7.2 C
Toronto
Wednesday, October 28, 2026
spot_img
HomeਕੈਨੇਡਾFrontਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ਵਿਚ ਮਾਨਸਾ ’ਚ ਮਾਹੌਲ ਤਣਾਅਪੂਰਨ

ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ਵਿਚ ਮਾਨਸਾ ’ਚ ਮਾਹੌਲ ਤਣਾਅਪੂਰਨ

ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ਵਿਚ ਮਾਨਸਾ ’ਚ ਮਾਹੌਲ ਤਣਾਅਪੂਰਨ
ਗੁੱਸੇ ਵਿਚ ਆਏ ਲੋਕਾਂ ਨੇ ਪੁਲਿਸ ਦੀ ਗੱਡੀ ਘੇਰੀ
ਮਾਨਸਾ/ਬਿਊਰੋ ਨਿਊਜ਼
ਮਾਨਸਾ ਵਿਚ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੀ ਹੋਈ ਹੱਤਿਆ ਤੋਂ ਬਾਅਦ ਹੁਣ ਦਲਜੀਤ ਸਿੰਘ ਨਾਮ ਦੇ ਇਕ ਨੌਜਵਾਨ ਦੀ ਮੌਤ ਨੂੰ ਲੈ ਕੇ ਮਾਹੌਲ ਤਣਾਅ ਵਾਲਾ ਬਣਦਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਸੰਗਰੂਰ ਜ਼ਿਲ੍ਹੇ ਦੇ ਹੀ ਪਿੰਡ ਭੰਮੇ ਕਲਾਂ ਦੇ ਵੀ ਇਕ ਨੌਜਵਾਨ ਦਲਜੀਤ ਸਿੰਘ ਦੀ ਵੀ ਨਸ਼ੇ ਦੀ ਓਵਰਡੋਜ਼ ਕਾਰਨ ਜਾਨ ਚਲੇ ਗਈ ਸੀ। ਇਸ ਤੋਂ ਬਾਅਦ ਦਲਜੀਤ ਸਿੰਘ ਦੀ ਮਿ੍ਰਤਕ ਦੇਹ ਨੂੰ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨੂੰ ਇਨਸਾਫ ਦੁਆਉਣ ਲਈ ਲੱਗੇ ਧਰਨੇ ਵਿਚ ਲਿਆਂਦਾ ਗਿਆ। ਇਸੇ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਟਕਰਾਅ ਵਾਲੀ ਸਥਿਤੀ ਬਣੀ ਰਹੀ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਵੱਡੀ ਗਿਣਤੀ ਵਿਚ ਇਕੱਠੇ ਹੋਏ ਨੌਜਵਾਨਾਂ ਨੇ ਪੁਲਿਸ ਦੀ ਫੋਰੈਂਸਿਕ ਮੋਬਾਈਲ ਵੈਨ ਦਾ ਵੀ ਵਿਰੋਧ ਕੀਤਾ ਅਤੇ ਉਸ ਨੂੰ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ। ਇਹ ਵੀ ਦੱਸਣਯੋਗ ਹੈ ਕਿ ਪਰਵਿੰਦਰ ਸਿੰਘ ਝੋਟੇ ਦੀ ਹੱਤਿਆ ਹੋਈ ਨੂੰ ਦੋ ਹਫਤੇ ਬੀਤ ਚੁੱਕੇ ਹਨ, ਪਰ ਉਸਦੀ ਮਿ੍ਰਤਕ ਦੇਹ ਦਾ ਅਜੇ ਤੱਕ ਪੋਸਟ ਮਾਰਟਮ ਨਹੀਂ ਹੋਇਆ। ਇਸੇ ਦੌਰਾਨ ਪਰਵਿੰਦਰ ਸਿੰਘ ਝੋਟੇ ਦੇ ਪਿਤਾ ਭੀਮ ਸਿੰਘ ਨੇ ਅਪੀਲ ਕੀਤੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿਚ ਲੋਕ ਇਨਸਾਫ ਮੋਰਚੇ ਵਿਚ ਪਹੁੰਚਣ।

ਪੰਜਾਬ ਦੀ ਜਵਾਨੀ ਬਚਾਉਣ ਅਤੇ ਪਰਵਿੰਦਰ ਸਿੰਘ ਝੋਟਾ ਲਈ ਇਨਸਾਫ ਵਾਸਤੇ ਗੁਰੂ ਘਰਾਂ ਵਿਚ ਅਰਦਾਸ
ਸੂਬੇ ਵਿਚੋਂ ਨਸ਼ਿਆਂ ਦੇ ਕੋਹੜ ਦੇ ਖਾਤਮੇ ਲਈ ਸਮੂਹ ਸੰਗਤ ਨੂੰ ਸਾਂਝੇ ਯਤਨਾਂ ਦੀ ਲੋੜ ’ਤੇ ਜ਼ੋਰ
ਮਾਨਸਾ/ਬਿਊਰੋ ਨਿਊਜ਼
ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਉਣ ਅਤੇ ਪਰਵਿੰਦਰ ਸਿੰਘ ਝੋਟਾ ਲਈ ਇਨਸਾਫ ਦੀ ਕਾਮਨਾ ਕਰਦਿਆਂ ਅੱਜ ਬੁੱਧਵਾਰ ਸਵੇਰੇ ਪੰਜਾਬ ਭਰ ਦੇ ਗੁਰੂ ਘਰਾਂ ਵਿਚ ਸਰਬੱਤ ਦੇ ਭਲੇ ਲਈ ਅਰਦਾਸਾਂ ਹੋਈਆਂ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਪੀਲ ’ਤੇ ਸੰਗਤ ਨੇ ਨਸ਼ਿਆਂ ਕਾਰਨ ਉਜੜ ਰਹੇ ਘਰਾਂ ਦੀ ਸੁੱਖ ਅਤੇ ਪੀੜਤ ਪਰਿਵਾਰਾਂ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ। ਅਰਦਾਸਾਂ ਦੌਰਾਨ ਨਸ਼ਿਆਂ ਕਾਰਨ ਆਪਣੇ ਜੀਅ ਗੁਆ ਚੁੱਕੇ ਪਰਿਵਾਰਾਂ ਨੂੰ ਦੁੱਖ ਸਹਿਣ ਦਾ ਬਲ ਮਿਲਣ ਅਤੇ ਨਸ਼ਿਆਂ ਦੀ ਗਿ੍ਰਫਤ ਵਿਚ ਫਸੇ ਨੌਜਵਾਨਾਂ ਨੂੰ ਮੁੜ ਜ਼ਿੰਦਗੀ ਵੱਲ ਪਰਤਣ ਦਾ ਰਾਹ ਮਿਲਣ ਦੀ ਕਾਮਨਾ ਕੀਤੀ ਗਈ। ਝੋਟਾ ਦੇ ਪਰਿਵਾਰ ਦੇ ਦੁੱਖ ਨਾਲ ਸਾਂਝ ਪਾਉਂਦਿਆਂ ਇਨਸਾਫ ਦੀ ਅਰਜ਼ੋਈ ਕੀਤੀ ਗਈ ਤਾਂ ਜੋ ਕਿਸੇ ਹੋਰ ਮਾਂ ਦੀ ਗੋਦ ਸੁੰਨੀ ਨਾ ਹੋਵੇ ਅਤੇ ਕਿਸੇ ਬੱਚੇ ਦੇ ਸਿਰ ਤੋਂ ਪਿਤਾ ਦਾ ਸਾਇਆ ਨਾ ਉਠੇ। ਜ਼ਿਕਰਯੋਗ ਹੈ ਕਿ ਲੰਘੀ 13 ਅਕਤੂਬਰ ਨੂੰ ਮਾਨਸਾ ਵਿਚ ਇਕ ਦਵਾਈਆਂ ਦੀ ਦੁਕਾਨ ਵਿਚ ਕੈਮਿਸਟ ਨੇ ‘ਨਸ਼ਾ ਵਿਰੋਧੀ ਕਾਰਕੁੰਨ’ ਪਰਵਿੰਦਰ ਸਿੰਘ ਝੋਟਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪਰਵਿੰਦਰ ਸਿੰਘ ਝੋਟਾ ਦੀ ਹੋਈ ਹੱਤਿਆ ਦੇ ਮਾਮਲੇ ਵਿਚ ਪੀੜਤ ਪਰਿਵਾਰ ਅਤੇ ਹੋਰ ਕਈ ਜਥੇਬੰਦੀਆਂ ਇਨਸਾਫ ਦੀ ਮੰਗ ਕਰ ਰਹੀਆਂ ਹਨ।

RELATED ARTICLES
POPULAR POSTS