ਚੰਡੀਗੜ੍ਹ/ਬਿਊਰੋ ਨਿਊਜ਼
ਕਿਸਾਨਾਂ ‘ਤੇ ਧੱਕੇ ਨਾਲ ਖੇਤੀ ਆਰਡੀਨੈਂਸ ਮੜ੍ਹਨ ਲਈ ਤਿਆਰ ਕੇਂਦਰ ਦੀ ਭਾਜਪਾ ਅਤੇ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਪਿੰਡਾਂ ਵਿਚ ਵੜਨ ਤੋਂ ਰੋਕਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸ਼ੁਰੂ ਕੀਤੇ ਪਿੰਡ-ਪਿੰਡ ਨਾਕਾਬੰਦੀ ਅਤੇ ਧਰਨੇ ਦਿੱਤੇ ਜਾ ਰਹੇ ਹਨ।
ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਕਰੋਨਾ ਸਾਵਧਾਨੀਆਂ ਵਰਤਦਿਆਂ 13 ਜ਼ਿਲ੍ਹਿਆਂ ਦੇ 500 ਤੋਂ ਵੱਧ ਪਿੰਡਾਂ ਦੇ ਧਰਨਿਆਂ ਵਿਚ ਹਜ਼ਾਰਾਂ ਕਿਸਾਨ ਤੇ ਮਜ਼ਦੂਰ ਪਰਿਵਾਰਾਂ ਸਮੇਤ ਸ਼ਾਮਲ ਹੋਏ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸਾੜੇ। ਉਨ੍ਹਾਂ ਦੱਸਿਆ ਕਿ ਇਹ ਧਰਨੇ 29 ਅਗਸਤ ਤੱਕ ਜਾਰੀ ਰਹਿਣਗੇ। ਧਰਨਾਕਾਰੀਆਂ ਨੂੰ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ, ਜਨਰਲ ਸਕੱਤਰ ਹਰਿੰਦਰ ਕੌਰ ਬਿੰਦੂ, ਅਮਰੀਕ ਸਿੰਘ ਤੇ ਰਾਜਵਿੰਦਰ ਸਿੰਘ ਰਾਮਨਗਰ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ/ ਬਲਾਕਾਂ/ਪਿੰਡਾਂ ਦੇ ਆਗੂਆਂ ਨੇ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਤਿੰਨਾਂ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਡੀਜ਼ਲ-ਪੈਟਰੋਲ ਕਾਰੋਬਾਰ ਦਾ ਸਰਕਾਰੀਕਰਨ ਕਰਨ, ਟੈਕਸ ਖ਼ਤਮ ਕਰਨ, ਖੇਤੀ ਲਈ ਡੀਜ਼ਲ ਅੱਧੇ ਮੁੱਲ ‘ਤੇ ਦੇਣ, ਸੰਘਰਸ਼ਸ਼ੀਲ ਕਿਸਾਨਾਂ-ਮਜ਼ਦੂਰਾਂ ਦੇ ਇਕੱਠਾਂ ‘ਤੇ ਲਾਈਆਂ ਪਾਬੰਦੀਆਂ ਰੱਦ ਕਰਨ, ਆਹਲੂਵਾਲੀਆ ਕਮੇਟੀ ਭੰਗ ਕਰਨ, ਸਵਾਮੀਨਾਥਨ ਰਿਪੋਰਟ ਅਨੁਸਾਰ ਸਾਰੀਆਂ ਫ਼ਸਲਾਂ ਦੇ ਲਾਭਕਾਰੀ ਸਮਰਥਮਨ ਮੁੱਲ ਦੇਣ ਦੀ ਮੰਗ ਕੀਤੀ।
Check Also
ਲੁਧਿਆਣਾ ’ਚ ਸਿਆਸੀ ਵਿਰੋਧੀਆਂ ’ਤੇ ਭੜਕੇ ਸੁਖਬੀਰ ਬਾਦਲ
ਕਿਹਾ : ਪੰਜਾਬ ’ਚ ਵਿਕਾਸ ਸਿਰਫ ਅਕਾਲੀ ਦਲ ਨੇ ਹੀ ਕਰਵਾਇਆ ਲੁਧਿਆਣਾ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ …