ਪੰਜਾਬ ਦੀ ‘ਆਪ’ ਸਰਕਾਰ ਨੇ ਜਲ ਬੱਸ ਚਲਾਉਣ ਦੀ ਕੀਤੀ ਤਿਆਰੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਜਲਦੀ ਹੀ ਪਾਣੀ ਅੰਦਰ ਬੱਸ ਚਲਾਈ ਜਾਵੇਗੀ। ਇਸਦੇ ਲਈ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਾਗਰ ਝੀਲ ’ਚ ਜਲ ਬੱਸ ਚਲਾਉਣ ਨੂੰ ਲੈ ਕੇ ਇਕ ਉਚ ਪੱਧਰੀ ਮੀਟਿੰਗ ਹੋਈ ਸੀ। ਇਸ ਮੀਟਿੰਗ ਦੌਰਾਨ ਜਲ ਬੱਸ ਚਲਾਏ ਜਾਣ ਨੂੰ ਲੈ ਕੇ ਹਰੀ ਝੰਡੀ ਦੇ ਦਿੱਤੀ ਗਈ ਹੈ। ਹੁਣ ਸੈਰ ਸਪਾਟਾ ਵਿਭਾਗ ਨੇ ਹਰੀਕੇ ਵਿਖੇ ਖੜ੍ਹੀ ਜਲ ਬੱਸ ਦੀ ਚੈਕਿੰਗ ਵੀ ਕਰਵਾਈ ਹੈ। ਇਸ ਜਲ ਬਸ ਨੂੰ ਰਣਜੀਤ ਸਾਗਰ ਝੀਲ ਵਿਚ ਚਲਾਏ ਜਾਣ ਲਈ ਜੰਗਲਾਤ ਵਿਭਾਗ ਤੋਂ ਵੀ ਸਲਾਹ ਲਈ ਜਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਵਿਚੋਂ ਖਰਚ ਕੀਤੀ ਕਰੋੜਾਂ ਰੁਪਏ ਦੀ ਰਾਸ਼ੀ ਨਾਲ ਖਰੀਦੀ ਜਲ ਬਸ ਹੁਣ ਖਰਾਬ ਹੋਣ ਲੱਗ ਪਈ ਸੀ। ਇਸਦਾ ਮੁੜ ਫਿਟਨੈਸ ਸਰਟੀਫਿਕੇਣ ਮਿਲਣ ’ਤੇ ਇਸ ਜਲ ਬੱਸ ਨੂੰ ਚਲਾਇਆ ਜਾਵੇਗਾ ਅਤੇ ਇਸ ਬਾਰੇ ਕੁਝ ਰਸਮੀ ਪ੍ਰਕਿਰਿਆ ਵੀ ਪੂਰੀ ਕੀਤੀ ਜਾ ਰਹੀ ਹੈ।