ਪ੍ਰਧਾਨ ਮੰਤਰੀ ਐਤਵਾਰ ਨੂੰ ਕਰ ਸਕਦੇ ਹਨ ਐਲਾਨ
ਟੋਰਾਂਟੋ/ਬਿਊਰੋ ਨਿਊਜ਼ : ਭਰੋਸੇਯੋਗ ਸੂਤਰਾਂ ਤੋਂ ਮਿਲੀਆਂ ਖ਼ਬਰਾਂ ਮੁਤਾਬਕ ਕੈਨੇਡਾ ਵਿਚ 20 ਸਤੰਬਰ ਨੂੰ ਫੈਡਰਲ ਚੋਣਾਂ ਹੋਣਗੀਆਂ। ਇਸ ਬਾਰੇ ਆਉਂਦੇ ਐਤਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਐਲਾਨ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਕਿਸੇ ਵੀ ਚੋਣ ਮੁਹਿੰਮ ਲਈ ਘੱਟੋ-ਘੱਟ 30 ਦਿਨਾਂ ਦਾ ਸਮਾਂ ਨਿਰਧਾਰਤ ਹੁੰਦਾ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਆਉਣ ਵਾਲੀ ਪਤਝੜ ਦੀ ਰੁੱਤ ਦੌਰਾਨ ਚੋਣਾਂ ਹੋ ਸਕਦੀਆਂ ਹਨ। ਅਕਤੂਬਰ 2019 ਵਿਚ ਹੋਈਆਂ ਫੈਡਰਲ ਚੋਣਾਂ ਵਿਚ ਬੇਸ਼ੱਕ ਲਿਬਰਲ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਸੀ ਪ੍ਰੰਤੂ ਸਭ ਤੋਂ ਵੱਡੀ ਪਾਰਟੀ ਹੋਣ ਕਾਰਨ ਲਿਬਰਲ ਪਾਰਟੀ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਗਿਆ ਸੀ। ਇੰਝ ਕੈਨੇਡਾ ਵਿਚ ਇਸ ਸਮੇਂ ਮਨਿਓਰਿਟੀ ਸਰਕਾਰ ਕੰਮ ਕਰ ਰਹੀ ਹੈ। ਉਧਰ ਐਨਡੀਪੀ ਲੀਡਰ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ ਅਤੇ ਸਰਕਾਰ ਨਿਰਵਿਘਨ ਕੰਮ ਕਰ ਰਹੀ ਹੈ ਤਾਂ ਫਿਰ ਕੋਵਿਡ-19 ਦੀ ਇਸ ਮਹਾਂਮਾਰੀ ਦੌਰਾਨ ਚੋਣਾਂ ਕਿਉਂ ਕਰਵਾਈਆਂ ਜਾ ਰਹੀਆਂ ਹਨ। ਵੈਸੇ ਮਿਲ ਰਹੀਆਂ ਖ਼ਬਰਾਂ ਮੁਤਾਬਕ ਐਨਡੀਪੀ ਅਤੇ ਕੰਸਰਵੇਟਿਵ ਪਾਰਟੀ ਅੰਦਰਖਾਤੇ ਚੋਣਾਂ ਦੀ ਤਿਆਰੀ ਵੀ ਕਰ ਰਹੀਆਂ ਹਨ। ਮੌਜੂਦਾ ਸਰਵੇ ਮੁਤਾਬਕ ਲਿਬਰਲ ਪਾਰਟੀ ਇਸ ਸਮੇਂ ਵਿਰੋਧੀ ਪਾਰਟੀਆਂ ਤੋਂ ਕਾਫ਼ੀ ਅੱਗੇ ਨਜ਼ਰ ਆ ਰਹੀ ਹੈ। ਜੇਕਰ ਅੱਜ ਚੋਣਾਂ ਹੋ ਜਾਣ ਤਾਂ ਲਿਬਰਲ ਪਾਰਟੀ 36 ਪ੍ਰਤੀਸ਼ਤ, ਕੰਸਰਵੇਟਿਵ ਨੂੰ 30 ਪ੍ਰਤੀਸ਼ਤ ਅਤੇ ਐਨਡੀਪੀ ਨੂੰ 20 ਪ੍ਰਤੀਸ਼ਤ ਲੋਕਾਂ ਦਾ ਸਮਰਥਨ ਮਿਲੇਗਾ। ਦੇਖਣਾ ਇਹ ਹੋਵੇਗਾ ਕੋਵਿਡ ਦੇ ਇਸ ਸਮੇਂ ਦੌਰਾਨ ਲੋਕ ਚੋਣਾਂ ਕਰਵਾਏ ਜਾਣ ਦੇ ਫੈਸਲੇ ਨਾਲ ਸਹਿਮਤ ਹੁੰਦੇ ਹਨ ਜਾਂ ਨਹੀਂ।
ਉਧਰ ਲਿਬਰਲ ਪਾਰਟੀ ਨੂੰ ਲਗਦਾ ਹੈ ਕਿ ਕਿਉਂਕਿ ਉਨ੍ਹਾਂ ਨੇ ਇਸ ਮਹਾਂਮਾਰੀ ਦੌਰਾਨ ਬਹੁਤ ਵਧੀਆ ਤਰੀਕੇ ਨਾਲ ਪ੍ਰਸ਼ਾਸਨ ਚਲਾਇਆ ਹੈ ਅਤੇ ਇਸ ਸਮੇਂ ਵੀ ਕੈਨੇਡਾ ਵਿਚ 72 ਪ੍ਰਤੀਸ਼ਤ ਲੋਕ ਇਕ ਟੀਕਾ ਅਤੇ 66 ਪ੍ਰਤੀਸ਼ਤ ਲੋਕ ਦੋਵੇਂ ਟੀਕੇ ਲਗਵਾ ਚੁੱਕੇ ਹਨ। ਇੰਝ ਕੈਨੇਡਾ ਬਾਕੀ ਕਈ ਮੁਲਕਾਂ ਤੋਂ ਟੀਕਾਕਰਨ ਵਿਚ ਬਹੁਤ ਅੱਗੇ ਹੈ ਅਤੇ ਇਸੇ ਤਰ੍ਹਾਂ ਆਮ ਲੋਕਾਂ, ਛੋਟੇ ਅਤੇ ਵੱਡੇ ਬਿਜਨਸ ਕਰਮੀਆਂ ਅਤੇ ਸਮਾਜ ਦੇ ਹੋਰ ਕਈ ਵਰਗਾਂ ਨੂੰ ਵੱਡੇ ਪੱਧਰ ‘ਤੇ ਰਾਹਤ ਦੇ ਕੇ ਲਿਬਰਲ ਪਾਰਟੀ ਨੇ ਖੁਸ਼ ਕਰ ਲਿਆ ਹੈ, ਜਿਸ ਦਾ ਫਾਇਦਾ ਉਨ੍ਹਾਂ ਨੂੰ ਚੋਣਾਂ ਦੌਰਾਨ ਜ਼ਰੂਰ ਹੋਵੇਗਾ। ਲਿਬਰਲ ਪਾਰਟੀ ਬਹੁਮਤ ਵੀ ਹਾਸਲ ਕਰ ਸਕਦੀ ਹੈ। ਜੇਕਰ ਪੰਜਾਬੀ ਭਾਈਚਾਰੇ ਦੀ ਗੱਲ ਕਰੀਏ ਤਾਂ ਜਿੱਥੇ ਲਿਬਰਲ ਪਾਰਟੀ ਮਜ਼ਬੂਤ ਸਥਿਤੀ ਵਿਚ ਨਜ਼ਰ ਆ ਰਹੀ ਹੈ, ਉਥੇ ਦੂਸਰੀਆਂ ਪਾਰਟੀਆਂ ਨੇ ਕਈ ਰਾਈਡਿੰਗਾਂ ਵਿਚ ਅਜੇ ਆਪਣੇ ਉਮੀਦਵਾਰਾਂ ਦਾ ਐਲਾਨ ਵੀ ਨਹੀਂ ਕੀਤਾ ਹੈ। ਇੰਝ ਲਗਦਾ ਹੈ ਕਿ ਜੀਟੀਏ ਇਲਾਕੇ ਵਿਚ ਮੁੜ ਤੋਂ ਜਿੱਥੇ 80 ਤੋਂ ਵੱਧ ਸੀਟਾਂ ਦਾਅ ‘ਤੇ ਹਨ ਮੁੜ ਤੋਂ ਲਿਬਰਲ ਪਾਰਟੀ ਦਾ ਹੀ ਹੱਥ ਉਪਰ ਰਹਿਣ ਦੀ ਸੰਭਾਵਨਾ ਹੈ।