ਪੜਤਾਲੀਆ ਕਮਿਸ਼ਨ ਨੇ 30 ਜੂਨ ਤੱਕ ਵੇਰਵੇ ਮੰਗੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਪੜਤਾਲੀਆ ਕਮਿਸ਼ਨ ਨੇ ਅਕਾਲੀ-ਭਾਜਪਾ ਰਾਜ ਦੌਰਾਨ ਦਰਜ ਕੀਤੇ ਗਏ ਝੂਠੇ ਮੁਕੱਦਮਿਆਂ ਦੀ ਜਾਂਚ ਕਰਨ ਲਈ ਪੀੜਤ ਵਿਅਕਤੀਆਂ ਨੂੰ 30 ਜੂਨ ਤੱਕ ਆਪਣੇ ਕੇਸਾਂ ਨਾਲ ਸਬੰਧਤ ਵੇਰਵੇ ਭੇਜਣ ਲਈ ਕਿਹਾ ਹੈ। ਹੁਣ ਅਜਿਹੇ ਝੂਠੇ ਕੇਸਾਂ ਦੀ ਪੜਤਾਲ ਆਰੰਭੀ ਜਾਵੇਗੀ। ਪਿਛਲੇ 10 ਸਾਲਾਂ ਦੌਰਾਨ ਦਰਜ ਝੂਠੇ ਕੇਸਾਂ ਦੀ ਪੜਤਾਲ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਮਹਿਤਾਬ ਸਿੰਘ ਗਿੱਲ ਦੀ ਅਗਵਾਈ ਹੇਠ ਕਮਿਸ਼ਨ ਦਾ ਗਠਨ ਕੀਤਾ ਜਾ ਚੁੱਕਾ ਹੈ। ਸਾਬਕਾ ਜ਼ਿਲ੍ਹਾ ਤੇ ਸੈਸ਼ਨ ਜੱਜ ਬੀ.ਐਸ ਮਹਿੰਦੀਰੱਤਾ ਨੂੰ ਇਸ ਦੋ ਮੈਂਬਰੀ ਕਮਿਸ਼ਨ ਵਿੱਚ ਮੈਂਬਰ ਨਿਯੁਕਤ ਕੀਤਾ ਗਿਆ ਹੈ। ਚੇਤੇ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਹ ਪਿਛਲੇ 10 ਸਾਲਾਂ ਦੌਰਾਨ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਦਰਜ ਝੂਠੇ ਕੇਸਾਂ ਦੀ ਜਾਂਚ ਕਰਵਾਉਣਗੇ।