ਰਾਹੁਲ ਗਾਂਧੀ ਨੇ ਮਨੀਪੁਰ ਹਿੰਸਾ ਮਾਮਲੇ ’ਚ ਭਾਜਪਾ ਖਿਲਾਫ ਚੁੱਕੇ ਸਵਾਲ
ਭਾਜਪਾ ਦੀ ਸੰਸਦ ਮੈਂਬਰ ਸਮਿਰਤੀ ਇਰਾਨੀ ਨੇ ਰਾਹੁਲ ਨੂੰ ਦਿੱਤਾ ਜਵਾਬ
ਨਵੀਂ ਦਿੱਲੀ/ਬਿਊਰੋ ਨਿਊਜ਼
ਮਨੀਪੁਰ ਹਿੰਸਾ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਲਿਆਂਦੇ ਗਏ ਬੇਭਰੋਸਗੀ ਮਤੇ ਖਿਲਾਫ਼ ਅੱਜ ਸਦਨ ’ਚ ਦੂਜੇ ਦਿਨ ਦੀ ਬਹਿਸ ਵਿਚ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਹਿੱਸਾ ਲਿਆ। ਉਨ੍ਹਾਂ ਆਪਣੀ ਸਪੀਚ ਦੌਰਾਨ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖਿਲਾਫ਼ ਜਮ ਕੇ ਨਿਸ਼ਾਨਾ ਸਾਧਿਆ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਤੱਕ ਮਨੀਪੁਰ ਨਹੀਂ ਗਏ ਕਿਉਂਕਿ ਉਹ ਮਨੀਪੁਰ ਨੂੰ ਭਾਰਤ ਦਾ ਹਿੱਸਾ ਹੀ ਨਹੀਂ ਸਮਝਦੇ। ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਭਾਜਪਾ ਨੇ ਮਨੀਪੁਰ ਨੂੰ ਦੋ ਹਿੱਸਿਆ ਵਿਚ ਵੰਡ ਦਿੱਤਾ ਹੈ ਅਤੇ ਮਨੀਪੁਰ ਨੂੰ ਬੁਰੀ ਤਰ੍ਹਾਂ ਨਾਲ ਤੋੜ ਦਿੱਤਾ ਗਿਆ ਹੈ। ਰਾਹੁਲ ਗਾਂਧੀ ਵੱਲੋਂ ਲੋਕ ਸਭਾ ’ਚ ਦਿੱਤੇ ਗਏ ਭਾਸ਼ਣ ’ਤੇ ਕੇਂਦਰੀ ਮੰਤਰੀ ਸਮਿਰਤੀ ਇਰਾਨੀ ਨੇ ਪਲਟਵਾਰ ਕਰਦਿਆਂ ਜਵਾਬ ਦਿੱਤਾ। ਉਨ੍ਹਾਂ ਕਸ਼ਮੀਰੀ ਪੰਡਤਾਂ ’ਤੇ ਹੋਏ ਅੱਤਿਆਚਾਰ ਅਤੇ 1984 ’ਚ ਹੋਏ ਸਿੱਖ ਕਤਲੇਆਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਦਾ ਇਤਿਹਾਸ ਖੂਨ ਨਾਲ ਰੰਗਿਆ ਹੋਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਾਹੁਲ ਗਾਂਧੀ ਦੇ ਭਾਸ਼ਣ ਤੋਂ ਬਾਅਦ ਇਕ ਨਵਾਂ ਵਿਵਾਦ ਪੈਦਾ ਹੋ ਗਿਆ ਹੈ, ਭਾਜਪਾ ਦੀ ਸੰਸਦ ਮੈਂਬਰ ਸਮਿਰਤੀ ਇਰਾਨੀ ਨੇ ਰਾਹੁਲ ਗਾਂਧੀ ’ਤੇ ਮਹਿਲਾ ਸੰਸਦ ਮੈਂਬਰਾਂ ਨੂੰ ਫਲਾਂਇੰਗ ਕਿਸ ਦੇਣ ਦਾ ਆਰੋਪ ਲਗਾਇਆ ਅਤੇ ਇਸ ਸਬੰਧੀ ਭਾਜਪਾ ਦੀਆਂ ਮਹਿਲਾ ਸੰਸਦ ਮੈਂਬਰਾਂ ਵੱਲੋਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਰਾਹੁਲ ਗਾਂਧੀ ਖਿਲਾਫ਼ ਸ਼ਿਕਾਇਤ ਵੀ ਦਿੱਤੀ।