ਰਾਜਾਸਾਂਸੀ/ਬਿਊਰੋ ਨਿਊਜ਼
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਤੇ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਜਿਨ੍ਹਾਂ ਨੂੰ ਪੁਲਿਸ ਥਾਣਾ ਰਾਜਾਸਾਂਸੀ ਨੇ ਬੁੱਧਵਾਰ ਤੜਕੇ 3.30 ਵਜੇ ਉਨ੍ਹਾਂ ਦੀ ਰਿਹਾਇਸ਼ ਤੋਂ ਹਿਰਾਸਤ ਵਿਚ ਲਿਆ ਸੀ, ਲਗਭਗ 10 ਘੰਟੇ ਹਿਰਾਸਤ ਵਿਚ ਰੱਖਣ ਤੋਂ ਬਾਅਦ ਪੁਲਿਸ ਵੱਲੋਂ ਛੱਡ ਦਿੱਤਾ ਗਿਆ। ਪੁਲਿਸ ਥਾਣਾ ਰਾਜਾਸਾਂਸੀ ਤੋਂ ਰਿਹਾਅ ਹੋਏ ਭਾਈ ਬਲਦੇਵ ਸਿੰਘ ਵਡਾਲਾ ਦਾ ਪਰਿਵਾਰਕ ਮੈਂਬਰਾਂ ਤੇ ਸਿੱਖ ਸਦਭਾਵਨਾ ਦਲ ਦੇ ਕਾਰਕੁੰਨਾਂ ਨੇ ਸਿਰੋਪਾਓ ਭੇਟ ਕਰਕੇ ਜੈਕਾਰਿਆਂ ਦੀ ਗੂੰਜ ਵਿਚ ਭਰਵਾਂ ਸਵਾਗਤ ਕੀਤਾ। ਭਾਈ ਵਡਾਲਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਤੜਕੇ ਉਨ੍ਹਾਂ ਦੀ ਰਿਹਾਇਸ਼, ਅੰਮ੍ਰਿਤਸਰ ਸ਼ਹਿਰ ਦੀ ਅਬਾਦੀ ਅੰਤਰਜਾਮੀ ਕਲੌਨੀ ਤੋਂ ਸਬ ਇੰਸਪੈਕਟਰ ਲਖਬੀਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਗ੍ਰਿਫ਼ਤਾਰ ਕਰਕੇ ਲਿਆਂਦਾ ਗਿਆ ਸੀ, ਉਨ੍ਹਾਂ ਨੂੰ ਖੁਦ ਨਹੀਂ ਪਤਾ ਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਕਿਉਂ ਗ੍ਰਿਫ਼ਤਾਰ ਕੀਤਾ ਗਿਆ ਹੈ ਜਦ ਕਿ ਉਨ੍ਹਾਂ ਨੇ ਆਪਣੇ ਭਤੀਜੇ ਦੀ ਦਸਤਾਰ ਬੰਦੀ ਦੇ ਸਬੰਧ ਵਿਚ ਸਾਰੇ ਪਰਿਵਾਰ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਣਾ ਸੀ। ਭਾਈ ਵਡਾਲਾ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲੈਣ ਦੀ ਇਹ ਵੀ ਚਰਚਾ ਚਲਦੀ ਰਹੀ ਕਿ ਲੁਧਿਆਣੇ ਦੇ ਨੇੜਲੇ ਕਿਸੇ ਪਿੰਡ ਤੋਂ ਨੌਜਵਾਨਾਂ ਨੇ ਕੋਈ ਰੋਸ ਮਾਰਚ ਆਰੰਭ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਪੁੱਜਣਾ ਸੀ ਤੇ ਉਸ ਰੋਸ ਮਾਰਚ ਨੂੰ ਭਾਈ ਵਡਾਲਾ ਨੇ ਝੰਡੀ ਦੇ ਕੇ ਰਵਾਨਾ ਕਰਨਾ ਸੀ।
Check Also
ਚੋਣ ਕਮਿਸ਼ਨ ਨੇ ਗਿੱਦੜਬਾਹਾ ’ਚ 24 ਪਿੰਡਾਂ ਦੀਆਂ ਪੰਚਾਇਤੀ ਚੋਣਾਂ ਕੀਤੀਆਂ ਰੱਦ
ਸ਼ੋ੍ਰਮਣੀ ਅਕਾਲੀ ਦਲ ਦੀ ਸ਼ਿਕਾਇਤ ’ਤੇ ਚੋਣ ਕਮਿਸ਼ਨ ਨੇ ਲਿਆ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ …