ਬਠਿੰਡਾ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਬਾਗੀ ਧੜੇ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਬਠਿੰਡਾ ਵਿੱਚ ਪ੍ਰੈੱਸ ਕਾਨਫਰੰਸ ਕੀਤੀ। ਖਹਿਰਾ ਨੇ ਕਾਂਗਰਸ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਿੱਚ ਸ਼ਾਮਲ ਕੀਤੇ ਮੁਲਜ਼ਮਾਂ ਨੂੰ ਬਚਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਨਾਮਜ਼ਦ ਪੁਲਿਸ ਅਫ਼ਸਰਾਂ ਨੂੰ ਸਮਾਂ ਦੇ ਕੇ ਹਾਈਕੋਰਟ ਵਿੱਚ ਸਟੇਅ ਲੈਣ ਦਾ ਮੌਕੇ ਦਿੱਤਾ ਗਿਆ, ਜਿਸ ਤੋਂ ਸਾਫ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਸੂਰਵਾਰਾਂ ਦਾ ਸਾਥ ਦੇ ਰਹੇ ਹਨ। ਉਨ੍ਹਾਂ ਲੋਕਾਂ ਨੂੰ ਕਾਲੀ ਦਵਾਲੀ ਮਨਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਬੇਅਦਬੀ ਦੇ ਮੁਲਜ਼ਮ ਖੁੱਲ੍ਹੇ ਘੁੰਮਦੇ ਹੋਣ ਅਤੇ ਲੋਕ ਦੀਵਾਲੀ ਮਨਾਉਣ, ਇਹ ਨਹੀਂ ਹੋ ਸਕਦਾ। ਉਨ੍ਹਾਂ ਦੁਸਹਿਰੇ ਵਾਲੇ ਦਿਨ ਅੱਜ ਦੇ ਰਾਵਣਾਂ ਦੇ ਪੁਤਲੇ ਸਾੜਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ‘ਤੇ 8 ਘੰਟੇ ਬਹਿਸ ਚੱਲੀ ਸੀ ਅਤੇ ਕਾਂਗਰਸ ਦੇ ਮੰਤਰੀਆਂ ਨੇ ਝੋਲੀ ਅੱਡ ਕੇ ਕਸੂਰਵਾਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਸੀ ਪਰ ਮੁੱਖ ਮੰਤਰੀ ਨੇ ਸਿਰਫ਼ ਇਹ ਜਵਾਬ ਦਿੱਤਾ ਕਿ ਇਸ ਕੇਸ ਵਿੱਚ ਸੀਬੀਆਈ ਤੋਂ ਜਾਂਚ ਵਾਪਸ ਲੈਂਦੇ ਹਨ ਅਤੇ ਐੱਸਆਈਟੀ ਬਣਾ ਕੇ ਜਾਂਚ ਕਰਨ ਤੋਂ ਬਾਅਦ ਕਸੂਰਵਾਰਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ‘ਆਪ’ ਨਾਲ ਸਮਝੌਤੇ ਬਾਰੇ ਬੋਲਦਿਆਂ ਖਹਿਰਾ ਨੇ ਕਿਹਾ ਕਿ ਹਾਲੇ ਤੱਕ ਕਿਸੇ ਨੇ ਉਨ੍ਹਾਂ ਤੱਕ ਪਹੁੰਚ ਨਹੀਂ ਕੀਤੀ ਪਰ ਉਹ ਬਠਿੰਡਾ ਕਨਵੈਨਸ਼ਨ ਦੇ ਮਤਿਆਂ ‘ਤੇ ਕਾਇਮ ਹਨ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …