15.8 C
Toronto
Monday, June 8, 2026
spot_img
Homeਪੰਜਾਬਸਥਾਨਕ ਸਰਕਾਰਾਂ ਵਿਭਾਗ ਦੀ 12 ਕਨਾਲ ਜ਼ਮੀਨ ਸਿਹਤ ਵਿਭਾਗ ਨੂੰ ਦੇਣ ਲਈ...

ਸਥਾਨਕ ਸਰਕਾਰਾਂ ਵਿਭਾਗ ਦੀ 12 ਕਨਾਲ ਜ਼ਮੀਨ ਸਿਹਤ ਵਿਭਾਗ ਨੂੰ ਦੇਣ ਲਈ ਮਨਜ਼ੂਰੀ

ਚੰਡੀਗੜ੍ਹ : ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਸਿਹਤ ਵਿਭਾਗ ਨੂੰ ਸਥਾਨਕ ਸਰਕਾਰਾਂ ਵਿਭਾਗ ਦੀ 12 ਕਨਾਲ ਜ਼ਮੀਨ ਜ਼ਿਲਾ ਮੋਗਾ ਦੇ ਪਿੰਡ ਦੂਨੇ ਕੇ ਵਿਚ 50 ਬੈੱਡਾਂ ਦਾ ਹਸਪਤਾਲ ਤੇ ਟਰੌਮਾ ਸੈਂਟਰ ਬਣਾਉਣ ਲਈ ਮੁਫ਼ਤ ਦੇਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫੈਸਲਾ ਸੂਬੇ ਦੇ ਪੱਛੜੇ ਇਲਾਕੇ ਨੂੰ ਉੱਚ ਪੱਧਰ ਦੀਆਂ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਕੀਤਾ ਗਿਆ ਹੈ। ਇਹ ਜਾਣਕਾਰੀ ਸਥਾਨਕ ਸਰਕਾਰਾਂ ਵਿਭਾਗ ਦੇ ਬੁਲਾਰੇ ਨੇ ਦਿੱਤੀ। ਬੁਲਾਰੇ ਨੇ ਦੱਸਿਆ ਕਿ ਜਨਤਕ ਹਿੱਤਾਂ ਦੀ ਅਹਿਮੀਅਤ ਨੂੰ ਧਿਆਨ ਵਿਚ ਰੱਖਦਿਆਂ ਇਸ ਪੱਛੜੇ ਇਲਾਕੇ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਮੰਤਰੀ ਨੇ ਜੀ.ਟੀ. ਰੋਡ ਨਾਲ ਲੱਗਦੀ ਇਹ ਅਹਿਮ ਜ਼ਮੀਨ ਸਿਹਤ ਵਿਭਾਗ ਨੂੰ ਮੁਫ਼ਤ ਦੇਣ ਦਾ ਫੈਸਲਾ ਕੀਤਾ ਹੈ। ਇਸ ਮੁੱਦੇ ‘ਤੇ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਹਸਪਤਾਲ ਅਤੇ ਟਰੌਮਾ ਸੈਂਟਰ ਦੇ ਨਿਰਮਾਣ ਲਈ ਮੈਮੋਰੈਂਡਮ ਮਿਲਣ ‘ਤੇ ਮਿਊਂਸੀਪਲ ਕਾਰਪੋਰੇਸ਼ਨ ਮੋਗਾ ਵਲੋਂ ਲੋੜੀਂਦੀ ਜ਼ਮੀਨ ਦੀ ਚੋਣ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ। ਕਮੇਟੀ ਨੇ ਪਿੰਡ ਦੂਨੇ ਕੇ ਵਿਚ 12 ਕਨਾਲ ਦਾ ਇਕ ਟੱਕ ਚੁਣਿਆ ਸੀ ਜਿਸ ਵਿਚੋਂ 5 ਕਨਾਲ ਜ਼ਮੀਨ ਵਿਚ 50 ਬੈੱਡਾਂ ਦਾ ਆਯੂਸ਼ ਹਸਪਤਾਲ ਬਣਾਉਣ ਅਤੇ ਬਾਕੀ 7 ਸੱਤ ਕਨਾਲ ਵਿਚ ਟਰੌਮਾ ਸੈਂਟਰ ਬਣਾਉਣ ਦੀ ਤਜ਼ਵੀਜ਼ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਮਿਊਂਸੀਪਲ ਕਾਰਪੋਰੇਸ਼ਨ ਮੋਗਾ ਨੇ ਮਿਊਂਸੀਪਲ ਕਾਰਪੋਰੇਸ਼ਨ ਐਕਟ 1976 ਦੀ ਪਾਲਣਾ ਕਰਦਿਆਂ ਇਸ ਜ਼ਮੀਨ ਨੂੰ ਕੁਲੈਕਟਰ ਰੇਟ ‘ਤੇ ਵੇਚਣ ਦਾ ਮਤਾ ਪੇਸ਼ ਕੀਤਾ ਸੀ।
ਬੁਲਾਰੇ ਨੇ ਦੱਸਿਆ ਕਿ ਇਸ ਤੋਂ ਬਾਅਦ ਮੋਗਾ ਦੇ ਵਿਧਾਇਕ ਡਾ. ਹਰਜੋਤ ਕੰਵਲ ਨੇ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਤੱਕ ਪਹੁੰਚ ਕੀਤੀ ਅਤੇ ਮੰਤਰੀ ਨੂੰ ਇਲਾਕੇ ਵਿਚ ਹਸਪਤਾਲ ਤੇ ਟਰੌਮਾ ਸੈਂਟਰ ਦੀ ਵਡਮੁੱਲੀ ਜ਼ਰੂਰਤ ਤੋਂ ਜਾਣੂ ਕਰਵਾਇਆ। ਉਨ੍ਹਾਂ ਮੰਤਰੀ ਨੂੰ ਇਹ ਲੋੜੀਂਦੀ ਜ਼ਮੀਨ ਮੁਫ਼ਤ ਦੇਣ ਲਈ ਬੇਨਤੀ ਕੀਤੀ ਸੀ । ਮੰਤਰੀ ਨੇ ਪੱਛੜੇ ਇਲਾਕੇ ਦੇ ਲੋਕਾਂ ਨੂੰ ਵਧੀਆ ਦਰਜੇ ਦੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣ ਦੇ ਮੱਦੇਨਜ਼ਰ ਇਸ ਮੰਗ ਨੂੰ ਸਵੀਕਾਰ ਕਰ ਲਿਆ ਅਤੇ ਇਹ ਮਹੱਤਵਪੂਰਨ ਜ਼ਮੀਨ ਸਿਹਤ ਵਿਭਾਗ ਨੂੰ ਬਿਲਕੁਲ ਮੁਫ਼ਤ ਦੇਣ ਸਬੰਧੀ ਹੁਕਮ ਦੇ ਦਿੱਤੇ।

RELATED ARTICLES
POPULAR POSTS