21.8 C
Toronto
Sunday, October 5, 2025
spot_img
Homeਭਾਰਤਟਰੇਡ ਯੂਨੀਅਨਾਂ ਦੀ ਹੜਤਾਲ ਨੂੰ ਮਿਲਿਆ ਭਰਵਾਂ ਹੁੰਗਾਰਾ

ਟਰੇਡ ਯੂਨੀਅਨਾਂ ਦੀ ਹੜਤਾਲ ਨੂੰ ਮਿਲਿਆ ਭਰਵਾਂ ਹੁੰਗਾਰਾ

ਜਨਤਕ ਟਰਾਂਸਪੋਰਟ ਅਤੇ ਬੈਂਕਿੰਗ ਸੇਵਾਵਾਂ ‘ਤੇ ਪਿਆ ਅਸਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਵਰਕਰਾਂ, ਕਿਸਾਨਾਂ ਅਤੇ ਆਮ ਲੋਕਾਂ ‘ਤੇ ਅਸਰ ਪਾਉਣ ਵਾਲੀਆਂ ਸਰਕਾਰੀ ਨੀਤੀਆਂ ਖਿਲਾਫ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਕੀਤੀ ਗਈ ਦੋ ਦਿਨਾਂ (28-29 ਮਾਰਚ) ਹੜਤਾਲ ਨੂੰ ਪੂਰੇ ਦੇਸ਼ ‘ਚ ਭਰਵਾਂ ਹੁੰਗਾਰਾ ਮਿਲਿਆ ਹੈ। ਦੇਸ਼ ਦੇ ਕੁਝ ਹਿੱਸਿਆਂ ‘ਚ ਆਮ ਜਨਜੀਵਨ ‘ਤੇ ਹੜਤਾਲ ਕਾਰਨ ਅਸਰ ਪਿਆ। ਮੀਡੀਆ ਰਿਪੋਰਟਾਂ ਮੁਤਾਬਕ ਕੁਝ ਸੂਬਿਆਂ ‘ਚ ਜਨਤਕ ਟਰਾਂਸਪੋਰਟ ਅਤੇ ਬੈਂਕਿੰਗ ਸੇਵਾਵਾਂ ਦੂਜੇ ਦਿਨ ਵੀ ਅੰਸ਼ਕ ਤੌਰ ‘ਤੇ ਪ੍ਰਭਾਵਿਤ ਰਹੀਆਂ।
ਹਰਿਆਣਾ ‘ਚ ਵੀ ਹੜਤਾਲ ਦਾ ਅਸਰ ਦੇਖਣ ਨੂੰ ਮਿਲਿਆ ਅਤੇ ਕਈ ਥਾਵਾਂ ‘ਤੇ ਟਰਾਂਸਪੋਰਟ ਸੇਵਾਵਾਂ ਠੱਪ ਰਹੀਆਂ। ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੀ ਜਨਰਲ ਸਕੱਤਰ ਅਮਰਜੀਤ ਕੌਰ ਨੇ ਦੱਸਿਆ ਕਿ ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਦੇ ਵਰਕਰ ਵੀ ਦੂਜੇ ਦਿਨ ਹੜਤਾਲ ‘ਚ ਸ਼ਾਮਲ ਹੋਏ। ‘ਸਾਰੇ ਸੈਕਟਰਾਂ ਦੇ ਤਕਰੀਬਨ ਸਾਰੇ ਕਾਮਿਆਂ ਨੇ ਹੜਤਾਲ ‘ਚ ਸ਼ਮੂਲੀਅਤ ਕੀਤੀ। ਸਾਨੂੰ ਪਿੰਡਾਂ ‘ਚੋਂ ਬਹੁਤ ਹੀ ਵਧੀਆ ਹੁੰਗਾਰਾ ਮਿਲਿਆ ਹੈ।
ਸੰਸਦ ‘ਚ ਗੂੰਜਿਆ ਕਾਮਿਆਂ ਦੀ ਹੜਤਾਲ ਦਾ ਮੁੱਦਾ : ਹੜਤਾਲ ਦਾ ਮੁੱਦਾ ਸੰਸਦ ਦੇ ਦੋਵੇਂ ਸਦਨਾਂ ‘ਚ ਵੀ ਗੂੰਜਿਆ। ਰਾਜ ਸਭਾ ‘ਚ ਵਿਰੋਧੀ ਧਿਰ ਨੇ ਦੇਸ਼ ਵਿਆਪੀ ਹੜਤਾਲ ਦਾ ਮੁੱਦਾ ਉਠਾਇਆ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਾਮਿਆਂ ਦੀਆਂ ਮੰਗਾਂ ਵੱਲ ਧਿਆਨ ਦਿੰਦਿਆਂ ਲੋੜੀਂਦੇ ਕਦਮ ਚੁੱਕੇ।
ਪੰਜਾਬ ‘ਚ ਮਜ਼ਦੂਰਾਂ ਅਤੇ ਕਿਸਾਨਾਂ ਨੇ ਬੰਦ ਨੂੰ ਬਣਾਇਆ ਸਫ਼ਲ
ਚੰਡੀਗੜ੍ਹ : ਕੇਂਦਰੀ ਟਰੇਡ ਯੂਨੀਅਨਾਂ ਅਤੇ ਫੈਡਰੇਸ਼ਨਾਂ ਦੇ ਸੱਦੇ ਉਤੇ ਦੇਸ਼ ਵਿਆਪੀ ਹੜਤਾਲ ਦੇ ਅਖੀਰਲੇ ਦਿਨ ਮੰਗਲਵਾਰ ਨੂੰ ਮਜ਼ਦੂਰ-ਕਿਸਾਨ ਏਕਤਾ, ਆਂਗਨਵਾੜੀ, ਆਸ਼ਾ ਵਰਕਰਾਂ, ਮਿੱਡ-ਡੇ-ਮੀਲ ਵਰਕਰਾਂ, ਫੈਕਟਰੀਆਂ/ਕਾਰਖਾਨਿਆਂ ਵਿੱਚ ਕੰਮ ਕਰਦੇ ਕਿਰਤੀਆਂ ਅਤੇ ਮੁਲਾਜ਼ਮਾਂ ਨੇ ਪੂਰਾ ਜੋਸ਼ ਦਿਖਾਇਆ ਅਤੇ ‘ਪੇਂਡੂ ਭਾਰਤ ਬੰਦ’ ਦੇ ਸੱਦੇ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਇਆ। ਸੂਬੇ ਵਿੱਚ ਬਲਾਕ, ਤਹਿਸੀਲ ਅਤੇ ਸਥਾਨਕ ਪੱਧਰਾਂ ਉਤੇ ਧਰਨਿਆਂ ਅਤੇ ਰੋਸ ਰੈਲੀਆਂ ਰਾਹੀਂ ਕੇਂਦਰ ਵਿਚਲੀ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਅਤੇ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਅਤੇ ‘ਦੇਸ਼ ਬਚਾਓ ਤੇ ਲੋਕ ਬਚਾਓ’ ਦਾ ਨਾਅਰਾ ਬੁਲੰਦ ਕੀਤਾ ਗਿਆ। ਆਂਗਨਵਾੜੀ ਵਰਕਰਾਂ ਤੇ ਆਸ਼ਾ ਵਰਕਰਾਂ ਵੱਲੋਂ ਕਈ ਥਾਈਂ ਆਵਾਜਾਈ ਜਾਮ ਕੀਤੀ ਗਈ। ਕਿਸਾਨ ਯੂਨੀਅਨ ਉਗਰਾਹਾਂ ਅਤੇ ਚੜੂਨੀ ਦੇ ਨਾਲ-ਨਾਲ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਵੀ ਮੋਦੀ ਸਰਕਾਰ ਖਿਲਾਫ਼ ਖੂਬ ਗੁੱਸਾ ਕੱਢਿਆ ਗਿਆ।

 

RELATED ARTICLES
POPULAR POSTS