ਕਰਤਾਰਪੁਰ ਲਾਂਘੇ ਦਾ ਕੰਮ ਬੰਦ ਹੋਵੇ : ਸੁਬਰਾਮਨੀਅਮ ਸਵਾਮੀ
ਚੰਡੀਗੜ੍ਹ/ਬਿਊਰੋ ਨਿਊਜ਼ : ਰਾਜ ਸਭਾ ਮੈਂਬਰ ਅਤੇ ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਨੇ ਚੰਡੀਗੜ੍ਹ ‘ਚ ਕਿਹਾ ਕਿ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਗੁਆਂਢੀ ਮੁਲਕ ਪਾਕਿਸਤਾਨ ਨਾਲ ਜਿਹੋ-ਜਿਹੇ ਹਾਲਾਤ ਬਣੇ ਹਨ, ਉਸ ਤੋਂ ਬਾਅਦ ਸਰਕਾਰ ਨੂੰ ਕਰਤਾਰਪੁਰ ਕੌਰੀਡੋਰ ਦਾ ਕੰਮ ਬੰਦ ਕਰ ਦੇਣਾ ਚਾਹੀਦਾ ਹੈ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹਨ। ਸਵਾਮੀ ਇੱਥੇ ਸੰਸਕ੍ਰਿਤੀ ਗੌਰਵ ਸੰਸਥਾ ਵਲੋਂ ਕਰਵਾਈ ਗਈ ਕੌਮੀ ਗੋਸ਼ਟੀ ‘ਵੈਕੇਸ਼ਨ ਆਫ ਪੀਓਕੇਜ਼’ ਵਿੱਚ ਆਪਣੇ ਵਿਚਾਰ ਰੱਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਕਰਤਾਰਪੁਰ ਕੌਰੀਡੋਰ ਦਾ ਨਿਰਮਾਣ ਰੋਕਣਾ ਦੇਸ਼ ਦੇ ਹਿੱਤ ਵਿੱਚ ਹੈ ਅਤੇ ਪਾਕਿਸਤਾਨ ਨੂੰ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨ ਦਾ ਬਹਾਨਾ ਨਹੀਂ ਦੇਣਾ ਚਾਹੀਦਾ। ਇਸ ਤੋਂ ਪਹਿਲਾਂ ਗੋਸ਼ਟੀ ਵਿੱਚ ਮੁੱਖ ਬੁਲਾਰੇ ਵਜੋਂ ਬੋਲਦਿਆਂ ਸਵਾਮੀ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਸਾਨੂੰ ਪੀਓਕੇ (ਪਾਕਿ ਦੇ ਕਬਜ਼ੇ ਵਾਲਾ ਕਸ਼ਮੀਰ) ਲਈ ਲੜਾਈ ਲੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਬਾਰੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵਲੋਂ ਸੰਯੁਕਤ ਰਾਸ਼ਟਰ ਵਿੱਚ ਦਿੱਤਾ ਗਿਆ ਪ੍ਰਸਤਾਵ ਵਾਪਸ ਲੈਣਾ ਚਾਹੀਦਾ ਹੈ ਕਿਉਂਕਿ ਉਸ ਪ੍ਰਸਤਾਵ ਨੂੰ ਕੈਬਨਿਟ ਨੇ ਪਾਸ ਨਹੀਂ ਕੀਤਾ ਸੀ। ਗੋਸ਼ਟੀ ਵਿੱਚ ਡੀਏਵੀ ਕਾਲਜ ਦੇ ਪ੍ਰਿੰਸੀਪਲ ਪਵਨ ਸ਼ਰਮਾ, ਸਮਾਗਮ ਦੇ ਪ੍ਰਬੰਧਕ ਸਤੀਸ਼ ਕੁਮਾਰ, ਐਡਵੋਕੇਟ ਰਾਮ ਲਾਲ ਗੁਪਤਾ ਵੀ ਮੌਜੂਦ ਸਨ।
Check Also
ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ
ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …