Breaking News
Home / ਹਫ਼ਤਾਵਾਰੀ ਫੇਰੀ / 550ਵੇਂ ਪ੍ਰਕਾਸ਼ ਪੁਰਬ ਲਈ ਪਾਕਿਸਤਾਨ ਇਕ ਸਤੰਬਰ ਤੋਂ ਸ਼ੁਰੂ ਕਰੇਗਾ ਵੀਜ਼ਾ ਪ੍ਰਕਿਰਿਆ

550ਵੇਂ ਪ੍ਰਕਾਸ਼ ਪੁਰਬ ਲਈ ਪਾਕਿਸਤਾਨ ਇਕ ਸਤੰਬਰ ਤੋਂ ਸ਼ੁਰੂ ਕਰੇਗਾ ਵੀਜ਼ਾ ਪ੍ਰਕਿਰਿਆ

ਨਵੰਬਰ ਵਿਚ ਕਰਤਾਰਪੁਰ ਕੌਰੀਡੋਰ ਦਾ ਕੰਮ ਮੁਕੰਮਲ ਕਰਨ ਦੀ ਗੱਲ ਕਹੀ
ਲਾਹੌਰ/ਬਿਊਰੋ ਨਿਊਜ਼ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਪਾਕਿਸਤਾਨ ਸਿੱਖ ਸ਼ਰਧਾਲੂਆਂ ਲਈ ਵੀਜ਼ਾ ਪ੍ਰਕਿਰਿਆ ਇਕ ਸਤੰਬਰ ਤੋਂ ਸ਼ੁਰੂ ਕਰ ਦੇਵੇਗਾ। ਇਹ ਪ੍ਰਕਿਰਿਆ 30 ਸਤੰਬਰ ਤੱਕ ਚੱਲੇਗੀ। ਪਾਕਿ ਵਲੋਂ ਕਿਹਾ ਗਿਆ ਹੈ ਕਿ ਕਰਤਾਰਪੁਰ ਕੌਰੀਡੋਰ ਪ੍ਰੋਜੈਕਟ ਇਸੇ ਸਾਲ ਨਵੰਬਰ ਵਿਚ ਪੂਰਾ ਕਰ ਲਿਆ ਜਾਵੇਗਾ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ ਕਾਰਜ ਨਵੰਬਰ ਵਿਚ ਹੀ ਸ਼ੁਰੂ ਹੋਣਗੇ। ਇਸ ਸਬੰਧੀ ਫੈਸਲਾ ਲਾਹੌਰ ‘ਚ ਲਹਿੰਦੇ ਪੰਜਾਬ ਦੇ ਰਾਜਪਾਲ ਚੌਧਰੀ ਸਰਵਰ ਦੀ ਪ੍ਰਧਾਨਗੀ ‘ਚ ਧਾਰਮਿਕ ਸੈਰ ਸਪਾਟਾ ਤੇ ਵਿਰਾਸਤ ਕਮੇਟੀ ਦੀ ਮੀਟਿੰਗ ਦੌਰਾਨ ਲਿਆ ਗਿਆ। ਮੀਟਿੰਗ ਤੋਂ ਬਾਅਦ ਚੌਧਰੀ ਸਰਵਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਕਾਸ਼ ਪੁਰਬ ਸਬੰਧੀ 12 ਨਵੰਬਰ ਨੂੰ ਹੋਣ ਵਾਲੇ ਸਮਾਗਮ ਲਈ ਸਿੱਖ ਸ਼ਰਧਾਲੂਆਂ ਲਈ ਵੀਜ਼ਾ ਪ੍ਰਕਿਰਿਆ ਇਕ ਸਤੰਬਰ ਤੋਂ ਸ਼ੁਰੂ ਹੋ ਕੇ ਮਹੀਨੇ ਦੇ ਅੰਤ ਤੱਕ ਮੁਕੰਮਲ ਹੋ ਜਾਵੇਗੀ। ਸਰਵਰ ਨੇ ਇਹ ਵੀ ਦੱਸਿਆ ਕਿ ਸਮਾਗਮ ‘ਚ ਸ਼ਾਮਲ ਹੋਣ ਲਈ ਭਾਰਤ ਤੋਂ ਇਲਾਵਾ ਕਈ ਸਿੱਖ ਸ਼ਰਧਾਲੂ ਯੂ.ਕੇ. ਅਮਰੀਕਾ ਤੇ ਹੋਰ ਦੇਸ਼ਾਂ ਤੋਂ ਵੀ ਪਹੁੰਚਣਗੇ।
ਪ੍ਰਕਾਸ਼ ਪੁਰਬ ਮੌਕੇ ਕਰਵਾਈਆਂ ਜਾਣ ਵਾਲੀਆਂ ਖੇਡਾਂ ਲਈ ਪਾਕਿਸਤਾਨ ਦੇ ਖਿਡਾਰੀਆਂ ਨੂੰ ਸੱਦਿਆ ਜਾਵੇਗਾ
ਕੈਨੇਡਾ, ਅਮਰੀਕਾ ਅਤੇ ਜਰਮਨੀ ਦੇ ਖਿਡਾਰੀਆਂ ਨੂੰ ਵੀ ਭੇਜੇ ਜਾਣਗੇ ਸੱਦੇ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਈਆਂ ਜਾਣ ਵਾਲੀਆਂ ਖੇਡਾਂ ‘ਚ ਪਾਕਿਸਤਾਨ ਸਮੇਤ ਕੁਝ ਹੋਰ ਦੇਸ਼ਾਂ ਦੇ ਖਿਡਾਰੀਆਂ ਨੂੰ ਵੀਜ਼ੇ ਦੇਣ ਦੀ ਕੀਤੀ ਬੇਨਤੀ ਨੂੰ ਕੇਂਦਰ ਸਰਕਾਰ ਨੇ ਸਵੀਕਾਰ ਕਰ ਲਿਆ ਹੈ। ਗੁਰਪੁਰਬ ਸਮਾਗਮ ਕਰੀਬ ਅੱਧਾ ਮਹੀਨਾ ਚੱਲਣਗੇ ਤੇ ਖੇਡ ਸਮਾਗਮਾਂ ਦੇ ਨਾਲ-ਨਾਲ ਧਾਰਮਿਕ ਸਮਾਗਮ, ਸੈਮੀਨਾਰ ਆਦਿ ਹੋਣਗੇ। ਪੰਜਾਬ ਸਰਕਾਰ ਵੱਲੋਂ ਕਬੱਡੀ, ਵਾਲੀਬਾਲ ਮੁਕਾਬਲੇ ਕਰਵਾਏ ਜਾ ਰਹੇ ਹਨ ਤੇ 550 ਸਾਈਕਲ ਸਵਾਰ ਖਿਡਾਰੀਆਂ ਦਾ ਇਕ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਚੱਲੇਗਾ ਜਿਹੜਾ ਕਰਤਾਰਪੁਰ ਲਾਂਘੇ ਰਾਹੀ ਪਾਕਿਸਤਾਨ ਜਾਵੇਗਾ। ਸੂਬੇ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਬੇਨਤੀ ਪ੍ਰਵਾਨ ਹੋਣ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਆਂਢੀ ਦੇਸ਼ ਪਾਕਿਸਤਾਨ ਤੋਂ ਇਲਾਵਾ ਅਮਰੀਕਾ, ਕੈਨੇਡਾ, ਆਸਟਰੇਲੀਆ, ਜਰਮਨੀ ਅਤੇ ਕੁਝ ਹੋਰ ਦੇਸ਼ਾਂ ਦੇ ਕਬੱਡੀ ਅਤੇ ਵਾਲੀਬਾਲ ਖਿਡਾਰੀਆਂ ਨੂੰ ਸੱਦਿਆ ਜਾਵੇਗਾ। ਇਸ ਲਈ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਤੇ ਜਲਦੀ ਹੀ ਸੂਚੀਆਂ ਤਿਆਰ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਕਬੱਡੀ ਟੂਰਨਾਮੈਂਟ ਲਈ ਵੱਖ-ਵੱਖ ਦੇਸ਼ਾਂ ਤੋਂ ਖਿਡਾਰੀ ਹਿੱਸਾ ਲੈਣ ਆਉਣਗੇ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਨੂੰ ਪਹਿਲਾਂ ਤੋਂ ਤੈਅ ਨਿਯਮਾਂ ਅੁਨਸਾਰ ਵੀਜ਼ੇ ਲੈਣ ਲਈ ਅਰਜ਼ੀਆਂ ਦੇਣੀਆਂ ਪੈਣਗੀਆਂ। ਖਿਡਾਰੀਆਂ ਨੂੰ ਆਨਲਾਈਨ ਅਰਜ਼ੀਆਂ ਦੇਣੀਆਂ ਪੈਣਗੀਆਂ ਪਰ ਹਾਲਾਤ ਸਾਜ਼ਗਾਰ ਹੋਣੇ ਅਹਿਮ ਭੂਮਿਕਾ ਨਿਭਾਉਣਗੇ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …