ਅਗਲੇ ਪੜਾਅ ਵਿਚ ਢਾਈ ਤੋਂ ਪੰਜ ਏਕੜ ਜ਼ਮੀਨ ਸਮੇਤ ਬੇਜ਼ਮੀਨਿਆਂ ਦਾ ਵੀ ਕਰਜ਼ਾ ਹੋਵੇਗਾ ਮੁਆਫ
ਪਟਿਆਲਾ : ਸੂਬਾ ਸਰਕਾਰ ਨੇ ਢਾਈ ਏਕੜ ਤੱਕ ਜ਼ਮੀਨ ਦੀ ਮਾਲਕੀ ਵਾਲੇ 1,09,730 ਕਿਸਾਨਾਂ ਨੂੰ ਵਪਾਰਕ ਬੈਂਕਾਂ ਤੋਂ ਲਏ 1771 ਕਰੋੜ ਦੇ ਕਰਜ਼ੇ ਤੋਂ ਮੁਕਤੀ ਦਿਵਾ ਦਿੱਤੀ ਹੈ। ਅਗਲੇ ਪੜਾਅ ਵਿਚ ਢਾਈ ਤੋਂ ਪੰਜ ਏਕੜ ਜ਼ਮੀਨ ਵਾਲੇ ਕਿਸਾਨਾਂ ਸਮੇਤ ਬੇਜ਼ਮੀਨੇ ਕਾਮਿਆਂ ਦਾ ਵੀ ਕਰਜ਼ਾ ਮੁਆਫ਼ ਹੋਵੇਗਾ। ਇਹ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਥੇ ਓਮੈਕਸ ਸਿਟੀ ਵਿਚ ਹੋਏ ਸੂਬਾਈ ਸਮਾਗਮ ਦੌਰਾਨ ਕਿਸਾਨਾਂ ਨੂੰ ਕਰਜ਼ਾ ਰਾਹਤ ਸਰਟੀਫਿਕੇਟ ਸੌਂਪਣ ਮੌਕੇ ਕੀਤਾ। ਇਹ ਮੁਆਫ਼ੀ ਦੋ ਲੱਖ ਤੱਕ ਦੇ ਕਰਜ਼ੇ ‘ਤੇ ਆਧਾਰਤ ਹੈ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਸ ਨਾਲ ਹੁਣ ਤੱਕ ਕਰੀਬ 4.28 ਲੱਖ ਕਿਸਾਨਾਂ ਦਾ 3586 ਕਰੋੜ ਦਾ ਕਰਜ਼ਾ ਮੁਆਫ਼ ਹੋ ਗਿਆ ਹੈ ਕਿਉਂਕਿ 3.18 ਲੱਖ ਕਿਸਾਨਾਂ ਦਾ ਸਹਿਕਾਰੀ ਬੈਂਕਾਂ ਦਾ 1815 ਕਰੋੜ ਦਾ ਕਰਜ਼ਾ ਪਹਿਲਾਂ ਹੀ ਮੁਆਫ਼ ਕੀਤਾ ਜਾ ਚੁੱਕਾ ਹੈ।
ਤੀਜੇ ਤੇ ਚੌਥੇ ਪੜਾਅ ਵਿੱਚ ਸਹਿਕਾਰੀ ਬੈਂਕਾਂ ਨਾਲ ਜੁੜੇ 2.15 ਲੱਖ ਅਤੇ ਵਪਾਰਕ ਬੈਂਕਾਂ ਦੇ 50752 ਛੋਟੇ ਕਿਸਾਨਾਂ ਦਾ ਕਰਜ਼ਾ ਵੀ ਮੁਆਫ਼ ਹੋਵੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਹੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਕੇਂਦਰੀ ਏਸ਼ਿਆਈ ਮੁਲਕਾਂ ਵਿਚ ਬਰਾਮਦਗੀ ਲਈ ਖੰਡ ਅਤੇ ਆਲੂ ਦੀ ਫਸਲ ਨੂੰ ਵੀ ਵਿਸ਼ੇਸ਼ ਸੂਚੀ ਵਿਚ ਸ਼ਾਮਲ ਕਰਨ ਲਈ ਆਖਿਆ ਹੈ, ਜਿਸ ਨਾਲ ਸੂਬੇ ਦੇ ਗੰਨਾ ਕਾਸ਼ਤਕਾਰਾਂ ਅਤੇ ਆਲੂ ਉਤਪਾਦਕਾਂ ਨੂੰ ਵੱਡਾ ਲਾਭ ਮਿਲੇਗਾ। ਕੈਪਟਨ ਨੇ ਕਿਹਾ ਕਿ ਇਜ਼ਰਾਈਲ ਅਤੇ ਪੀ.ਏ.ਯੂ. ਲੁਧਿਆਣਾ ਦੇ ਮਾਹਿਰਾਂ ਦੀ ਭਾਈਵਾਲੀ ਨਾਲ ਸੂਬੇ ਵਿਚ ਜਲ ਸੰਭਾਲ ‘ਤੇ ਵੀ ਵਿਸ਼ੇਸ਼ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਤਾਂ ਜੋ ਇਸ ਵਡਮੁੱਲੇ ਸਰੋਤ ਨੂੰ ਸੰਭਾਲਿਆ ਜਾ ਸਕੇ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …