Breaking News
Home / ਪੰਜਾਬ / ਬਾਦਲਾਂ ਦੇ ਗੁਨਾਹ ਮੁਆਫੀਯੋਗ ਨਹੀਂ : ਸੇਵਾ ਸਿੰਘ ਸੇਖਵਾਂ

ਬਾਦਲਾਂ ਦੇ ਗੁਨਾਹ ਮੁਆਫੀਯੋਗ ਨਹੀਂ : ਸੇਵਾ ਸਿੰਘ ਸੇਖਵਾਂ

ਬਟਾਲਾ/ਬਿਊਰੋ ਨਿਊਜ਼ : ਟਕਸਾਲੀ ਅਕਾਲੀ ਆਗੂ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਬਾਦਲਾਂ ਨੇ ਆਪਣੇ ਦਸ ਸਾਲਾਂ ਵਿਚ ਗ਼ੁਨਾਹ ਨਹੀਂ, ਸਗੋਂ ਪਾਪ ਕੀਤੇ ਹਨ। ਉਨ੍ਹਾਂ ਕਿਹਾ ਕਿ ਬਾਦਲਾਂ ਦੇ ਸੁਰੱਖਿਆ ਕਰਮੀਆਂ ਵੱਲੋਂ ਜੁੱਤੀਆਂ ਸਣੇ ਲੰਗਰ ਵਿਚ ਜਾਣਾ ਹੋਰ ਵੀ ਵੱਡਾ ਗ਼ੁਨਾਹ ਹੈ। ਉਨ੍ਹਾਂ ਕਿਹਾ ਕਿ ਬਾਦਲ ਲਿਖ ਕੇ ਦੇਣ ਕਿ ਉਨ੍ਹਾਂ ਕਿਹੜੇ ਗ਼ੁਨਾਹ ਕੀਤੇ ਹਨ। ਅਕਾਲੀ ਦਲ ਦੇ ਰਾਜ ਦੌਰਾਨ ਦਹਾਕਾ ਭਰ ਚਿੱਟਾ ਤੇ ਹੋਰ ਮਾਰੂ ਨਸ਼ੇ ਵੇਚਣ ਨਾਲ ਸੈਂਕੜੇ ਨੌਜਵਾਨ ਮੌਤ ਦੇ ਮੂੰਹ ਜਾ ਪਏ ਹਨ, ਮ੍ਰਿਤਕ ਨੌਜਵਾਨਾਂ ਦੀਆਂ ਮਾਵਾਂ ਅਕਾਲੀ ਦਲ ਸਰਪ੍ਰਸਤ ਤੇ ਪ੍ਰਧਾਨ ਨੂੰ ਮੁਆਫ਼ ਕਿਵੇਂ ਕਰਨਗੀਆਂ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਗੁਨਾਹ ਮੁਆਫ਼ੀਯੋਗ ਨਹੀਂ।

ਬਾਦਲ ਪਰਿਵਾਰ ਦਾ ਗੁਨਾਹ ਮੁਆਫ਼ੀ ਯੋਗ ਨਹੀਂ: ਟਕਸਾਲੀ ਆਗੂ
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਵੱਲੋਂ ਦਸ ਸਾਲ ਦੇ ਰਾਜ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਯਾਚਨਾ ਵਾਸਤੇ ਰਖਵਾਏ ਗਏ ਅਖੰਡ ਪਾਠ ਨੂੰ ਪਾਰਟੀ ਤੋਂ ਵੱਖ ਹੋਏ ਟਕਸਾਲੀ ਆਗੂਆਂ ਨੇ ਸਿੱਖ ਕੌਮ ਦੀਆਂ ਅੱਖਾਂ ਵਿਚ ਘੱਟਾ ਪਾਉਣ ਵਾਲੀ ਕਾਰਵਾਈ ਕਰਾਰ ਦਿੱਤਾ ਹੈ ਅਤੇ ਆਖਿਆ ਕਿ ਬਾਦਲ ਪਰਿਵਾਰ ਦਾ ਗੁਨਾਹ ਨਾ ਮੁਆਫ਼ੀ ਯੋਗ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਵਿੱਚੋਂ ਫਾਰਗ ਕੀਤੇ ਗਏ ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਬਾਦਲ ਪਰਿਵਾਰ ਦੇ ਗੁਨਾਹ ਨਾ ਮੁਆਫ਼ੀਯੋਗ ਹਨ ਕਿਉਂਕਿ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੰਗਾਰ ਕੇ ਡੇਰਾ ਸਿਰਸਾ ਦੇ ਮੁਖੀ ਨਾਲ ਸਾਂਝ ਪਾਈ ਸੀ। ਉਨ੍ਹਾਂ ਆਖਿਆ ਕਿ ਅਰਦਾਸ ਵਿੱਚ ਸ਼੍ਰੋਮਣੀ ਅਕਾਲੀ ਦਲ ਕੋਲੋਂ ਭੁੱਲਾਂ ਹੋਣ ਦਾ ਜ਼ਿਕਰ ਕਰਨਾ ਉਚਿਤ ਨਹੀਂ ਹੈ ਕਿਉਂਕਿ ਗਲਤੀਆਂ ਪਾਰਟੀ ਕੋਲੋਂ ਨਹੀਂ ਸਗੋਂ ਇਕ ਪਰਿਵਾਰ ਕੋਲੋਂ ਹੋਈਆਂ ਹਨ।
ਮਜੀਠੀਆ ਨੂੰ ਰੱਖਿਆ ਗਿਆ ਬਾਦਲਾਂ ਤੋਂ ਦੂਰ
ਸ਼੍ਰੋਮਣੀ ਅਕਾਲੀ ਦਲ ਵਲੋਂ ਦਰਬਾਰ ਸਾਹਿਬ ਵਿਖੇ ਭੁੱਲਾਂ ਬਖਸ਼ਾਉਣ ਲਈ ਕੀਤੀ ਗਈ ਤਿੰਨ ਦਿਨ ਦੀ ਸੇਵਾ ਦੌਰਾਨ ਇਕ ਬੜੀ ਸੋਚੀ ਸਮਝੀ ਰਣਨੀਤੀ ਤਹਿਤ ਬਿਕਰਮ ਮਜੀਠੀਆ ਨੂੰ ਬਾਦਲ ਪਰਿਵਾਰ ਤੋਂ ਦੂਰ ਰੱਖਿਆ ਗਿਆ। ਉਹ ਸੰਗਤ ਵਿਚ ਬੈਠੇ ਨਜ਼ਰ ਆਏ ਅਤੇ ਜੋੜੇ ਤੇ ਬਰਤਨ ਸਾਫ ਕਰਨ ਦੀ ਸੇਵਾ ਦੌਰਾਨ ਵੀ ਉਹ ਪ੍ਰਕਾਸ਼ ਸਿੰਘ ਬਾਦਲ , ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਤੋਂ ਦੂਰ ਹੀ ਰਹੇ ਤਾਂ ਕਿ ਉਹ ਇਕ ਫੋਟੋ ਫਰੇਮ ਵਿਚ ਨਾ ਆਉਣ।
ਆਪਣੇ ਗੁਨਾਹਾਂ ਬਾਰੇ ਲਿਖ ਕੇ ਦੇਣ ਬਾਦਲ: ਬਾਜਵਾ
ਬਟਾਲਾ : ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਾਦੀਆਂ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਪ੍ਰਧਾਨ ਤੋਂ ਪੁੱਛਿਆ ਕਿ ਉਹ ਕਿਹੜੀ ਭੁੱਲ ਬਖ਼ਸ਼ਾ ਰਹੇ ਹਨ? ਉਨ੍ਹਾਂ ਕਿਹਾ ਕਿ ਚੰਗਾ ਹੋਵੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹਿਲਾਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਲਿਖ ਕੇ ਦੇਣ ਕਿ ਉਨ੍ਹਾਂ ਨੇ ਪੰਜਾਬ ਵਿੱਚ ਕਿਹੜੇ ਗ਼ੁਨਾਹ ਕੀਤੇ ਹਨ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …