16 C
Toronto
Sunday, October 5, 2025
spot_img
Homeਭਾਰਤਚੀਨ ਨੇ ਸਿੱਕਮ 'ਚ ਭਾਰਤੀ ਬੰਕਰ ਢਾਹਿਆ

ਚੀਨ ਨੇ ਸਿੱਕਮ ‘ਚ ਭਾਰਤੀ ਬੰਕਰ ਢਾਹਿਆ

ਦੋਵਾਂ ਮੁਲਕਾਂ ਦੀਆਂ ਫੌਜਾਂ ਆਈਆਂ ਆਹਮੋ-ਸਾਹਮਣੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਚੀਨ ਨੇ ਸਿੱਕਮ ਵਿੱਚ ਭਾਰਤ ਤੇ ਭੂਟਾਨ ਨਾਲ ਲਗਦੀ ਆਪਣੀ ਤਿੰਨ ਧਿਰੀ ਸਰਹੱਦ ਉਤੇ ਭਾਰਤੀ ਥਲ ਸੈਨਾ ਦਾ ਇਕ ਪੁਰਾਣਾ ਬੰਕਰ ਬੁਲਡੋਜ਼ਰ ਨਾਲ ਹਟਾ ਦਿੱਤਾ। ਸਰਕਾਰੀ ਸੂਤਰਾਂ ਅਨੁਸਾਰ ਇਹ ਘਟਨਾ ਸਿੱਕਮ ਵਿੱਚ ਡੋਕਾ ਲਾ ਵਿੱਚ ਇਸ ਮਹੀਨੇ ਦੇ ਪਹਿਲੇ ਹਫ਼ਤੇ ਵਾਪਰੀ, ਜਿਸ ਕਾਰਨ ਦੋਵੇਂ ਮੁਲਕਾਂ ਦੀਆਂ ਫੌਜਾਂ ਆਹਮੋ-ਸਾਹਮਣੇ ਆ ਗਈਆਂ। ਸੂਤਰਾਂ ਨੇ ਕਿਹਾ ਕਿ ਚੀਨੀ ਅਧਿਕਾਰੀਆਂ ਨੇ ਭਾਰਤੀ ਫੌਜ ਨੂੰ ਬੰਕਰ ਹਟਾਉਣ ਲਈ ਕਿਹਾ ਸੀ ਪਰ ਜਦੋਂ ਮੰਗ ਨਾ ਮੰਨੀ ਗਈ ਤਾਂ ਬੁਲਡੋਜ਼ਰ ਦੀ ਮਦਦ ਨਾਲ ਜਬਰੀ ਇਸ ਬੰਕਰ ਨੂੰ ਹਟਾ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਚੀਨ ਨੂੰ ਸਿੱਕਮ ਵਿੱਚ ਭਾਰਤੀ ਫੌਜ ਵੱਲੋਂ ਪੁਰਾਣੇ ਬੰਕਰਾਂ ਨੂੰ ਨਵਾਂ ਰੂਪ ਦੇਣ ਅਤੇ ਨਵੇਂ ਬੰਕਰ ਬਣਾਉਣ ਉਤੇ ਇਤਰਾਜ਼ ਹੈ। ਜੰਮੂ ਕਸ਼ਮੀਰ ਤੋਂ ਅਰੁਣਾਂਚਲ ਪ੍ਰਦੇਸ਼ ਤੱਕ ਲਗਦੀ 3488 ਕਿਲੋਮੀਟਰ ਲੰਮੀ ਭਾਰਤ-ਚੀਨ ਸਰਹੱਦ ਵਿੱਚੋਂ 220 ਕਿਲੋਮੀਟਰ ਦਾ ਹਿੱਸਾ ਸਿੱਕਮ ਵਿੱਚ ਪੈਂਦਾ ਹੈ। ਸੂਤਰਾਂ ਨੇ ਕਿਹਾ ਕਿ ਪੇਈਚਿੰਗ ਨੂੰ ਦਲਾਈਲਾਮਾ ਦੇ ਹਾਲੀਆ ਅਰੁਣਾਂਚਲ ਪ੍ਰਦੇਸ਼ ਦੌਰੇ ਉਤੇ ਵੀ ਇਤਰਾਜ਼ ਹੈ ਅਤੇ ਉਹ ਸਿੱਕਮ ਵਿੱਚ ਸਰਹੱਦੀ ਇਲਾਕਿਆਂ ਉਤੇ ਤਣਾਅ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਿੱਕਮ ਸਰਕਾਰ ਨੇ ਸਰਹੱਦ ਉਤੇ ਬਣੇ ਹਾਲਾਤ ਦੇ ਵੇਰਵਿਆਂ ਵਾਲੀ ਰਿਪੋਰਟ ਕੇਂਦਰ ਸਰਕਾਰ ਨੂੰ ਭੇਜ ਦਿੱਤੀ ਹੈ। ਦੋਵਾਂ ਮੁਲਕਾਂ ਵਿਚਾਲੇ ਬਣੇ ਤਣਾਅ ਵਿਚਕਾਰ ਚੀਨ ਨੇ ਭਾਰਤ ਨੂੰ ਚੇਤਾਵਨੀ ਦਿੱਤੀ ਕਿ ਨਾਥੂ ਲਾ ਦੱਰੇ ਰਾਹੀਂ ਉਸ ਦੇ ਸ਼ਰਧਾਲੂਆਂ ਦੀ ਕੈਲਾਸ਼ ਮਾਨਸਰੋਵਰ ਯਾਤਰਾ ਇਸ ਗੱਲ ਉਤੇ ਨਿਰਭਰ ਕਰੇਗੀ ਕਿ ਕੀ ਭਾਰਤ ‘ਆਪਣੀਆਂ ਗਲਤੀਆਂ ਸੁਧਾਰਦਾ’ ਹੈ ਜਾਂ ਨਹੀਂ। ਪੇਈਚਿੰਗ ਨੇ ਸਿੱਕਮ ਸੈਕਟਰ ਵਿੱਚ ਭਾਰਤ-ਚੀਨ ਸਰਹੱਦ ਉਤੇ ਆਪਣੇ ਪਾਸੇ ਹੋ ਰਹੇ ਸੜਕ ਨਿਰਮਾਣ ਨੂੰ ਜਾਇਜ਼ ਠਹਿਰਾਉਂਦਿਆਂ ਦਾਅਵਾ ਕੀਤਾ ਕਿ ਇਹ ਸੜਕ ਭਾਰਤ ਜਾਂ ਭੂਟਾਨ ਦੀ ਜਗ੍ਹਾ ਉਤੇ ਨਹੀਂ, ਸਗੋਂ ਚੀਨ ਦੀ ਧਰਤੀ ਉਤੇ ਬਣਾਈ ਜਾ ਰਹੀ ਹੈ ਅਤੇ ਕਿਸੇ ਮੁਲਕ ਨੂੰ ਇਸ ਵਿੱਚ ਦਖ਼ਲਅੰਦਾਜ਼ੀ ਕਰਨ ਦਾ ਕੋਈ ਹੱਕ ਨਹੀਂ।

RELATED ARTICLES
POPULAR POSTS