
ਕਿਹਾ : ਕਾਂਗਰਸ ਦੀ ਅਗਵਾਈ ਵਾਲਾ ‘ਇੰਡੀਆ’ ਨਾਮ ਦਾ ਗਠਜੋੜ ਹਾਰੇਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਤਵਾਰ ਨੂੰ ਤੇਲੰਗਾਨਾ ਦੇ ਤੁਰਪਾਨ ਵਿਚ ਭਾਜਪਾ ਦੀ ਇਕ ਚੋਣ ਰੈਲੀ ਦੌਰਾਨ ਕਿਹਾ ਕਿ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿਚ ਵਿਧਾਨ ਸਭਾ ਲਈ ਵੋਟਾਂ ਪੈ ਚੁੱਕੀਆਂ ਹਨ, ਇਨ੍ਹਾਂ ਤਿੰਨਾਂ ਸੂਬਿਆਂ ਵਿਚ ਭਾਜਪਾ ਦੀ ਅਗਵਾਈ ਵਾਲਾ ਗਠਜੋੜ ਜਿੱਤੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਅਗਵਾਈ ਵਾਲਾ ਇੰਡੀਆ ਨਾਮ ਦਾ ਗਠਜੋੜ ਹਾਰ ਜਾਵੇਗਾ। ਪੀਐਮ ਨੇ ਕਿਹਾ ਇਥੋਂ ਦੇ ਵੋਟਰ ਕਾਂਗਰਸ ਪਾਰਟੀ ਨੂੰ ਜੜੋਂ ਹਿਲਾ ਦੇਣਗੇ। ਤੇਲੰਗਾਨਾ ਵਿਚ ਭਾਜਪਾ ਦੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਬੀ.ਆਰ.ਐਸ. ਦੋਵਾਂ ਪਾਰਟੀਆਂ ਦੀ ਪਹਿਚਾਣ ਭਿ੍ਰਸ਼ਟਾਚਾਰ, ਪਰਿਵਾਰਵਾਦ ਅਤੇ ਖਰਾਬ ਕਾਨੂੰਨ ਵਿਵਸਥਾ ਕਰਕੇ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਇਕ ਦੂਜੇ ਦੀ ਕਾਰਬਨ ਕਾਪੀ ਹਨ। ਪੀਐਮ ਨੇ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਨੇ ਕਿਸਾਨ, ਜਵਾਨ ਅਤੇ ਨੌਜਵਾਨਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸੂਬਿਆਂ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਸੀ, ਉਥੇ ਸਭ ਤੋਂ ਜ਼ਿਆਦਾ ਘਪਲੇ ਦੇਖਣ ਨੂੰ ਮਿਲੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬੀ.ਆਰ.ਐਸ. ਵੀ ਅਜਿਹੇ ਮਾਮਲਿਆਂ ਵਿਚ ਕਾਂਗਰਸ ਤੋਂ ਪਿੱਛੇ ਨਹੀਂ ਰਹੀ ਹੈ। ਧਿਆਨ ਰਹੇ ਕਿ ਤੇਲੰਗਾਨਾ ਵਿਚ ਵੀ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ।