Breaking News
Home / ਪੰਜਾਬ / ਅਕਾਲੀ ਦਲ ਨੇ ਜਿਨ੍ਹਾਂ ਭੁੱਲਾਂ ਦੀ ਮੁਆਫੀ ਮੰਗੀ ਵਿਰੋਧੀਆਂ ਨੇ ਉਨ੍ਹਾਂ ਭੁੱਲਾਂ ਨੂੰ ਪਾਪ ਦੱਸਿਆ

ਅਕਾਲੀ ਦਲ ਨੇ ਜਿਨ੍ਹਾਂ ਭੁੱਲਾਂ ਦੀ ਮੁਆਫੀ ਮੰਗੀ ਵਿਰੋਧੀਆਂ ਨੇ ਉਨ੍ਹਾਂ ਭੁੱਲਾਂ ਨੂੰ ਪਾਪ ਦੱਸਿਆ

ਬਾਦਲਾਂ ਨੇ ਧਰਮ ਦੇ ਨਾਂ ‘ਤੇ ਕੀਤਾ ਡਰਾਮਾ : ਕੈਪਟਨ
ਮੁੱਖ ਮੰਤਰੀ ਨੇ ਬਾਦਲ ਪਰਿਵਾਰ ਦੀ ਕੀਤੀ ਤਿੱਖੀ ਆਲੋਚਨਾ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਧਰਮ ਦੇ ਨਾਂ ‘ਤੇ ਸਿਆਸੀ ਡਰਾਮਾ ਕਰਨ ਅਤੇ ਪਿਛਲੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਕੀਤੀਆਂ ਗਲਤੀਆਂ ਲਈ ਪਸ਼ਚਾਤਾਪ ਕਰਨ ਨੂੰ ਚੁਣੌਤੀ ਦਿੱਤੀ ਹੈ। ਮੁੱਖ ਮੰਤਰੀ ਨੇ ਇਥੇ ਬਾਦਲ ਪਰਿਵਾਰ ਅਤੇ ਹੋਰ ਆਗੂਆਂ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਅਕਾਲੀ ਦਲ ਪਿਛਲੇ ਦੋ ਸਾਲਾਂ ਦੌਰਾਨ ਆਪਣਾ ਜਨਤਕ ਸਮਰਥਨ ਪੂਰੀ ਤਰ੍ਹਾਂ ਗੁਆ ਚੁੱਕਾ ਹੈ। ਕੈਪਟਨ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਨ੍ਹਾਂ ਆਪਣੇ ਰਾਜ ਦੌਰਾਨ ਕਿਹੜੀਆਂ ਗਲਤੀਆਂ ਕੀਤੀਆਂ ਹਨ। ਕੈਪਟਨ ਨੇ ਅਕਾਲੀ ਲੀਡਰਸ਼ਿਪ ਵਲੋਂ ਸਿਆਸੀ ਹਿੱਤਾਂ ਲਈ ਧਰਮ ਦੀ ਓਟ ਲੈਣ ਦੀ ਆਲੋਚਨਾ ਕਰਦਿਆਂ ਕਿਹਾ ਕਿ ਬਾਦਲਾਂ ਦੀ ਨਜ਼ਰ ਆਉਂਦੀਆਂ ਲੋਕ ਸਭਾ ਚੋਣਾਂ ‘ਤੇ ਹੈ ਅਤੇ ਸਿਆਸੀ ਹਿੱਤ ਪੂਰਨ ਲਈ ਮੁਆਫ਼ੀ ਦਾ ਡਰਾਮਾ ਰਚਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਮੁਆਫ਼ੀ ਪ੍ਰਤੀ ਸੰਜੀਦਾ ਹਨ ਤਾਂ ਮਾੜੇ ਕੰਮਾਂ ਨੂੰ ਜਨਤਕ ਤੌਰ ‘ਤੇ ਮੰਨਣ ਦਾ ਉਨ੍ਹਾਂ ਨੂੰ ਹੌਸਲਾ ਦਿਖਾਉਣਾ ਚਾਹੀਦਾ ਹੈ। ਕੈਪਟਨ ਨੇ ਕਿਹਾ ਕਿ ਅਕਾਲੀਆਂ ਵਲੋਂ ਮੁਆਫ਼ੀ ਉਸ ਸਮੇਂ ਮੰਗੀ ਜਾ ਰਹੀ ਹੈ ਜਦੋਂ ਉਹ ਬੇਅਦਬੀ ਅਤੇ ਗੋਲੀ ਕਾਂਡ ਤੇ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਦੇ ਮਾਮਲੇ ਵਿਚ ਲੋਕਾਂ ਦੇ ਨਿਸ਼ਾਨੇ ‘ਤੇ ਹਨ।
ਭੁੱਲ ਬਖ਼ਸ਼ਾਉਣ ਦੇ ਕੰਮ ਵਿਚ ਹੋਈ ਜ਼ਿਆਦਾ ਦੇਰ : ਸੁਖਦੇਵ ਸਿੰਘ ਢੀਂਡਸਾ
ਸੰਗਰੂਰ : ਸੀਨੀਅਰ ਅਕਾਲੀ ਆਗੂ ਅਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਆਗੂਆਂ ਵਲੋਂ ਸ੍ਰੀ ਦਰਬਾਰ ਸਾਹਿਬ ਵਿਚ ਭੁੱਲ ਬਖ਼ਸ਼ਾਉਣ ਲਈ ਸ਼ੁਰੂ ਕੀਤੀ ਸੇਵਾ ਬਾਰੇ ਕਿਹਾ ਕਿ ਇਹ ਕੰਮ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉਸ ਸਮੇਂ ਪਿਛਲੀ ਅਕਾਲੀ ਸਰਕਾਰ ਦੌਰਾਨ ਇਕ ਬੈਠਕ ਵਿਚ ਇਸ ਸਬੰਧੀ ਸੁਝਾਓ ਵੀ ਦਿੱਤਾ ਸੀ ਕਿ ਸਾਨੂੰ ਪਸ਼ਚਾਤਾਪ ਕਰਨ ਦੀ ਲੋੜ ਹੈ।
ਹਥਿਆਰਾਂ ਤੇ ਜੁੱਤੀਆਂ ਸਮੇਤ ਲੰਗਰ ਘਰ ‘ਚ ਦਾਖਲ ਹੋਏ ਗਾਰਡ
ਅੰਮ੍ਰਿਤਸਰ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਸ਼ਨਿੱਚਰਵਾਰ ਨੂੰ ਦਰਬਾਰ ਸਾਹਿਬ ਪਹੁੰਚੇ ਤਾਂ ਉਨ੍ਹਾਂ ਦੀ ਸੁਰੱਖਿਆ ਵਿਚ ਤੈਨਾਤ ਸੁਰੱਖਿਆ ਕਰਮੀ ਦਰਬਾਰ ਸਾਹਿਬ ਦੀਆਂ ਸਾਰੀਆਂ ਮਰਿਆਦਾਵਾਂ ਨੂੰ ਤੋੜਦੇ ਹੋਏ ਜੁੱਤੀਆਂ ਅਤੇ ਹਥਿਆਰਾਂ ਸਮੇਤ ਲੰਗਰ ਘਰ ਵਿਚ ਜਾ ਪਹੁੰਚੇ। ਇਸਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੰਗਾਮਾ ਵੀ ਹੋਇਆ। ਉਥੇ ਮੌਜੂਦ ਸੰਗਤ ਨੇ ਨਰਾਜ਼ਗੀ ਪ੍ਰਗਟਾਈ ਅਤੇ ਸੁਰੱਖਿਆ ਕਰਮੀਆਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਦੱਸਿਆ ਗਿਆ ਕਿ ਐਨਐਸਜੀ ਕਮਾਂਡੋ ਜਦ ਲੰਗਰ ਘਰ ਵੱਲ ਜਾ ਰਹੇ ਸਨ ਤਦ ਪ੍ਰਕਾਸ਼ ਸਿੰਘ ਬਾਦਲ ਹੋਰ ਅਕਾਲੀ ਨੇਤਾਵਾਂ ਨਾਲ ਉਥੇ ਝੂਠੇ ਭਾਂਡੇ ਸਾਫ ਕਰਨ ਦੀ ਸੇਵਾ ਕਰ ਰਹੇ ਸਨ।
‘ਭਾਵੇਂ ਬੂਟ ਪਾਲਸ਼ਾਂ ਕਰੀਏ’ ਮੁਆਫੀ ਬਣੀ ਮਜ਼ਾਕ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਤੇ ਕੇਂਦਰੀ ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ ਗੱਲ ਕੀ ਲਗਭਗ ਸਾਰੇ ਅਕਾਲੀ ਦਲ ਨੇ ਸ੍ਰੀ ਦਰਬਾਰ ਸਾਹਿਬ ਜਾ ਕੇ ਦਸ ਸਾਲਾਂ ਵਿਚ ਹੋਈਆਂ ਭੁੱਲਾਂ ਬਖਸ਼ਾਉਣ ਲਈ ਭਾਂਡੇ ਤੇ ਜੋੜੇ ਸਾਫ ਕੀਤੇ। ਉਨ੍ਹਾਂ ਦੀ ਇਹ ਸੇਵਾ ਅਤੇ ਮੁਆਫੀ ਵੀ ਸ਼ੋਸ਼ਲ ਮੀਡੀਆ ‘ਤੇ ਮਜ਼ਾਕ ਬਣ ਗਈ ਹੈ। ਸ਼ੋਸ਼ਲ ਮੀਡੀਆ ‘ਤੇ ਮੁਆਫੀ ਲਈ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਤੇ ਇਕ ਵੀਡੀਓ ਜੋ ਗੁਰਦਾਸ ਮਾਨ ਦਾ ਗਾਣਾ ਹੈ ‘ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਸ਼ਾਂ ਕਰੀਏ’ ਵੀ ਤੇਜ਼ੀ ਨਾਲ ਵਾਇਰਲ ਹੋ ਗਿਆ।
ਝਲਕੀਆਂ
ੲ ਪ੍ਰਕਾਸ਼ ਸਿੰਘ ਬਾਦਲ ਲੰਗਰ ਘਰ ਵਿਚ ਸੇਵਾ ਲਈ ਗਏ ਤਾਂ ਸੁਰੱਖਿਆ ਕਰਮਚਾਰੀ ਬੂਟਾਂ ਸਮੇਤ ਦਾਖਲ ਹੋ ਗਏ, ਜਿਸ ਦਾ ਉਥੇ ਹਾਜ਼ਰ ਸੰਗਤਾਂ ਨੇ ਵਿਰੋਧ ਕੀਤਾ, ਜਿਸ ਤੋਂ ਬਾਅਦ ਸੁਰੱਖਿਆ ਕਰਮਚਾਰੀ ਪਿੱਛੇ ਹਟ ਗਏ।
ੲ ਨਵੇਂ ਬਣੇ ਜੋੜਾ ਘਰ ਵਿਚ ਬਾਦਲ ਪਰਿਵਾਰ ਨੂੰ ਸੰਗਤਾਂ ਦੇ ਜੋੜੇ ਝਾੜਨ ਅਤੇ ਲੰਗਰ ਘਰ ਵਿਚ ਸੇਵਾ ਕਰਨ ਲਈ ਦੇਖਣ ਵਾਲਿਆਂ ਦੀ ਭੀੜ ਲੱਗੀ ਰਹੀ ਅਤੇ ਲੋਕ ਇਸ ਬਾਰੇ ਟਿੱਪਣੀਆਂ ਕਰ ਰਹੇ ਸਨ ਕਿ ਇਹ ਸੇਵਾ ਨਹੀਂ ਡਰਾਮਾ ਹੈ।ઠ
ੲ ਖਿਮਾ ਯਾਚਨਾ ਲਈ ਆਏ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਦਿ ਦੇ ਸਵਾਗਤ ਵਾਸਤੇ ਸ਼੍ਰੋਮਣੀ ਕਮੇਟੀ ਵਲੋਂ ਲਾਲ ਗਲੀਚੇ ਵਿਛਾਏ ਹੋਏ ਸਨ।

ਬਾਦਲਾਂ ਨੇ ਮੁਆਫੀ ਮੰਗਣ ਦਾ ਰਚਿਆ ਡਰਾਮਾ : ਜਾਖੜ
ਜਲੰਧਰ : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਬਾਦਲ ਪਰਿਵਾਰ ਵੱਲੋਂ ਅਕਾਲ ਤਖ਼ਤ ਸਾਹਿਬ ‘ਤੇ ਜਾ ਕੇ ਮੁਆਫ਼ੀ ਮੰਗਣ ਨੂੰ ਡਰਾਮਾ ਦੱਸਿਆ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗ ਕੀਤੀ ਹੈ ਕਿ ਪੰਥ ਦੇ ਨਾਂ ‘ਤੇ ਲੋਕਾਂ ਨੂੰ ਲੁੱਟਣ ਵਾਲੇ ਬਾਦਲ ਪਰਿਵਾਰ ਨੇ ਹੁਣ ਜਦੋਂ ਆਪਣੀਆਂ ਗ਼ਲਤੀਆਂ ਕਬੂਲ ਕਰ ਲਈਆਂ ਹਨ ਤਾਂ ਉਨ੍ਹਾਂ ਨੂੰ 10 ਸਾਲ ਤੱਕ ਸਮਾਜਿਕ ਜੀਵਨ ਤੋਂ ਲਾਂਭੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਜਿਸ ਢੰਗ ਨਾਲ ਮੁਆਫ਼ੀ ਮੰਗਣ ਦਾ ਡਰਾਮਾ ਰਚਿਆ ਹੈ, ਉਹ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਯਾਦਾ ਘਟਾਉਣ ਵਾਲਾ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਵੱਲੋਂ ਪਾਈ ਜਾ ਰਹੀ ਇਸ ਮਾੜੀ ਪਿਰਤ ਨੂੰ ਭਵਿੱਖ ਵਿਚ ਹੋਰ ਗ਼ੁਨਾਹਗਾਰ ਵੀ ਅਪਨਾਉਣਗੇ। ਉਨ੍ਹਾਂ ਸਿੰਘ ਸਾਹਿਬ ਨੂੰ ਅਪੀਲ ਕੀਤੀ ਕਿ ਇਸ ਗ਼ੁਨਾਹ ਲਈ ਬਾਦਲ ਪਰਿਵਾਰ ਨੂੰ ਮੁਆਫ਼ ਨਾ ਕੀਤਾ ਜਾਵੇ।
ਉਨ੍ਹਾਂ ਸੁਖਬੀਰ ਬਾਦਲ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਉਹ ਅਰਦਾਸ ਸਮੇਂ 95 ਲੱਖ ਦਾ ਚੈੱਕ ਵੀ ਗੁਰੂ ਦੀ ਗੋਲਕ ਵਿੱਚ ਪਾਵੇਗਾ ਜਿਹੜੇ ਗੋਲਕ ਦੇ ਪੈਸੇ ਡੇਰਾ ਮੁਖੀ ਨੂੰ ਦਿੱਤੀ ਮੁਆਫ਼ੀ ਨੂੰ ਸਹੀ ਸਿੱਧ ਕਰਨ ਲਈ ਇਸ਼ਤਿਹਾਰਾਂ ‘ਤੇ ਖ਼ਰਚੇ ਸਨ।
ਬਾਦਲ ਮਰਿਆਦਾ ਅਨੁਸਾਰ ਭੁੱਲਾਂ ਬਖਸ਼ਾਉਣ: ਚੰਨੀ
ਚਮਕੌਰ ਸਾਹਿਬ : ਸ੍ਰੀ ਦਰਬਾਰ ਸਾਹਿਬ ‘ਤੇ ਬਾਦਲਾਂ ਵੱਲੋਂ ਭੁੱਲ ਬਖਸ਼ਾਉਣ ਲਈ ਜਾਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਬਾਦਲ ਪਰਿਵਾਰ ਨੇ ਪੰਜਾਬ ਦੇ ਲੋਕਾਂ ਨਾਲ ਜ਼ਿਆਦਤੀਆਂ ਕੀਤੀਆਂ ਹਨ, ਪਰ ਇਹ ਭੁੱਲ ਬਖਸ਼ਾਉਣ ਦਾ ਕੰਮ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਨੁਸਾਰ ਹੋਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਚੰਨੀ ਨੇ ਕਿਹਾ ਕਿ ਬਾਦਲਾਂ ਨੂੰ ਪਹਿਲਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਪੱਤਰ ਲਿੱਖ ਕੇ ਇਹ ਦੱਸਣਾ ਚਾਹੀਦਾ ਸੀ ਕਿ ਉਨ੍ਹਾਂ ਤੋਂ ਸਿੱਖ ਕੌਮ ਅਤੇ ਸਿੱਖੀ ਦਾ ਘਾਣ ਹੋਇਆ ਹੈ, ਜਿਸ ‘ਤੇ ਅਕਾਲ ਤਖ਼ਤ ਸਾਹਿਬ ਤੋਂ ਸਜ਼ਾ ਸੁਣਾਉਣ ਮਗਰੋਂ ਹੀ ਉੱਥੇ ਜਾ ਕੇ ਭੁੱਲ ਬਖਸ਼ਾਉਣੀ ਚਾਹੀਦੀ ਸੀ।

ਗੁਨਾਹਾਂ ਦੀ ਭੁੱਲ ਬਖਸ਼ਾਉਣ ਆਏ ਬਾਦਲਾਂ ਦੇ ਪੈਰਾਂ ਤਲੇ ਸ਼੍ਰੋਮਣੀ ਕਮੇਟੀ ਨੇ ਵਿਛਾਇਆ ਕਾਰਪਿਟ
ਸ਼੍ਰੋਮਣੀ ਕਮੇਟੀ ਨੇ ਅਕਾਲੀ ਲੀਡਰਸ਼ਿਪ ਲਈ ਵਿਛਾਇਆ ‘ਰੈੱਡ ਕਾਰਪੈਟ’
ਇਸੇ ਦੌਰਾਨ ਹੋਈਆਂ ਭੁੱਲਾਂ ਬਖ਼ਸ਼ਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਸਵਾਗਤ ਲਈ ਸ਼੍ਰੋਮਣੀ ਕਮੇਟੀ ਵਲੋਂ ਘੰਟਾ ਘਰ ਪਲਾਜ਼ਾ ਵਿਖੇ ਰੈੱਡ ਕਾਰਪੈਟ ਵਿਛਾਇਆ ਗਿਆ, ਜਿਸ ਦੀ ਸਿੱਖ ਸੰਗਤਾਂ ਵਿਚ ਕਾਫ਼ੀ ਚਰਚਾ ਰਹੀ। ਇਥੇ ਹੀ ਬੱਸ ਨਹੀਂ ਸਗੋਂ ਸਰਦੀ ਨੂੰ ਮੁੱਖ ਰੱਖਦਿਆਂ ਇਸ ਲਾਲ ਕਾਰਪੈਟ ਹੇਠਾਂ ਫੋਮ ਵੀ ਰੱਖੀ ਗਈ ਸੀ ਤਾਂ ਕਿ ਤੁਰਦੇ ਸਮੇਂ ਪੈਰਾਂ ਨੂੰ ਨਿੱਘ ਮਿਲਦਾ ਰਹੇ। ਜ਼ਿਕਰਯੋਗ ਹੈ ਕਿ ਆਮ ਤੌਰ ‘ਤੇ ਇਥੇ ਹਰਾ ਕਾਰਪੈਟ ਜਾਂ ਟਾਟ ਹੀ ਵਿਛਿਆ ਹੁੰਦਾ ਹੈ ਤੇ ਕਿਸੇ ਅਹਿਮ ਸ਼ਖ਼ਸੀਅਤ ਦੇ ਆਉਣ ‘ਤੇ ਹੀ ਲਾਲ ਕਾਰਪੈਟ ਵਿਛਾਇਆ ਜਾਂਦਾ ਹੈ।

ਸੁਖਬੀਰ ਤੇ ਮਜੀਠੀਆ ਨੂੰ ਸੰਗਤ ਕਦੇ ਮੁਆਫ ਨਹੀਂ ਕਰੇਗੀ : ਰਣਜੀਤ ਸਿੰਘ ਬ੍ਰਹਮਪੁਰਾ
ਸ੍ਰੀ ਗੋਇੰਦਵਾਲ ਸਾਹਿਬ : ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਬਾਦਲਾਂ ਨੂੰ ਕਰਾਰੇ ਹੱਥੀਂ ਲੈਂਦਿਆਂ ਬਾਦਲ ਪਰਿਵਾਰ ਵਲੋਂ ਦਰਬਾਰ ਸਾਹਿਬ ਵਿਚ ਆਪਣਾ ਲਾਮ ਲਸ਼ਕਰ ਨਾਲ ਲੈ ਕੇ ਭੁੱਲਾਂ ਬਖ਼ਸ਼ਾਉਣ ਨੂੰ ਡਰਾਮਾ ਕਰਾਰ ਦਿੱਤਾ। ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਦਰਬਾਰ ਸਾਹਿਬ ਅੱਗੇ ਖ਼ੁਦ ਪੇਸ਼ ਹੋ ਕੇ ਆਪਣਾ ਗੁਨਾਹ ਕਬੂਲ ਕਰ ਲਿਆ। ਇਸ ਕਾਰਨ ਅਕਾਲੀ ਦਲ ਦੀ ਰਹਿੰਦੀ-ਖੂੰਹਦੀ ਸਾਖ ਵੀ ਡੁੱਬਦੀ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਪਾਪ ਦੀ ਕਮਾਈ ਨਾਲ ਘੜੇ ਭਰੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਨੇ ਜੋ ਭੁੱਲਾਂ ਕੀਤੀਆਂ ਹਨ, ਸੰਗਤ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰੇਗੀ। ਇਸ ਮੌਕੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਧਰਮ ਦੀ ਓਟ ਵਿੱਚ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਬਾਦਲ ਅਤੇ ਮਜੀਠੀਆ ਨੂੰ ਲੋਕ ਨਕਾਰ ਚੁੱਕੇ ਹਨ। ਲੋਕ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰਕਗੇ। ਉਨ੍ਹਾਂ ਕਿਹਾ ਕਿ 16 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਤੋਂ ਨਵੀਂ ਪਾਰਟੀ ਦਾ ਆਗਾਜ਼ ਹੋਵੇਗਾ, ਜਿਸ ਵਿੱਚ ਹਲਕੇ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ।

Check Also

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦਾ ਨਤੀਜਾ ਐਲਾਨਿਆ

ਲੁਧਿਆਣਾ ਦੀ ਆਦਿੱਤੀ ਨੇ 100% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ …