲਈ ਕਿਹਾ, ਪਰ ਉਹ ਨਾ ਮੰਨੇ ਤੇ ਉਨ੍ਹਾਂ ਬੀ. ਐਸ. ਐਫ. ਜਵਾਨਾਂ ‘ਤੇ ਹਮਲਾ ਕਰ ਦਿੱਤਾ। ਇਸ ਦੇ ਜਵਾਬ ਵਿਚ ਬੀ.ਐਸ.ਐਫ. ਨੇ ਵੀ ਉਨ੍ਹਾਂ ‘ਤੇ ਗੋਲੀਬਾਰੀ ਕੀਤੀ, ਜਿਸ ਵਿਚ ਉਹ ਸਾਰੇ ਮੌਤ ਦੇ ਘਾਟ ਉਤਾਰ ਦਿੱਤੇ ਗਏ। ਬੀ. ਐੱਸ. ਐੱਫ਼ ਵਲੋਂ ਘਟਨਾ ਵਾਲੀ ਜਗ੍ਹਾ ਤੇ ਆਸ-ਪਾਸ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਉਥੋਂ 5 ਪਾਕਿਸਤਾਨੀ ਘੁਸਪੈਠੀਆਂ ਦੀਆਂ ਲਾਸ਼ਾਂ, ਇਕ ਏ.ਕੇ. 47 ਰਾਈਫ਼ਲ, ਦੋ ਮੈਗ਼ਜ਼ੀਨ, 27 ਗੋਲੀਆਂ, 9 ਐਮ.ਐਮ. ਦੇ 4 ਬਰੇਟਾ ਪਿਸਤੌਲ, 7 ਮੈਗ਼ਜ਼ੀਨ, 109 ਜ਼ਿੰਦਾ ਰੌਂਦ, ਇਕ ਵੱਡਾ ਫ਼ੋਨ, ਇਕ ਛੋਟਾ ਫ਼ੋਨ, 610 ਰੁਪਏ ਪਾਕਿ ਕਰੰਸੀ ਤੇ ਕਰੀਬ 9.92 ਕਿੱਲੋ ਹੈਰੋਇਨ ਬਰਾਮਦ ਹੋਈ।
ਦਿੱਲੀ ‘ਚ ਆਈ. ਐਸ. ਦਾ ਅੱਤਵਾਦੀ ਕਾਬੂ
ਨਵੀਂ ਦਿੱਲੀ : ਦਿੱਲੀ ਦੇ ਧੌਲਾ ਕੂੰਆਂ ਇਲਾਕੇ ਵਿਚ ਹੋਏ ਮੁਕਾਬਲੇ ਤੋਂ ਬਾਅਦ ਆਈ. ਐਸ. ਆਈ. ਐਸ. ਦੇ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਦੀ ਪਛਾਣ ਮੁਹੰਮਦ ਮੁਸਤਾਕੀਮ ਖਾਨ ਉਰਫ਼ ਅਬੂ ਯੂਸਫ਼ ਵਜੋਂ ਹੋਈ ਹੈ। ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਦੇ ਡੀ. ਸੀ. ਪੀ. ਪ੍ਰਮੋਦ ਸਿੰਘ ਕੁਸ਼ਵਾਹਾ ਅਨੁਸਾਰ ਅਬੂ ਯੂਸਫ਼ ਆਈ. ਐਸ. ਦੇ ਕਮਾਂਡਰ ਦੇ ਸੰਪਰਕ ਵਿਚ ਸੀ ਤੇ ਉਸ ਵਲੋਂ ਦਿੱਲੀ ਵਿਚ 15 ਅਗਸਤ ਨੂੰ ਅੱਤਵਾਦੀ ਹਮਲਾ ਕਰਨ ਦੀ ਸਾਜਿਸ਼ ਰਚੀ ਗਈ ਸੀ ਪਰ ਭਾਰੀ ਸੁਰੱਖਿਆ ਪ੍ਰਬੰਧਾਂ ਕਾਰਨ ਉਹ ਅਜਿਹਾ ਨਹੀਂ ਕਰ ਸਕਿਆ। ਪੁਲਿਸ ਵਲੋਂ ਗ੍ਰਿਫ਼ਤਾਰ ਅੱਤਵਾਦੀ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ 8 ਦਿਨ ਲਈ ਪੁਲਿਸ ਰਿਮਾਂਡ ਵਿਚ ਭੇਜ ਦਿੱਤਾ ਗਿਆ।
Check Also
ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ
ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …