Breaking News
Home / ਹਫ਼ਤਾਵਾਰੀ ਫੇਰੀ / ਸਿੱਖਿਆ ਵਿਭਾਗ ਦੇ 140 ਬਾਬੂ ਪੰਜਾਬੀ-ਅੰਗਰੇਜ਼ੀ ਦੀ ਟਾਈਪਿੰਗ ਚੋਂ ਫੇਲ੍ਹ

ਸਿੱਖਿਆ ਵਿਭਾਗ ਦੇ 140 ਬਾਬੂ ਪੰਜਾਬੀ-ਅੰਗਰੇਜ਼ੀ ਦੀ ਟਾਈਪਿੰਗ ਚੋਂ ਫੇਲ੍ਹ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਡੀਈਓ ਦਫਤਰਾਂ ਵਿਚ ਕੰਮ ਕਰਨ ਵਾਲੇ ਬਾਬੂਆਂ ਦੇ ਇੰਕਰੀਮੈਂਟ ਨੂੰ ਲੈ ਕੇ ਐਤਵਾਰ ਨੂੰ ਅੰਗਰੇਜ਼ੀ ਅਤੇ ਪੰਜਾਬੀ ਟਾਈਪਿੰਗ ਟੈਸਟ ਲਏ ਗਏ। 170 ਵਿਚੋਂ 30 ਬਾਬੂ ਗੈਰਹਾਜ਼ਰ ਰਹੇ, ਜਦੋਂ ਕਿ ਭਾਗ ਲੈਣ ਵਾਲੇ 140 ਬਾਬੂ ਅੰਗਰੇਜ਼ੀ ਅਤੇ ਪੰਜਾਬੀ ਦੇ ਦੋਵੇਂ ਟਾਈਪਿੰਗ ਟੈਸਟ ਪਾਸ ਨਹੀਂ ਕਰ ਸਕੇ।
ਹਾਲਾਂਕਿ ਪੰਜ ਬਾਬੂਆਂ ਨੇ ਪੰਜਾਬੀ ਟੈਸਟ ਅਤੇ 16 ਬਾਬੂਆਂ ਨੇ ਅੰਗਰੇਜ਼ੀ ਟੈਸਟ ਪਾਸ ਕਰ ਲਿਆ, ਪਰ ਇਹ ਦੋਵੇਂ ਟੈਸਟ ਇਕੱਠੇ ਪਾਸ ਕਰਨਾ ਜ਼ਰੂਰੀ ਹੈ। ਹੁਣ ਸਵਾਲ ਉਠਦਾ ਹੈ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ, ਜੋ ਸਿੱਖਆ ਖੇਤਰ ਵਿਚ ਨਵੀਂ ਕ੍ਰਾਂਤੀ ਲਿਆਉਣ ਦਾ ਦਾਅਵਾ ਕਰਦੀ ਹੈ, ਉਹ ਨਤੀਜਾ ਕਿਸ ਤਰ੍ਹਾਂ ਮਿਲੇਗਾ ਅਤੇ ਟੀਚੇ ਕਿਸ ਤਰ੍ਹਾਂ ਪ੍ਰਾਪਤ ਹੋਣਗੇ।
ਜਦੋਂ ਤੱਕ ਟਾਈਪਿੰਗ ਟੈਸਟ ਨਹੀਂ ਕਰਦੇ ਪਾਸ, ਤਦ ਤੱਕ ਨਹੀਂ ਮਿਲੇਗੀ ਇੰਕਰੀਮੈਂਟ
ਜਾਣਕਾਰੀ ਦੇ ਅਨੁਸਾਰ ਸਿੱਖਿਆ ਵਿਭਾਗ ਵਲੋਂ ਮਈ ਮਹੀਨੇ ਵਿਚ ਪੰਜਾਬ ਭਰ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੇ ਦਫਤਰ ਵਿਚ ਕੰਮ ਕਰ ਰਹੇ ਬਾਬੂਆਂ ਦਾ ਟੈਸਟ ਲਿਆ ਗਿਆ ਸੀ।
ਸਿੱਖਿਆ ਵਿਭਾਗ ਦੇ ਪੱਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ 170 ਬਾਬੂਆਂ ਨੇ ਪੰਜਾਬੀ ਅਤੇ ਅੰਗਰੇਜ਼ੀ ਦਾ ਟਾਈਪਿੰਗ ਟੈਸਟ ਦਿੱਤਾ ਸੀ, ਜਿਸ ਵਿਚ ਸਾਰੇ ਬਾਬੂ ਫੇਲ੍ਹ ਹੋ ਗਏ ਹਨ। ਇਸ ਦੇ ਲਈ 6 ਕੋਆਰਡੀਨੇਟ ਜ਼ਿਲ੍ਹਾ ਬਠਿੰਡਾ, ਅੰਮ੍ਰਿਤਸਰ, ਚੰਡੀਗੜ੍ਹ, ਜਲੰਧਰ, ਪਟਿਆਲਾ ਅਤੇ ਸੰਗਰੂਰ ਬਣਾਏ ਗਏ ਸਨ।
ਟੈਸਟ ਵਿਚ ਜਲੰਧਰ ਵਿਚ ਸਭ ਤੋਂ ਜ਼ਿਆਦਾ 41 ਬਾਬੂ ਫੇਲ੍ਹ ਹੋਏ ਹਨ। ਇਸੇ ਤਰ੍ਹਾਂ ਬਠਿੰਡਾ ਵਿਚ 36, ਅੰਮ੍ਰਿਤਸਰ ਵਿਚ 29, ਚੰਡੀਗੜ੍ਹ ਵਿਚ 9, ਪਟਿਆਲਾ ਵਿਚ 37 ਅਤੇ ਸੰਗਰੂਰ ਵਿਚ 18 ਬਾਬੂ ਟਾਈਪ ਟੈਸਟ ਵਿਚ ਫੇਲ੍ਹ ਹੋਏ ਹਨ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ 30 ਬਾਬੂ ਅਜਿਹੇ ਸਨ, ਜਿਨ੍ਹਾਂ ਨੇ ਟੈਸਟ ਦਿੱਤਾ ਨਹੀਂ। ਨਤੀਜਨ 140 ਬਾਬੂ ਟੈਸਟ ਵਿਚ ਫੇਲ੍ਹ ਹੋ ਗਏ, ਇਨ੍ਹਾਂ ਵਿਚ 135 ਬਾਬੂ ਪੰਜਾਬੀ ਅਤੇ 124 ਬਾਬੂ ਅੰਗਰੇਜ਼ੀ ਦਾ ਟੈਸਟ ਪਾਸ ਨਹੀਂ ਕਰ ਸਕੇ। ਜ਼ਿਲ੍ਹਾ ਫਾਜ਼ਿਲਕਾ ਵਿਚ 12 ਬਾਬੂ ਫੇਲ੍ਹ ਹੋਏ ਹਨ, ਜਦਕਿ 4 ਟੈਸਟ ਵਿਚੋਂ ਗੈਰਹਾਜ਼ਰ ਰਹੇ ਹਨ। ਇਨ੍ਹਾਂ ਵਿਚ ਕਈ ਕਲਰਕ ਅਜਿਹੇ ਹਨ ਜੋ ਵਾਰ-ਵਾਰ ਫੇਲ੍ਹ ਹੋ ਰਹੇ ਹਨ। ਇਨ੍ਹਾਂ ਦੀ ਨੌਕਰੀ ‘ਤੇ ਸਵਾਲ ਨਹੀਂ ਆਏਗਾ, ਅਰਥਾਤ ਨੌਕਰੀ ਨੂੰ ਖਤਰਾ ਨਹੀਂ ਹੋਵੇਗਾ। ਜੇਕਰ ਇਹ ਬਾਬੂ ਫੇਲ੍ਹ ਹੁੰਦੇ ਰਹਿਣਗੇ ਤਾਂ ਇਨ੍ਹਾਂ ਦਾ ਹਰ ਸਾਲ ਮਿਲਣ ਵਾਲਾ ਇੰਕਰੀਮੈਂਟ ਰੋਕ ਲਿਆ ਜਾਵੇਗਾ। ਜਦੋਂ ਟੈਸਟ ਪਾਸ ਕਰ ਲੈਣਗੇ ਤਾਂ ਇਨ੍ਹਾਂ ਦਾ ਇੰਕਰੀਮੈਂਟ ਮਿਲੇਗਾ। ਇਹ ਵੀ ਪਤਾ ਲੱਗਾ ਹੈ ਕਿ ਸਾਰੇ ਬਾਬੂ ਤਰਸ ਦੇ ਅਧਾਰ ‘ਤੇ ਨੌਕਰੀ ਲੈਣ ਵਾਲੇ ਹਨ, ਜਿਨ੍ਹਾਂ ਦੀ ਸਿੱਧੀ ਭਰਤੀ ਹੁੰਦੀ ਹੈ ਅਤੇ ਟਾਈਪ ਟੈਸਟ ਬਾਅਦ ਵਿਚ ਲਿਆ ਜਾਂਦਾ ਹੈ। ਹੁਣ ਦੇਖਣਾ ਹੋਵੇਗਾ ਕਿ ਜੁਲਾਈ ਮਹੀਨੇ ਵਿਚ ਹੋਣ ਵਾਲੇ ਟੈਸਟ ਵਿਚ ਕਿੰਨੇ ਬਾਬੂ ਪਾਸ ਹੁੰਦੇ ਹਨ।

 

Check Also

ਲਿਬਰਲ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਹੁਤੇ ਕੈਨੇਡਾ ਵਾਸੀ ਨਾ ਖੁਸ਼

ਓਟਵਾ/ਬਿਊਰੋ ਨਿਊਜ਼ : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਲਿਬਰਲਾਂ ਵੱਲੋਂ ਪੇਸ਼ ਕੀਤੇ …