ਸਿੱਧੂ ਨੂੰ ਅੱਛੇ ਵਿਵਹਾਰ ਦਾ ਮਿਲ ਸਕਦਾ ਹੈ ਫਾਇਦਾ
ਅੰਮਿ੍ਰਤਸਰ/ਬਿਊਰੋ ਨਿਊਜ਼
ਰੋਡਰੇਜ ਦੇ 34 ਸਾਲ ਪੁਰਾਣੇ ਮਾਮਲੇ ਵਿਚ ਇਕ ਸਾਲ ਦੀ ਸਜ਼ਾ ਕੱਟ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਂ ਪਹਿਲਾਂ ਹੀ ਜੇਲ੍ਹ ਵਿਚੋਂ ਰਿਹਾਅ ਹੋ ਸਕਦੇ ਹਨ। ਸਿੱਧੂ ਦੇ ਅੱਛੇ ਵਿਵਹਾਰ ਦੇ ਕਰਕੇ ਸਰਕਾਰ ਉਨ੍ਹਾਂ ਨੂੰ 26 ਜਨਵਰੀ 2023 ਨੂੰ ਗਣਤੰਤਰ ਦਿਵਸ ਮੌਕੇ ਰਿਹਾਅ ਕਰ ਸਕਦੀ ਹੈ। ਇਸ ਗੱਲ ਦੀ ਅਜੇ ਤੱਕ ਪੁਸ਼ਟੀ ਤਾਂ ਨਹੀਂ ਹੋਈ ਹੈ, ਪਰ ਕੁਝ ਦਿਨ ਪਹਿਲਾਂ ਸਿੱਧੂ ਨੂੰ ਪਟਿਆਲਾ ਜੇਲ੍ਹ ਵਿਚ ਮਿਲਣ ਗਏ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਇਸਦੀ ਜਾਣਕਾਰੀ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੁਝ ਦਿਨ ਪਹਿਲਾਂ ਦਰਜਨ ਦੇ ਕਰੀਬ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੱਧੂ ਨੂੰ ਮਿਲਣ ਲਈ ਪਟਿਆਲਾ ਦੀ ਸੈਂਟਰਲ ਜੇਲ੍ਹ ਪਹੁੰਚੇ ਸਨ। ਮੁਲਾਕਾਤ ਕਰਕੇ ਵਾਪਸ ਪਰਤੇ ਇਕ ਆਗੂ ਨੇ ਕਿਹਾ ਸੀ ਕਿ ਸਿੱਧੂ ਨੂੰ ਅੱਛੇ ਵਿਵਹਾਰ ਕਰਕੇ ਆਉਣ ਵਾਲੀ 26 ਜਨਵਰੀ ਨੂੰ ਰਿਹਾਅ ਕੀਤਾ ਜਾ ਸਕਦਾ ਹੈ। ਨਵਜੋਤ ਸਿੱਧੂ ਲੰਘੇ 6 ਮਹੀਨਿਆਂ ਤੋਂ ਜੇਲ੍ਹ ਵਿਚ ਹਨ ਅਤੇ ਉਹ ਆਪਣੀ ਬੈਰਕ ਵਿਚ ਬੈਠ ਕੇ ਕਲਰਕ ਦਾ ਕੰਮ ਵੀ ਕਰ ਰਹੇ ਹਨ।