Breaking News
Home / ਭਾਰਤ / ਭਾਜਪਾ ਦੇ ਮੰਤਰੀ ਨਾਰਾਇਣ ਰਾਣੇ ਨੂੰ ਕੀਤਾ ਗ੍ਰਿਫਤਾਰ ਤੇ ਮਿਲੀ ਜ਼ਮਾਨਤ

ਭਾਜਪਾ ਦੇ ਮੰਤਰੀ ਨਾਰਾਇਣ ਰਾਣੇ ਨੂੰ ਕੀਤਾ ਗ੍ਰਿਫਤਾਰ ਤੇ ਮਿਲੀ ਜ਼ਮਾਨਤ

ਜਨ ਆਸ਼ੀਰਵਾਦ ਯਾਤਰਾ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੂੰ ਥੱਪੜ ਮਾਰਨ ਬਾਰੇ ਦਿੱਤਾ ਸੀ ਬਿਆਨ
ਮੁੰਬਈ/ਬਿਊਰੋ ਨਿਊਜ਼ : ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਥੱਪੜ ਮਾਰਨ ਸਬੰਧੀ ਟਿੱਪਣੀ ‘ਤੇ ਵਿਵਾਦ ਤੋਂ ਬਾਅਦ ਕੇਂਦਰੀ ਮੰਤਰੀ ਨਾਰਾਇਣ ਰਾਣੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਬਾਅਦ ਵਿਚ ਉਸ ਨੂੰ ਜ਼ਮਾਨਤ ਵੀ ਮਿਲ ਗਈ। ਰਾਣੇ ਦੇ ਦਾਅਵਾ ਕੀਤਾ ਕਿ ਠਾਕਰੇ ਆਜ਼ਾਦੀ ਦਿਹਾੜੇ ਮੌਕੇ ਸੰਬੋਧਨ ਦੌਰਾਨ ਭੁੱਲ ਗਏ ਸਨ ਕਿ ਦੇਸ਼ ਨੂੰ ਆਜ਼ਾਦ ਹੋਇਆ ਕਿੰਨੇ ਵਰ੍ਹੇ ਹੋਏ ਹਨ। ਰਾਣੇ ਬਿਆਨ ਖਿਲਾਫ ਸ਼ਿਵ ਸੈਨਾ ਨੇ ਵੱਖ-ਵੱਖ ਥਾਈ ਭਾਜਪਾ ਖਿਲਾਫ ਰੋਸ ਮੁਜ਼ਾਹਰੇ ਕੀਤੇ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਣੇ ਨੂੰ ਰਤਨਾਗਿਰੀ ਜ਼ਿਲ੍ਹੇ ‘ਚ ਪੁਲਿਸ ਨੇ ਹਿਰਾਸਤ ‘ਚ ਲਿਆ ਜਿੱਥੇ ਉਹ ਜਨ ਆਸ਼ੀਰਵਾਦ ਯਾਤਰਾ ਤਹਿਤ ਦੌਰੇ ‘ਤੇ ਸਨ। ਅਧਿਕਾਰੀ ਨੇ ਦੱਸਿਆ ਕਿ ਹਿਰਾਸਤ ‘ਚ ਲੈਣ ਮਗਰੋਂ ਰਾਣੇ ਨੂੰ ਸੰਗਮੇਸ਼ਵਰ ਥਾਣੇ ਲਿਜਾਇਆ ਗਿਆ। ਜ਼ਿਕਰਯੋਗ ਹੈ ਕਿ ਰਾਣੇ ਨੇ ਰਾਏਗੜ੍ਹ ਜ਼ਿਲ੍ਹੇ ਵਿਚ ‘ਜਨ ਆਸ਼ੀਰਵਾਦ ਯਾਤਰਾ’ ਦੌਰਾਨ ਕਿਹਾ ਸੀ ਕਿ ਇਹ ਸ਼ਰਮ ਦੀ ਗੱਲ ਹੈ ਕਿ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਕਿ ਆਜ਼ਾਦੀ ਨੂੰ ਕਿੰਨੇ ਸਾਲ ਹੋ ਗਏ ਹਨ। ਭਾਸ਼ਣ ਦੌਰਾਨ ਉਹ ਪਿੱਛੇ ਮੁੜ ਕੇ ਇਸ ਬਾਰੇ ਪੁੱਛਦੇ ਨਜ਼ਰ ਆਏ ਸਨ। ਜੇਕਰ ਮੈਂ ਉੱਥੇ ਹੁੰਦਾ ਤਾਂ ਉਨ੍ਹਾਂ ਨੂੰ ਇੱਕ ਜ਼ੋਰਦਾਰ ਥੱਪੜ ਮਾਰਦਾ। ਰਾਣੇ ਨੇ ਆਪਣੇ ਬਿਆਨ ਦੇ ਜਵਾਬ ‘ਚ ਕਿਹਾ ਕਿ ਉਨ੍ਹਾਂ ਇਹ ਬਿਆਨ ਦੇ ਕੇ ਕੋਈ ਜੁਰਮ ਨਹੀਂ ਕੀਤਾ ਹੈ। ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ ‘ਸੰਭਾਵੀ ਗ੍ਰਿਫ਼ਤਾਰੀ’ ਸਬੰਧੀ ਮੀਡੀਆ ਰਿਪੋਰਟਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਕੋਈ ਆਮ ਆਦਮੀ ਨਹੀਂ ਹਨ। ਉਨ੍ਹਾਂ ਮੀਡੀਆ ਨੂੰ ਆਪਣੇ ਖਿਲਾਫ ਰਿਪੋਰਟਿੰਗ ਕਰਨ ਤੋਂ ਵਰਜਦਿਆਂ ਕਿਹਾ ਕਿ ਉਹ ਉਨ੍ਹਾਂ ਖਿਲਾਫ ਕੇਸ ਕਰਨਗੇ। ਦੂਜੇ ਪਾਸੇ ਰਾਣੇ ਦੀ ਟਿੱਪਣੀ ਤੋਂ ਖਫ਼ਾ ਸ਼ਿਵ ਸੈਨਾ ਵਰਕਰਾਂ ਨੇ ਮੁੰਬਈ ਸਮੇਤ ਕਈ ਥਾਵਾਂ ‘ਤੇ ਰਾਣੇ ਖਿਲਾਫ ‘ਕੋਂਬਡੀ ਚੋਰ’ (ਚਿਕਨ ਚੋਰ) ਲਿਖ ਕੇ ਪੋਸਟਰ ਲਗਾ ਦਿੱਤੇ। ਜ਼ਿਕਰਯੋਗ ਹੈ ਕਿ ਰਾਣੇ ਪੰਜ ਦਹਾਕੇ ਪਹਿਲਾਂ ਮੁੰਬਈ ਦੇ ਚੇੈਂਬੂਰ ‘ਚ ਪੋਲਟਰੀ ਦੀ ਦੁਕਾਨ ਚਲਾਉਂਦੇ ਸਨ। ਸ਼ਿਵ ਸੈਨਾ ਕਾਰਕੁਨਾਂ ਤੇ ਇਸ ਦੇ ਯੂਥ ਵਿੰਗ ਨੇ ਮਹਾਰਾਸ਼ਟਰ ਦੇ ਵੱਖ ਵੱਖ ਸ਼ਹਿਰਾਂ ‘ਚ ਰਾਣੇ ਖਿਲਾਫ ਰੋਸ ਮੁਜ਼ਾਹਰੇ ਵੀ ਕੀਤੇ। ਪੁਣੇ ਦੇ ਡੈੱਕਨ ਜਿਮਖਾਨਾ ਇਲਾਕੇ ‘ਚ ਸ਼ਿਵ ਸੈਨਾ ਵਰਕਰਾਂ ਰਾਣੇ ਦੇ ਪੋਸਟਰ ‘ਤੇ ਜੁੱਤੇ ਮਾਰੇ। ਪੁਣੇ ਦੇ ਜੇਐੱਮ ਰੋਡ ਸਥਿਤ ਇੱਕ ਮਾਲ ‘ਤੇ ਪੱਥਰ ਮਾਰਿਆ ਗਿਆ। ਵਰਕਰਾਂ ਨੇ ਅਮਰਾਵਤੀ ‘ਚ ਭਾਜਪਾ ਦੇ ਦਫ਼ਤਰ ‘ਚ ਭੰਨ ਤੋੜ ਕੀਤੀ ਤੇ ਦਫ਼ਤਰ ਦੇ ਬਾਹਰ ਲੱਗੇ ਪੋਸਟਰ ਵੀ ਸਾੜ ਦਿੱਤੇ। ਰਾਣੇ ਦੀ ਸਾਂਤਾਕਰੂਜ਼ ਸਥਿਤ ਰਿਹਾਇਸ਼ ਬਾਹਰ ਭਾਜਪਾ ਤੇ ਸ਼ਿਵ ਸੈਨਾ ਵਰਕਰਾਂ ਦੀ ਝੜਪ ਵੀ ਹੋਈ। ਸ਼ਿਵ ਸੈਨਾ ਦੇ ਸੰਸਦ ਮੈਂਬਰ ਵਿਨਾਇਕ ਰਾਊਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਰਾਣੇ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ।
ਰਾਣੇ ਨੂੰ ਬਿਜਲੀ ਦੇ ਝਟਕਿਆਂ ਦੀ ਲੋੜ: ਸ਼ਿਵ ਸੈਨਾ
ਮੁੰਬਈ : ਮਹਾਰਾਸ਼ਟਰ ਸਰਕਾਰ ਦੇ ਮੰਤਰੀ ਤੇ ਸ਼ਿਵ ਸੈਨਾ ਆਗੂ ਗੁਲਾਬਰਾਓ ਪਾਟਿਲ ਨੇ ਕਿਹਾ ਕਿ ਰਾਣੇ ਆਪਣਾ ਮਾਨਸਿਕ ‘ਤਵਾਜ਼ਨ’ ਗੁਆ ਚੁੱਕੇ ਹਨ ਤੇ ਉਨ੍ਹਾਂ ਨੂੰ ਬਿਜਲੀ ਦੇ ਝਟਕਿਆਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ, ‘ਉਨ੍ਹਾਂ (ਰਾਣੇ) ਨੂੰ ਥਾਣੇ ਲਿਆਉਣਾ ਚਾਹੀਦਾ ਹੈ ਤੇ ਦਿਮਾਗੀ ਇਲਾਜ ਲਈ ਬਿਜਲੀ ਦੇ ਝਟਕੇ ਦੇਣੇ ਚਾਹੀਦੇ ਹਨ।’ ਉਹ ਥਾਣੇ ਵਿਚਲੇ ਸਰਕਾਰੀ ਮੈਂਟਲ ਹਸਪਤਾਲ ਦੇ ਸੰਦਰਭ ‘ਚ ਇਹ ਗੱਲ ਕਹਿ ਰਹੇ ਸਨ। ਉਨ੍ਹਾਂ ਕਿਹਾ, ‘ਰਾਣੇ ਖਿਲਾਫ ਕੀਤੀ ਗਈ ਕਾਰਵਾਈ ਪੂਰੀ ਤਰ੍ਹਾਂ ਢੁੱਕਵੀਂ ਹੈ ਤੇ ਇਸ ਨਾਲ ਸੰਵਿਧਾਨਕ ਅਹੁਦਿਆਂ ‘ਤੇ ਬੈਠੇ ਲੋਕਾਂ ਲਈ ਗ਼ੈਰਸੰਵਿਧਾਨਕ ਭਾਸ਼ਾ ਦੀ ਵਰਤੋਂ ਕਰਨ ਵਾਲਿਆਂ ਨੂੰ ਸਖਤ ਸੁਨੇਹਾ ਜਾਵੇਗਾ।’

 

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …