Breaking News
Home / ਭਾਰਤ / ਮੋਦੀ ਸਰਕਾਰ ਕਰੋੜਾਂ ਦੀ ਸੰਪਤੀ ਆਪਣੇ ‘ਅਰਬਪਤੀ ਮਿੱਤਰਾਂ’ ਨੂੰ ਸੌਂਪੇਗੀ!

ਮੋਦੀ ਸਰਕਾਰ ਕਰੋੜਾਂ ਦੀ ਸੰਪਤੀ ਆਪਣੇ ‘ਅਰਬਪਤੀ ਮਿੱਤਰਾਂ’ ਨੂੰ ਸੌਂਪੇਗੀ!

ਸੱਤਰ ਸਾਲਾਂ ਦੀ ਮਿਹਨਤ ਨਾਲ ਬਣੀ ਸੰਪਤੀ ਵੇਚ ਰਹੀ ਹੈ ਸਰਕਾਰ: ਕਾਂਗਰਸ ਦਾ ਆਰੋਪ
ਨਵੀਂ ਦਿੱਲੀ : ਕਾਂਗਰਸ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮੁਦਰੀਕਰਨ ਯੋਜਨਾ ‘ਲੁੱਟ ਨੂੰ ਕਾਨੂੰਨੀ ਰੂਪ ਦੇ ਕੇ ਯੋਜਨਾਬੱਧ ਢੰਗ ਨਾਲ ਲੁੱਟਮਾਰ’ ਕਰਨ ਦੇ ਬਰਾਬਰ ਹੈ। ਪਾਰਟੀ ਨੇ ਦੋਸ਼ ਲਾਇਆ ਕਿ ਦਹਾਕਿਆਂ ਦੌਰਾਨ ਬਣਾਏ ਗਏ ਅਨਮੋਲ ਜਨਤਕ ਅਸਾਸਿਆਂ ਨੂੰ ਹੁਣ ਚੁਣੇ ਹੋਏ ਕੁਝ ਗਿਣਤੀ ਦੇ ਲੋਕਾਂ ਨੂੰ ਸੌਂਪਿਆ ਜਾ ਰਿਹਾ ਹੈ। ਕਾਂਗਰਸ ਨੇ ਕਿਹਾ ਕਿ ਸਰਕਾਰ, ਕਰੋੜਾਂ ਰੁਪਏ ਦੀ ਸੰਪਤੀ ਜੋ ਕਿ ਲੋਕਾਂ ਦੀ ਸਖ਼ਤ ਮਿਹਨਤ ਨਾਲ ਬਣੀ ਸੀ, ਨੂੰ ਆਪਣੇ ਅਰਬਪਤੀ ‘ਮਿੱਤਰਾਂ’ ਨੂੰ ਸੌਂਪ ਰਹੀ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਦੇ ਇਸ ਕਦਮ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਭਾਰਤ ਦੇ ‘ਤਾਜ ਦੇ ਰਤਨ’ ਵੇਚ ਰਹੀ ਹੈ ਜੋ ਕਿ ਲੋਕਾਂ ਦੇ ਪੈਸੇ ਨਾਲ 70 ਸਾਲਾਂ ਵਿਚ ਕਮਾਏ ਗਏ ਹਨ।
ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਨਾਲ ਨਵੀਂ ਦਿੱਲੀ ‘ਚ ਇਕ ਮੀਡੀਆ ਕਾਨਫਰੰਸ ਵਿਚ ਰਾਹੁਲ ਨੇ ਕਿਹਾ ਕਿ ਭਾਜਪਾ ਦਾਅਵਾ ਕਰਦੀ ਹੈ ਕਿ ਭਾਰਤ ‘ਚ ਪਿਛਲੇ 70 ਸਾਲਾਂ ਵਿਚ ਕੁਝ ਨਹੀਂ ਹੋਇਆ, ਪਰ ਹੁਣ ਇਨ੍ਹਾਂ ਸਾਲਾਂ ਦੌਰਾਨ ਹੀ ਬਣੇ ਅਸਾਸਿਆਂ ਨੂੰ ਵੇਚਿਆ ਜਾ ਰਿਹਾ ਹੈ।
ਰਾਹੁਲ ਨੇ ਆਰੋਪ ਲਾਇਆ ਕਿ ਨਰਿੰਦਰ ਮੋਦੀ ਸਰਕਾਰ ਦੀ ਨਿੱਜੀਕਰਨ ਨੀਤੀ ਪ੍ਰਮੁੱਖ ਖੇਤਰਾਂ ਵਿਚ ਏਕਾਧਿਕਾਰ ਕਾਇਮ ਕਰਨ ‘ਤੇ ਕੇਂਦਰਤ ਹੈ ਜਿਸ ਨਾਲ ਨੌਕਰੀਆਂ ਖ਼ਤਮ ਹੋਣਗੀਆਂ। ਚਿਦੰਬਰਮ ਨੇ ਕਿਹਾ ਕਿ ਸੱਤਰ ਸਾਲਾਂ ਦੀ ਕਮਾਈ ਨੂੰ ਵੇਚਣ ਦਾ ਇਕੋ-ਇਕ ਮੰਤਵ ਪੈਸਾ ਇਕੱਠਾ ਕਰਨਾ ਨਹੀਂ ਹੋਣਾ ਚਾਹੀਦਾ। ਸਾਬਕਾ ਮੰਤਰੀ ਨੇ ਕਿਹਾ ਕਿ ਐਨੇ ਵੱਡੇ ਪੱਧਰ ਉਤੇ ਸੰਪਤੀ ਵੇਚਣ ਤੋਂ ਪਹਿਲਾਂ ਸਾਰੇ ਹਿੱਤਧਾਰਕਾਂ, ਮੁਲਾਜ਼ਮਾਂ, ਵਰਕਰ ਯੂਨੀਅਨਾਂ, ਕਿਸਾਨਾਂ ਨਾਲ ਰਾਬਤਾ ਕੀਤਾ ਜਾਣਾ ਚਾਹੀਦਾ ਸੀ। ਸੀਨੀਅਰ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਪਹਿਲਾਂ ਨੋਟਬੰਦੀ ਦੇ ਰੂਪ ਵਿਚ ਤਬਾਹਕੁਨ ਫ਼ੈਸਲਾ ਲਿਆ ਗਿਆ, ਹੁਣ ‘ਮੁਦਰੀਕਰਨ ਮੇਲਾ’ ਲਾਇਆ ਗਿਆ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਦੋਸ਼ ਲਾਇਆ ਕਿ ਸਰਕਾਰ ਨੇ ਲੋਕਾਂ ਨੂੰ ‘ਆਤਮ ਨਿਰਭਰ ਹੋਣ ਦਾ ਜੁਮਲਾ’ ਦੇ ਕੇ ਦੇਸ਼ ਨੂੰ ਹੁਣ ‘ਅਰਬਪਤੀ ਮਿੱਤਰਾਂ’ ਦੇ ਆਸਰੇ ਕਰ ਦਿੱਤਾ ਹੈ।

 

Check Also

ਕੌਮੀ ਰਾਜਧਾਨੀ ਨਵੀਂ ਦਿੱਲੀ ਦੀ ਹਵਾ ਹੋਈ ਬੇਹੱਦ ਗੰਧਲੀ

ਲੋਕਾਂ ਨੂੰ ਸਾਹ ਲੈਣ ਵਿਚ ਆ ਰਹੀ ਹੈ ਦਿੱਕਤ ਨਵੀਂ ਦਿੱਲੀ/ਬਿਊਰੋ ਨਿਊਜ਼ : ਕੌਮੀ ਰਾਜਧਾਨੀ …