ਐਲਬਰਟਾ/ਬਿਊਰੋ ਨਿਊਜ਼ : ਐਲਬਰਟਾ ਸਰਕਾਰ ਨੇ ਐਲਾਨ ਕੀਤਾ ਹੈ ਕਿ 2026 ਦੇ ਅੰਤ ਤੱਕ ਡਰਾਈਵਿੰਗ ਲਾਈਸੈਂਸਾਂ ਅਤੇ ਸ਼ਨਾਖ਼ਤੀ ਕਾਰਡਾਂ ਵਿਚ ‘ਕੈਨੇਡੀਅਨ ਨਾਗਰਿਕਤਾ ਦੇ ਮਾਰਕ’ ਸ਼ਾਮਿਲ ਕੀਤੇ ਜਾਣਗੇ। ਇਹ ਤਬਦੀਲੀ ਕੈਨੇਡਾ ਵਿੱਚ ਪਹਿਲੀ ਵਾਰ ਹੋ ਰਹੀ ਹੈ। ਪ੍ਰੀਮੀਅਰ ਡੇਨੀਅਲ ਸਮਿਥ ਦਾ ਕਹਿਣਾ ਹੈ ਕਿ ਇਹ ਤਬਦੀਲੀ ਲੋਕਾਂ ਲਈ ਸੇਵਾਵਾਂ ਲੈਣ ਦੀ ਪ੍ਰਕਿਰਿਆ ਨੂੰ ਤੇਜ਼, ਆਸਾਨ ਅਤੇ ਵਧੀਆ ਬਣਾਏਗੀ। ਉਨ੍ਹਾਂ ਨੇ ਦੱਸਿਆ ਕਿ ਨਵੇਂ ਲਾਈਸੈਂਸ ‘ਚ ਨਾਗਰਿਕਤਾ ਦੀ ਜਾਣਕਾਰੀ ਹੋਣ ਨਾਲ ਐਲਬਰਟਾ ਦੇ ਲੋਕ ਵਿਦਿਆਰਥੀ ਸਹਾਇਤਾ, ਹੈਲਥ ਬੈਨੀਫਿਟ ਜਾਂ ਅਪੰਗਤਾ ਸਹਾਇਤਾਵਾਂ ਵਰਗੀਆਂ ਸਰਕਾਰੀ ਸੇਵਾਵਾਂ ਲਈ ਅਰਜ਼ੀ ਦਿੰਦੇ ਸਮੇਂ ਆਪਣੀ ਪਛਾਣ ਅਤੇ ਨਾਗਰਿਕਤਾ ਦੋਵੇਂ ਚੀਜ਼ਾਂ ਇੱਕੋ ਦਸਤਾਵੇਜ਼ ਨਾਲ ਸਾਬਤ ਕਰ ਸਕਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਇਹ ਤਬਦੀਲੀ ਲੋਕਤੰਤਰ ਦੀ ਰੱਖਿਆ ਕਰਨ ਲਈ ਵੀ ਕੀਤੀ ਜਾ ਰਹੀ ਹੈ, ਕਿਉਂਕਿ ਇਹ ਚੋਣਾਂ ਦੀ ਸੁਰੱਖਿਆ ਅਤੇ ਭਰੋਸੇਯੋਗਤਾ ਨੂੰ ਮਜ਼ਬੂਤ ਕਰੇਗੀ। ਪਰਮਾਨੈਂਟ ਰੈਜ਼ੀਡੈਂਟਸ ਅਤੇ ਹੋਰ ਗ਼ੈਰ-ਨਾਗਰਿਕਾਂ ਦੇ ਕਾਰਡ ‘ਤੇ ਕੋਈ ਨਿਸ਼ਾਨ ਨਹੀਂ ਹੋਵੇਗਾ। ਦੂਜੇ ਪਾਸੇ, ਐਲਬਰਟਾ ਐਨਡੀਪੀ ਨੇ ਇਸ ਫ਼ੈਸਲੇ ਦੀ ਆਲੋਚਨਾ ਕੀਤੀ ਹੈ। ਇਮੀਗ੍ਰੇਸ਼ਨ ਅਤੇ ਮਲਟੀਕਲਚਰਲਿਜ਼ਮ ਦੀ ਸ਼ੈਡੋ ਮੰਤਰੀ ਲਿਜ਼ੈਟ ਤੇਜਾਦਾ ਨੇ ਕਿਹਾ ਕਿ ਇਹ ਤਬਦੀਲੀ ਲੋਕਾਂ ਲਈ ਬੇਲੋੜੀ ਕਾਗਜ਼ੀ ਕਾਰਵਾਈ ਅਤੇ ਔਖ ਪੈਦਾ ਕਰੇਗੀ। ਉਨ੍ਹਾਂ ਨੇ ਕਿਹਾ ਕਿ ਇਸ ਨਵੇਂ ਨਿਸ਼ਾਨ ਦੀ ਲੋੜ ਬਾਰੇ ਸਰਕਾਰ ਨੇ ਕੋਈ ਵਾਜਬ ਕਾਰਨ ਨਹੀਂ ਦਿੱਤਾ ਅਤੇ ਉਹਨਾਂ ਦੇ ਅਨੁਸਾਰ ਚੋਣਾਂ ਤੋਂ ਇਲਾਵਾ ਹੋਰ ਕੋਈ ਅਜਿਹੀ ਸਰਵਿਸ ਨਹੀਂ ਜੋ ਸਿਰਫ ਕੈਨੇਡੀਅਨ ਨਾਗਰਿਕਾਂ ਲਈ ਹੀ ਹੋਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਕਿਸੇ ਕੋਲ ਪਾਸਪੋਰਟ ਨਹੀਂ ਹੈ ਜਾਂ ਜਨਮ ਸਰਟੀਫਿਕੇਟ ਲੱਭਣਾ ਔਖਾ ਹੋ ਜਾਵੇ, ਤਾਂ ਲਾਈਸੈਂਸ ਰਿਨਿਊ ਕਰਵਾਉਣਾ ਇੱਕ ਝੰਜਟ ਬਣ ਜਾਵੇਗਾ।

