ਰਾਹੁਲ ਗਾਂਧੀ ’ਤੇ ਅਮਿਤ ਸ਼ਾਹ ਨੂੰ ਹਤਿਆਰਾ ਕਹਿਣ ਦਾ ਆਰੋਪ
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਨੇ ਅੱਜ ਸੋਮਵਾਰ ਨੂੰ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਖਿਲਾਫ ਚੱਲ ਰਹੇ ਮਾਣਹਾਨੀ ਮਾਮਲੇ ਵਿਚ ਟ੍ਰਾਇਲ ਕੋਰਟ ਦੀ ਕਾਰਵਾਈ ’ਤੇ ਰੋਕ ਲਗਾ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਦੇ ਆਗੂ ਨਵੀਨ ਝਾਅ ਨੇ ਰਾਹੁਲ ਗਾਂਧੀ ’ਤੇ ਅਮਿਤ ਸ਼ਾਹ ਨੂੰ ਹੱਤਿਆਰਾ ਕਹਿਣ ਦਾ ਆਰੋਪ ਲਗਾਇਆ ਸੀ ਅਤੇ ਇਸ ਅਪਮਾਨਜਨਕ ਟਿੱਪਣੀ ਨੂੰ ਲੈ ਕੇ ਰਾਹੁਲ ਖਿਲਾਫ ਮਾਣਹਾਨੀ ਦਾ ਕੇਸ ਕੀਤਾ ਗਿਆ ਸੀ। ਇਹ ਮਾਮਲਾ 2019 ਦਾ ਦੱਸਿਆ ਗਿਆ ਹੈ। ਦੱਸਿਆ ਗਿਆ ਕਿ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਝਾਰਖੰਡ ਦੇ ਚਾਈਬਾਸਾ ਵਿਚ ਆਪਣੇ ਇਕ ਜਨਤਕ ਭਾਸ਼ਣ ਦੌਰਾਨ ਰਾਹੁਲ ਨੇ ਅਮਿਤ ਸ਼ਾਹ ਨੂੰ ਹੱਤਿਆਰਾ ਕਹਿ ਦਿੱਤਾ ਸੀ। ਇਸੇ ਦੌਰਾਨ ਮਾਨਯੋਗ ਜਸਟਿਸ ਬਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਨੇ ਝਾਰਖੰਡ ਸਰਕਾਰ ਅਤੇ ਭਾਜਪਾ ਆਗੂ ਨੂੰ ਨੋਟਿਸ ਜਾਰੀ ਕਰਕੇ ਰਾਹੁਲ ਗਾਂਧੀ ਦੀ ਅਪੀਲ ’ਤੇ ਜਵਾਬ ਮੰਗਿਆ ਹੈ।