ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਆਤਮ ਕਥਾ ਵਿਚ ਇਹ ਦੱਸ ਕੇ ਕਿ ਮੈਂ 21 ਖਾਲਿਸਤਾਨੀ ਨੌਜਵਾਨਾਂ ਦਾ ਆਤਮ ਸਮਰਪਣ ਕਰਵਾਇਆ ਸੀ ਪਰ ਚੰਦਰ ਸ਼ੇਖਰ ਨੇ ਉਨ੍ਹਾਂ ਨੂੰ ਮਰਵਾ ਦਿੱਤਾ, ਖੁਦ ਨੂੰ ਇਸ ਬੋਝ ਤੋਂ ਮੁਕਤ ਕਰ ਲਿਆ। ਪਰ ਉਨ੍ਹਾਂ ਦੇ ਇਸ ਖੁਲਾਸੇ ਨਾਲ ਜਿੱਥੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੀ ਸਿੱਖਾਂ ਪ੍ਰਤੀ ਸੋਚ ਦਾ ਪ੍ਰਗਟਾਵਾ ਹੋ ਗਿਆ, ਉਥੇ ਅਮਰਿੰਦਰ ਦੀ 27 ਸਾਲਾਂ ਤੋਂ ਵੱਟੀ ਚੁੱਪ ‘ਤੇ ਵੀ ਸਵਾਲ ਉਠਣੇ ਲਾਜ਼ਮੀ ਹਨ। ਇਹ ਆਖ ਕੇ ਮੈਂ ਉਸ ਦਿਨ ਤੋਂ ਚੰਦਰ ਸ਼ੇਖਰ ਨੂੰ ਬੁਲਾਇਆ ਨਹੀਂ ਅਤੇ ਫਿਰ ਕਿਸੇ ਖਾਲਿਸਤਾਨੀ ਨੌਜਵਾਨ ਦਾ ਆਤਮ ਸਮਰਪਣ ਨਹੀਂ ਕਰਵਾਇਆ, ਅਮਰਿੰਦਰ ਸਿੰਘ ਆਪਣੀ ਗਲਤੀ ਤੋਂ ਬਰੀ ਨਹੀਂ ਹੋ ਸਕਦੇ। ਸਵਾਲ ਹੈ ਕਿ ਅਮਰਿੰਦਰ ਸਿੰਘ ਨੇ ਗੈਰ ਮਨੁੱਖੀ ਇਸ ਹਰਕਤ ਖਿਲਾਫ਼ ਆਵਾਜ਼ ਕਿਉਂ ਨਹੀਂ ਚੁੱਕੀ। ਉਨ੍ਹਾਂ ਅਦਾਲਤ ਦਾ ਸਹਾਰਾ ਕਿਉਂ ਨਹੀਂ ਲਿਆ। ਹੁਣ ਵੀ ਚੰਦਰ ਸ਼ੇਖਰ ਦੀ ਗੱਲ ਤਾਂ ਕੀਤੀ ਪਰ ਇਹ ਨਹੀਂ ਕਿਹਾ ਕਿ ਮੈਂ ਉਸ ਸਮੇਂ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਪੁਲਿਸ ਅਫ਼ਸਰਾਂ ਖਿਲਾਫ਼ ਐਫ ਆਈ ਆਰ ਕਰਵਾਵਾਂਗਾ, ਉਨ੍ਹਾਂ ਖਿਲਾਫ਼ ਬਣਦੀ ਵਿਭਾਗੀ ਕਾਰਵਾਈ ਕਰਾਂਗਾ ਜਾਂ ਇਸ ਮਾਮਲੇ ਦੀ ਪੜਚੋਲ ਕਰਵਾਵਾਂਗਾ। ਸਵਾਲ ਇਹ ਹੈ ਕਿ ਅਮਰਿੰਦਰ ਸਿੰਘ 27 ਸਾਲਾਂ ਤੋਂ ਚੁੱਪ ਕਿਉਂ ਰਹੇ।
ਮੈਂ 21 ਖਾਲਿਸਤਾਨੀ ਆਗੂਆਂ ਨੂੰ ਆਤਮ ਸਮਰਪਣ ਕਰਵਾਇਆ, ਚੰਦਰ ਸ਼ੇਖਰ ਨੇ ਉਨ੍ਹਾਂ ਨੂੰ ਮਰਵਾ ਦਿੱਤਾ ਸੀ : ਕੈਪਟਨ ਅਮਰਿੰਦਰ
ਆਤਮਕਥਾ ‘ਦ ਪੀਪਲਜ਼ ਮਹਾਰਾਜਾ’ ਦੇ ਰਿਲੀਜ਼ ਸਮਾਗਮ ‘ਚ ਕੀਤਾ ਖੁਲਾਸਾ
ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹਨਾਂ ਨੇ 21 ਖਾਲਿਸਤਾਨੀ ਖਾੜਕੂਆਂ ਦਾ ਆਤਮ ਸਮਰਪਣ ਕਰਵਾਇਆ ਸੀ। ਪਰ ਉਸ ਸਮੇਂ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਨੇ ਉਹਨਾਂ ਨੂੰ ਧੋਖਾ ਦਿੱਤਾ। ਸਾਰੇ ਖਾਲਿਸਤਾਨੀਆਂ ਨੂੰ ਮਰਵਾ ਦਿੱਤਾ ਸੀ। ਇਹ ਪਤਾ ਲੱਗਣ ਤੋਂ ਬਾਅਦ ਮੈਂ ਕਦੇ ਕਿਸੇ ਖਾਲਿਸਤਾਨੀ ਦਾ ਆਤਮ ਸਮਰਪਣ ਨਹੀਂ ਕਰਵਾਇਆ। ਨਾ ਹੀ ਕਦੀ ਚੰਦਰ ਸ਼ੇਖਰ ਨਾਲ ਗੱਲ ਕੀਤੀ। ਕੈਪਟਨ ਨੇ ਇਹ ਗੱਲ ਆਤਮਕਥਾ ‘ਦ ਪੀਪਲਜ਼ ਮਹਾਰਾਜਾ’ ਦੇ ਰਿਲੀਜ਼ ਸਮਾਗਮ ਮੌਕੇ ਕਹੀ।
ਖਾਲੜਾ ਮਿਸ਼ਨ ਨੇ ਕੀਤੀ ਨਿਆਇਕ ਜਾਂਚ ਦੀ ਮੰਗ
ਚੰਡੀਗੜ੍ਹ : ਪੰਜਾਬ ਵਿਚ ਖਾੜਕੂਵਾਦ ਦੇ ਸਮੇਂ ਤੋਂ ਸਰਗਰਮ ਪ੍ਰਮੁੱਖ ਮਨੁੱਖੀ ਅਧਿਕਾਰ ਸੰਗਠਨ ਖਾਲੜਾ ਮਿਸ਼ਨ ਨੇ ਇਸ ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣ ਲਈ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਆਖਿਆ ਕਿ ਇਸ ਮਾਮਲੇ ‘ਤੇ ਸੁਪਰੀਮ ਕੋਰਟ ਤੇ ਹਾਈਕੋਰਟ ਨੂੰ ਖੁਦ ਹੀ ਨੋਟਿਸ ਲੈਣਾ ਚਾਹੀਦਾ ਹੈ ਤਾਂ ਕਿ ਸੱਚਾਈ ਸਾਹਮਣੇ ਆ ਸਕੇ।
ਉਠੀ ਮੰਗ : ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸਾਹਮਣੇ
ਆਉਣ ਅਮਰਿੰਦਰ
ਚੰਡੀਗੜ੍ਹ : ਅਮਰਿੰਦਰ ਦੇ ਖੁਲਾਸੇ ਤੋਂ ਬਾਅਦ ਪੰਜਾਬ ਸਮੇਤ ਦੇਸ਼ ਅਤੇ ਵਿਦੇਸ਼ਾਂ ‘ਚ ਵਸਦੇ ਸਿੱਖ ਸੰਗਠਨਾਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਸੰਨ 1990-91 ਦੌਰਾਨ 21 ਨੌਜਵਾਨਾਂ ਨੂੰ ਮਰਵਾਉਣ ਦੀ ਘਟਨਾ ਨੂੰ ਸਿੱਖ ਸੰਗਠਨਾਂ ਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਨਿੰਦਣਯੋਗ ਕਰਾਰ ਦਿੰਦਿਆਂ ਕਿਹਾ ਕਿ ਅਮਰਿੰਦਰ ਨੂੰ 21 ਸਿੱਖ ਨੌਜਵਾਨਾਂ ਨੂੰ ਖਤਮ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਐੱਫ. ਆਈ. ਆਰ. ਦਰਜ ਕਰਨ ਦਾ ਹੁਕਮ ਦੇਣਾ ਚਾਹੀਦਾ ਹੈ।ઠਅਕਾਲੀ ਦਲ ਨੇ ਤਾਂ ਇਹ ਵੀ ਮੰਗ ਕੀਤੀ ਕਿ ਅਮਰਿੰਦਰ ਨੂੰ ਤੁਰੰਤ ਪੀੜਤਾਂ ਦੀ ਪਛਾਣ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਸ ਘਿਣੌਨੇ ਅਪਰਾਧ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮਾਮਲਾ ਵੀ ਸੀ। ਇਸ ਲਈ ਸਟੇਟ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਵੀ ਇਸ ਸਬੰਧ ਵਿਚ ਕੇਸ ਦਰਜ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਦੋਸ਼ੀਆਂ ਦੀ ਪਛਾਣ ਵਾਸਤੇ ਸੂਬਾ ਸਰਕਾਰ ਤੋਂ ਲੋੜੀਂਦਾ ਰਿਕਾਰਡ ਤਲਬ ਕਰ ਸਕਦਾ ਹੈ। ਵਲਟੋਹਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਤੁਰੰਤ ਇਸ ਮਾਮਲੇ ਵਿਚ ਕਾਰਵਾਈ ਨਾ ਕੀਤੀ ਤਾਂ ਅਕਾਲੀ ਦਲ ਇਸ ਮਸਲੇ ਨੂੰ ਵਿਧਾਨ ਸਭਾ ਵਿਚ ਉਠਾਏਗਾ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …