ਸੂਬਾ ਸਰਕਾਰ ਨੇ ਵੱਧ ਟੈਕਸ ਦੇਣ ਵਾਲੇ ਪੰਜ ਕਾਰੋਬਾਰੀਆਂ ਦਾ ਕੀਤਾ ਸਨਮਾਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਜੂਨ ਮਹੀਨੇ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ 44 ਫੀਸਦ ਵੱਧ ਜੀ.ਐਸ.ਟੀ. ਮਾਲੀਆ ਇਕੱਠਾ ਹੋਇਆ ਹੈ। ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਚੀਮਾ ਨੇ ਕਿਹਾ ਕਿ ਇਸ ਵਾਰ ਜੂਨ ਮਹੀਨੇ ਵਿੱਚ 2379.90 ਕਰੋੜ ਰੁਪਏ ਜੀਐਸਟੀ ਮਾਲੀਆ ਇਕੱਠਾ ਹੋਇਆ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 732 ਕਰੋੜ ਰੁਪਏ ਵੱਧ ਹੈ। ਇਸੇ ਦੌਰਾਨ ਸੂਬਾ ਸਰਕਾਰ ਵੱਲੋਂ ਜੂਨ ਮਹੀਨੇ ਦੌਰਾਨ ਪੰਜਾਬ ਵਿੱਚ ਸਭ ਤੋਂ ਵੱਧ ਟੈਕਸ ਦਾ ਭੁਗਤਾਨ ਕਰਨ ਵਾਲੇ ਪੰਜ ਕਾਰੋਬਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਚੀਮਾ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਸਮੇਂ ਪੰਜਾਬ ਦੀ ਵਿੱਤੀ ਹਾਲਤ ਬਹੁਤ ਮਾੜੀ ਹੋ ਗਈ ਸੀ ਤੇ ਸੂਬਾ ਸਰਕਾਰ ਸਿਰ ਕਰਜ਼ੇ ਦਾ ਬੋਝ ਹੀ ਵਧਿਆ ਸੀ। ਹਰਪਾਲ ਚੀਮਾ ਨੇ 8500 ਕਰੋੜ ਰੁਪਏ ਦਾ ਨਵਾਂ ਕਰਜ਼ਾ ਚੁੱਕਣ ਦੀ ਪੁਸ਼ਟੀ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਸ ਬਾਰੇ 18,200 ਕਰੋੜ ਰੁਪਏ ਪਿਛਲੇ ਕਰਜ਼ ਦੀ ਮੂਲ ਰਕਮ ਅਤੇ 25000 ਕਰੋੜ ਰੁਪਏ ਵਿਆਜ ਵਜੋਂ ਭੁਗਤਾਨ ਕੀਤਾ ਜਾਣਾ ਹੈ।