Breaking News
Home / ਮੁੱਖ ਲੇਖ / 1947 ਦੀ ਭਾਰਤ-ਪਾਕਿ ਵੰਡ ਦੇ ਵਿਸ਼ੇਸ਼ ਸੰਦਰਭ ‘ਚ

1947 ਦੀ ਭਾਰਤ-ਪਾਕਿ ਵੰਡ ਦੇ ਵਿਸ਼ੇਸ਼ ਸੰਦਰਭ ‘ਚ

ਅੱਲੋ ਸੱਕਾ਼ ਤੇ ઑਬਾਵਾ ਫਕੀਰ਼ ਦੀ ਕਹਾਣੀ – ਮੇਰੀ ਜ਼ਬਾਨੀ
ਕੈਪਟਨ ਇਕਬਾਲ ਸਿੰਘ ਵਿਰਕ
637-631-9445
ਇਹ ਕਹਾਣੀ ਭਾਰਤ ਪਾਕਿਸਤਾਨ ਦੀ 15 ਅਗਸਤ 1947 ਦੀ ਵੰਡ ਤੋਂ ਪਹਿਲਾਂ ਦੀ ਹੈ। ‘ਅੇਲੋ ਸੱਕਾ’ ਨਾਂ ਦਾ ਇਕ ਸ਼ਖ਼ਸ ਮੁਸਲਮਾਨ ਪਰਿਵਾਰ ਵਿੱਚੋਂ ਸੀ ਅਤੇ ઑਬਾਵਾ ਫਕੀਰ਼ ਵੀ ਮੁਸਲਮਾਨ ਹੀ ਸੀ ਪਰ ਕਹਾਣੀਆਂ ਦੋਹਾਂ ਦੀਆਂ ਵੱਖਰੀਆਂ ਹਨ। ਅੱਲੋ ਸੱਕਾ ਦੇ ਪਰਿਵਾਰ ਦਾ ਘਰ ਸਾਡੀ ਗਲ਼ੀ ਵਿਚ ਸਾਡੇ ਘਰ ਤੋਂ ਲੱਗਭੱਗ ਦੋ ਸੌ ਗਜ਼ ਦੀ ਦੂਰੀ ‘ਤੇ ਸੀ। ਉਸ ਦਾ ਤੇ ਉਸ ਦੇ ਭਰਾਵਾਂ ਦੇ ਘਰ ਛੋਟੇ-ਛੋਟੇ ਸਨ ਅਤੇ ਇਹ ਸਾਰੇ ਥੋੜ੍ਹੇ ਜਿਹੇ ਥਾਂ ਵਿਚ ਹੀ ਬਣੇ ਹੋਏ ਸਨ। ਅੱਲੋ ਸੱਕਾ ਆਪ ਪਿੰਡ ਵਿਚ ਪਾਣੀ ਭਰਨ ਦਾ ਕੰਮ ਕਰਦਾ ਸੀ। ਉਦੋਂ ਨਲਕੇ ਕਿਸੇ ਵਿਰਲੇ ਘਰ ਵਿਚ ਹੀ ਸਨ। ਸਾਡੇ ਘਰ ਦੇ ਨੇੜੇ ਹੀ ਇਕ ਖੂਹੀ ਹੁੰਦੀ ਸੀ ਅਤੇ ਅੱਲਾ ਸੱਕਾ ਉੱਥੋਂ ਪਾਣੀ ਭਰ ਕੇ ਘਰੋ-ਘਰੀ ਪਹੁੰਚਾਉਂਦਾ ਸੀ। ਪਿੰਡ ਵਿਚ ਇਕ ਖੂਹ ਵੀ ਸੀ ਜੋ ਸਾਡੇ ਘਰੋਂ ਥੋੜ੍ਹਾ ਦੂਰ ਪੈਂਦਾ ਸੀ। ਖੂਹਾਂ ਦੇ ਪਾਣੀ ਉਦੋਂ ਬਹੁਤੇ ਡੂੰਘੇ ਨਹੀਂ ਹੁੰਦਾ ਸਨ। ਅੱਲੋ ਸੱਕਾ ਦੋ ਬਲਦਾਂ ਨੂੰ ਜੋੜ ਕੇ ਚਮੜੇ ਦੇ ਬਣੇ ਹੋਏ ਬੋਕੇ ਨਾਲ ਉਸ ਖੂਹ ਵਿਚੋਂ ਪਾਣੀ ਬਾਹਰ ਕੱਢਦਾ ਸੀ ਅਤੇ ਉਸ ਨੂੰ ਲੋਹੇ ਦੀ ਬਣੀ ਇਕ ਟੈਂਕੀ ਵਿਚ ਇਕੱਠਾ ਕਰ ਲੈਂਦਾ ਸੀ। ਫਿਰ ਮੋਢੇ ‘ਤੇ ਪਾਏ ਹੋਏ ਪਟੇ ਨਾਲ਼ ਬੰਨ੍ਹੀ ਹੋਈ ਮਸ਼ਕ ਵਿਚ ਟੈਂਕੀ ਤੋਂ ਪਾਣੀ ਭਰ ਕੇ ਉਹ ਘਰਾਂ ਵਿਚ ਜਾ ਕੇ ਲੋਕਾਂ ਦੇ ਘੜੇ ਭਰਦਾ ਸੀ। ਇਕ ਮਸ਼ਕ ਨਾਲ ਤਕਰੀਬਨ ਤਿੰਨ ਘੜੇ ਭਰ ਜਾਂਦੇ ਸਨ। ਮਸ਼ਕ ਵਿੱਚੋਂ ਚੋਂਦੇ ਪਾਣੀ ਨਾਲ ਅੱਲੋ ਸੱਕਾ ਦੀ ਢੂਈ ਹਾੜ-ਸਿਆਲ਼ ਗਿੱਲੀ ਹੀ ਰਹਿੰਦੀ। ਮੈਨੂੰ ਉਸ ਵੱਲ ਵੇਖ ਕੇ ਬੜਾ ਤਰਸ ਆਉਂਦਾ, ਖ਼ਾਸ ਕਰਕੇ ਸਰਦੀਆਂ ਵਿਚ ਜਦੋਂ ਠੰਢ ਵੀ ਵਾਹਵਾ ਹੁੰਦੀ।
ਸਾਡੇ ਪਰਿਵਾਰ ਵਾਲੇ 15 ઑਤੋੜੇ਼ (ਘੜੇ) ਰੋਜ਼ਾਨਾ ਭਰਨ ਦੇ ਉਸ ਨੂੰ ਮਹੀਨੇ ਦੇ ਦੋ ਰੁਪਏ ਦਿੰਦੇ ਸਨ। ਉਦੋਂ ਦੋ ਰੁਪਏ ਵੀ ਬੜੀ ਵੱਡੀ ਰਕਮ ਸਮਝੀ ਜਾਂਦੀ ਸੀ। ਸਸਤੇ ਜ਼ਮਾਨੇ ਸਨ, ਦੋ ਆਨੇ ਦਾ ਤਾਂ ‘ਤੌੜਾ’ ਆ ਜਾਂਦਾ ਸੀ। ਅਸੀਂ ਅੱਲੋ ਸੱਕੇ ਨੂੰ ਹਾੜ੍ਹੀ-ਸਾਉਣੀ ‘ਦਾਣਾ-ਫੱਕਾ’ ਵੀ ਦੇ ਦਿੰਦੇ ਸੀ। ਹਾੜੀ ਦੇ ਸਮੇਂ ਕਣਕ ਦੀ ਵਢਾਈ ਮੌਕੇ ਅੱਲੋ ਸੱਕਾ ਖੇਤਾਂ ਵਿਚ ਵਾਢਿਆਂ ਨੂੰ ਪਾਣੀ ਪਿਆਉਣ ਦਾ ਕੰਮ ਵੀ ਕਰਦਾ ਸੀ। ਲੋਕਾਂ ਨੇ ਖੇਤਾਂ ਵਿਚ ਤੌੜੇ ਰੱਖੇ ਹੁੰਦੇ ਸਨ ਅਤੇ ਅੱਲੋ ਸੱਕੇ ਨੇ ਉਹ ਭਰ ਜਾਣੇ ਅਤੇ ਵਾਢਿਆਂ ਨੂੰ ਉਸ ਨੇ ਮਸ਼ਕ ਵਿੱਚੋਂ ਬੁੱਕਾਂ ਨਾਲ ਠੰਢਾ ਪਾਣੀ ਪਿਆ ਜਾਣਾ। ਪਿੰਡ ਦੇ ਸਾਰੇ ਘਰ ਉਸ ਨੂੰ ਕਣਕ ਦੀ ਇਕ-ਇਕ ਭਰੀ ਦਿੰਦੇ ਸਨ। ਉਹ ਭਰੀਆਂ ਇਕੱਠੀਆਂ ਕਰ ਲੈਂਦਾ ਅਤੇ ਇਸ ਤਰ੍ਹਾਂ ਉਸ ਦੇ ਸਾਲ ਜੋਗੇ ਦਾਣੇ ਬਣ ਜਾਂਦੇ ਸਨ। ਉਦੋਂ ਝੋਨਾ ਕੋਈ ਵੀ ਨਹੀਂ ਸੀ ਬੀਜਦਾ ਅਤੇ ਸਾਉਣੀ ਦੀ ਮੁੱਖ ਫ਼ਸਲ ਮੱਕੀ ਤੇ ਕਪਾਹ ਹੀ ਹੁੰਦੀ ਸੀ।
ਆਖ਼ਰ 15 ਅਗਸਤ 1947 ਦਾ ਉਹ ਮਨਹੂਸ ਦਿਨ ਆ ਗਿਆ ਜਦੋਂ ਦੋ ਨੇਤਾਵਾਂ ਵਿਚਕਾਰ ਕੁਰਸੀ ਦੀ ਜ਼ਿਦ ਸਦਕਾ ਸਾਡੇ ਦੇਸ਼ ਹਿੰਦੋਸਤਾਨ ਦੇ ਦੋ ਟੁਕੜੇ ਹੋ ਗਏ। ਮੈਨੂੰ ਉਹ ਦਿਨ ਕਦੇ ਵੀ ਨਹੀਂ ਭੁੱਲਿਆ ਅਤੇ ਨਾ ਹੀ ਇਹ ਕਦੇ ਭੁੱਲ ਸਕਦਾ ਹੈ ਜਦੋਂ ਅੱਲੋ ਸੱਕੇ ਦੀ 11 ਵਰ੍ਹਿਆਂ ਦੀ ਗੋਰੀ ਨਿਛੋਹ ਲੜਕੀ ਮੇਰੀ ਚਾਚੀ ਕੋਲ ਖੜ੍ਹੀ ਰੋ-ਰੋ ਕੇ ਆਖ ਰਹੀ ਸੀ, ”ਅੰਮਾਂ, ਤੂੰ ਮੈਨੂੰ ਏਥੇ ਰੱਖ ਲੈ। ਮੈਂ ਤੇਰਾ ਮੁੰਡਾ ਖਿਡਾਅ ਛੱਡਿਆ ਕਰੂੰਗੀੰ।” ઑਅੰਮਾ਼ ਉਹ ਮੇਰੀ ਚਾਚੀ ਨੂੰ ਕਹਿੰਦੀ ਹੁੰਦੀ ਸੀ। ਮੇਰੇ ਚਾਚੇ ਦਾ ਮੁੰਡਾ ਉਦੋਂ ਛੇ ਕੁ ਮਹੀਨੇ ਦਾ ਸੀ ਅਤੇ ਉਹ ਚਾਚੀ ਨੂੰ ਉਹ ਮੁੰਡਾ ਖਿਡਾਉਣ ਲਈ ਹੀ ਉੱਥੇ ਰੱਖਣ ਲਈ ਤਰਲੇ ਮਾਰ ਰਹੀ ਸੀ। ਉਹ ਹੁਣ ਪੋਤਿਆਂ ਵਾਲਾ ਹੋ ਚੁੱਕਾ ਹੈ। ਜਦੋਂ ਉਹ ਮੇਰੀ ਚਾਚੀ ਦੇ ਗਲ਼ ਲੱਗ ਕੇ ਤਰਲੇ ਪਾ ਰਹੀ ਸੀ ਤਾਂ ਮੈਂ ਉਦੋਂ ਕੋਲ਼ ਹੀ ਖੜ੍ਹਾ ਸੀ। ਉਹ ਮੇਰੇ ਨਾਲ਼ੋਂ ਕੁਝ ਵੱਡੀ ਸੀ ਪਰ ਖੇਡਦੀ ਸਾਡੇ ਨਾਲ ਹੀ ਹੁੰਦੀ ਸੀ।
1947 ਦੀ ਭਾਰਤ-ਪਾਕ ਵੰਡ ਦਾ ਪਤਾ ਮੈਨੂੰ ਸਵੇਰੇ ਉਸ ਦਿਨ ਲੱਗਾ ਸੀ ਜਦੋਂ ਅੱਲੋ ਸਕਾ, ਉਸ ਦਾ ਪਰਿਵਾਰ ਦੇ ਜੀਅ ਅਤੇ ਸਾਕ-ਸਬੰਧੀ ਘਰੇਲੂ ਸਮਾਨ ਦੀਆਂ ਗੰਢੜੀਆਂ ਬੰਨ੍ਹ ਕੇ ਂਆਪਣੇ ਗਧਿਆਂ-ਘੋੜਿਆਂ ‘ઑਤੇ ਲੱਦ ਕੇ ਅਤੇ ਕਈ ਹੋਰ ਗੱਡੇ-ਗੱਡੀਆਂ ਵਿਚ ਰੱਖ ਕੇ ਆਪ ਪੈਦਲ ਤੁਰਦੇ ਹੋਏ ਪਿੰਡੋਂ ਪਤਾ ਨਹੀਂ ਕਿੰਨੀ ਕੁ ਦੂਰ ਜਾ ਚੁੱਕੇ ਸਨ। ਅੱਲੋ ਸੱਕੇ ਦੀ ਲੜਕੀ ઑਨੂਰਾਂ਼ ਆਪਣੇ ਪਰਿਵਾਰ ਤੋਂ ਅੱਖ ਚੁਰਾ ਕੇ ਸਵੇਰੇ-ਸਵੇਰ ਹੀ ਸਾਡੇ ਘਰ ਆ ਗਈ ਸੀ। ਮੈਂ ਅੱਜ ਵੀ ਇਹ ਸੋਚਦਾ ਹਾਂ ਕਿ ਅੱਲੋ ਸੱਕਾ ਅਤੇ ਉਹਦੇ ਵਰਗੇ ਹੋਰ ਗ਼ਰੀਬਾਂ-ਗ਼ੁਰਬਿਆਂ ਨੇ ਭਲਾ ਸਾਨੂੰ ਕੀ ਆਖਣਾ ਸੀ। ਉਨ੍ਹਾਂ ਦਾ ਕਸੂਰ ਸਿਰਫ਼ ਏਨਾ ਹੀ ਸੀ ਕਿ ਉਹ ਮੁਸਲਮਾਨ ਸਨ। ਸਾਡੇ ਪਰਿਵਾਰ ਵਾਲਿਆਂ ਨੇ ਨੂਰਾਂ ਦੀ ਫ਼ਰਿਆਦ ਸੁਣ ਕੇ ਉਸ ਨੂੰ ਚਾਚੇ ਦੇ ਪੁੱਤਰ ਦੀ ਖਿਡਾਵੀ ਦੇ ਤੌਰ ‘ઑਤੇ ਰੱਖ ਲਿਆ। ਉਸ ਨੂੰ ਧੀਆਂ ਵਾਲਾ ਪਿਆਰ ਦਿੱਤਾ ਅਤੇ ਫਿਰ ਆਪਣੀ ਧੀ ਮੰਨਦਿਆਂ ਹੋਇਆਂ ਨੇੜਲੇ ਪਿੰਡ ਦੇ ਇਕ ਮੁਸਲਿਮ ਪਰਿਵਾਰ ਵਿਚ ਮੰਗਿਆ ਤੇ ਵਿਆਹਿਆ। ਉਹ ਸਾਰੀ ਉਮਰ ਉਹ ਉਸ ਨੂੰ ਧੀਆਂ ਵਾਂਗ ਮੰਨਦੇ ਰਹੇ।
ਹੁਣ ਤੁਹਾਨੂੰ ਮੈਂ ਦੂਸਰੇ ਸ਼ਖ਼ਸ ਬਾਵਾ ਫ਼ਕੀਰ ਦੀ ਜੀਵਨ-ਕਹਾਣੀ ਬਾਰੇ ਦੱਸਣਾ ਚਾਹਾਂਗਾ। ਇਹ ਵੀ ਸੱਭ ਮੇਰੇ ਸਾਹਮਣੇ ਵਾਪਰਿਆ ਸੀ ਜਿਸ ਦਾ ਮੈਂ ਚਸ਼ਮਦੀਦ ਗਵਾਹ ਹਾਂ। ਮੈਂ ਉਦੋਂ ਸਾਢੇ ਕੁ ਛੇ ਸਾਲਾਂ ਦਾ ਸਾਂ। ਬਾਵਾ ਫ਼ਕੀਰ ਦੇ ਘਰ ਨੂੰ ਸਾਰੇ ઑਫ਼ਕੀਰਾਂ ਦਾ ਘਰ਼ ਕਹਿੰਦੇ ਸਨ। ਉਨ੍ਹਾਂ ਦੇ ਵਿਹੜੇ ਵਿਚ ਦੋ ਘਰ ਸਨ ਅਤੇ ਬਾਵਾ ਫ਼ਕੀਰ ਦਾ ਘਰ ਉਨ੍ਹਾਂ ਦੋਹਾਂ ਵਿੱਚੋਂ ਵੱਡਾ ਸੀ। ਉਸ ਦੀਆਂ ਦੋ ਸ਼ਾਦੀਆਂ ਸਨ ਅਤੇ ਪਹਿਲੀ ਬੇਗ਼ਮ ਦਾ ਨਾਂ ઑਰਹਿਮੋ਼ ਅਤੇ ਦੂਸਰੀ ઑਮੁਰਾਦੋ਼ ਸੀ। ਰਹਿਮੋ ਦੀ ਕੋਈ ਔਲ਼ਾਦ ਨਹੀਂ ਸੀ ਅਤੇ ਦੂਸਰੀ ਬੇਗ਼ਮ ਮੁਰਾਦੋ ਦਾ ਇਕ ਲੜਕਾ ਸੀ ਜਿਸ ਦਾ ਨਾਂ ਤਾਲਿਬ ਸੀ। ਉਸ ਦੀ ਉਮਰ ਉਦੋਂ ਲੱਗਭੱਗ 11 ਸਾਲ ਸੀ। ਰਹਿਮੋ, ਬਾਵਾ ਫ਼ਕੀਰ ਅਤੇ ਉਸ ਦੇ ਪਰਿਵਾਰ ਨੇ ਬਟਵਾਰੇ ਸਮੇ ਭਾਰਤ ਵਿਚ ਹੀ ਰਹਿਣ ਦਾ ਫ਼ੈਸਲਾ ਕੀਤਾ। ਮੁਰਾਦੋ ਨੇ ਬਾਅਦ ਵਿਚ ਤਿੰਨ ਹੋਰ ਲੜਕਿਆਂ ਨੂੰ ਜਨਮ ਦਿੱਤਾ। ਬਾਵਾ ਫ਼ਕੀਰ ਮੇਰੇ ਚਾਚੇ ਨਾਲੋਂ ਦਸ ਸਾਲ ਵੱਡਾ ਸੀ ਅਤੇ ਉਹ ਉਨ੍ਹਾਂ ਨਾਲ ਮੱਝਾਂ-ਗਾਵਾਂ ਦਾ ਵਪਾਰ ਕਰਦਾ ਸੀ। ਬਾਵਾ ਫ਼ਕੀਰ ਦਾ ਸਾਲਾ ਮੇਰੇ ਚਾਚੇ ਨਾਲ ਸੀਰੀ ਸੀ। ਉਹ ਬਾਵਾ ਫਕ ਦੀ ਪਹਿਲੀ ਬੇਗ਼ਮ ਰਹਿਮੋ ਦਾ ਸਕਾ ਭਰਾ ਸੀ ਅਤੇ ਆਪਣੀ ਭੈਣ ਕੋਲ ਹੀ ਰਹਿੰਦਾ ਸੀ। ਉਸ ਸਮੇਂ ਸਾਡੇ ਪਰਿਵਾਰ ਦੀ ਜ਼ਮੀਨ 25 ਏਕੜ ਸੀ।
ਮੇਰੇ ਪਿਤਾ ਜੀ ਉਸ ਸਮੇਂ ਮੋਗੇ ਥਾਣੇ ਵਿਚ ਮੁਲਾਜ਼ਮ ਸਨ। ਇਕ ਦਿਨ ਮੇਰੇ ਪਿੰਡ ਦੇ ਦੋ ਆਦਮੀ ਮੋਗੇ ਪਿਤਾ ਜੀ ਕੋਲ ਗਏ ਅਤੇ ਉਨ੍ਹਾਂ ਨੂੰ ਲਾਲਚ ਦਿੰਦਿਆਂ ਹੋਇਆਂ ਕਹਿਣ ਲੱਗੇ ਕਿ ਅਸੀਂ ਬਾਵਾ ਫ਼ਕੀਰ ਨੂੰ ਮਾਰ ਦਿੰਦੇ ਹਾਂ ਅਤੇ ਉਸ ਦੇ ਘਰੋਂ ਜੋ ਵੀ ਮਾਲ-ਮੱਤਾ ਮਿਲੇਗਾ, ਉਹ ਆਪਾਂ ਅੱਧਾ-ਅੱਧਾ ਕਰ ਲਵਾਂਗੇ। ਮੇਰੇ ਪਾਪਾ ਨੇ ਅੱਗੋਂ ਕਿਹਾ, ”ਜੇਕਰ ਤੁਸੀਂ ਉਸ ਨੂੰ ਜ਼ਰਾ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਤੁਹਾਨੂੰ ਦੋਹਾਂ ਨੂੰ ਨਹੀਂ ਛੱਡਾਂਗਾ। ਭਲਿਓਮਾਣਸੋ! ਸਾਰੀ ਉਮਰ ਅਸੀਂ ਬਾਵਾ ਫ਼ਕੀਰ ਨਾਲ ਮਿਲਦੇ-ਵਰਤਦੇ ਰਹੇ। ਉਸ ਦੇ ਨਾਲ ਸਾਡਾ ਮੱਝਾ ਦਾ ਵਪਾਰ ਸਾਂਝਾ ਰਿਹਾ ਅਤੇ ਇਹ ਹੁਣ ਵੀ ਚੱਲ ਰਿਹਾ ਹੈ ਤੇ ਤੁਸੀਂ ਮੇਰੇ ਨਾਲ ਉਸ ਨੂੰ ਮਾਰਨ ਦੀ ਗੱਲ ਕਰ ਰਹੇ ਹੋ। ਤੁਸੀਂ ਇਹ ਕੀ ਸੋਚ ਕੇ ਮੇਰੇ ਕੋਲ ਆਏ ਹੋ? ਜਾਓ, ਦਫ਼ਾ ਹੋ ਜਾਓ ਇੱਥੋਂ ਅਤੇ ਕਦੇ ਭੁੱਲ ਕੇ ਵੀ ਅਜਿਹਾ ਨਾ ਸੋਚਿਓ।” ਪਾਪਾ ਕੋਲ ਉਸ ਸਮੇਂ ਲਾਇਸੰਸੀ ਰਿਵਾਲਵਰ ਹੁੰਦਾ ਸੀ। ਉਹ ਦੋਵੇਂ ਹੀ ਡਰ ਗਏ ਅਤੇ ਉਨ੍ਹਾਂ ਦਾ ਹੀਆ ਨਾ ਪਿਆ ਕਿ ਉਹ ਬਾਵਾ ਫ਼ਕੀਰ ਨੂੰ ਕੋਈ ਨੁਕਸਾਨ ਪਹੁੰਚਾਉਂਦੇ। ਬਾਅਦ ਵਿਚ ਉਨ੍ਹਾਂ ਵਿੱਚੋਂ ਇਕ ਦਾ ਤਾਂ ਪਰਿਵਾਰ ਬਿਲਕੁਲ ਉੱਜੜ-ਪੁੱਜੜ ਗਿਆ ਅਤੇ ਦੂਸਰੇ ਦੇ ਦੋ ਜਵਾਨ ਪੁੱਤਰਾਂ ਵਿੱਚੋਂ ਇਕ ਮਰ ਗਿਆ ਤੇ ਦੂਸਰਾ ਪਿੰਡ ਛੱਡ ਕੇ ਪਤਾ ਨਹੀਂ ਕਿਧਰ ਚਲਾ ਗਿਆ। ਉਨ੍ਹਾਂ ਦੇ ਵਿਯੋਗ ਵਿਚ ਉਹ ਆਪ ਵੀ ਜਲਦੀ ਹੀ ਇਸ ਦੁਨੀਆਂ ਤੋਂ ਚਲਾ ਗਿਆ।
15 ਅਗਸਤ ਤੋਂ ਪਹਿਲਾਂ ਅਤੇ ਉਸ ਤੋਂ ਕੁਝ ਦਿਨ ਬਾਅਦ ਚੱਲੀ ઑਕਟਾ-ਵੱਢੀ਼ ਦਾ ਉਹ ਦੌਰ ਜਿੰਨੇ ਦਿਨ ਚੱਲਦਾ ਰਿਹਾ, ਬਾਵਾ ਫ਼ਕੀਰ ਦਾ ਪਰਿਵਾਰ ਸਾਡੇ ਘਰ ਹੀ ਸੌਂਦਾ ਰਿਹਾ ਅਤੇ ਉੱਥੇ ਹੀ ਉਨ੍ਹਾਂ ਰੋਟੀ-ਪਾਣੀ ਚੱਲਦਾ ਰਿਹਾ। ਸਾਰਿਆਂ ਨੂੰ ਡਰ ਸੀ ਕਿ ਕੋਈ ਉਨ੍ਹਾਂ ਦਾ ਕੋਈ ਨੁਕਸਾਨ ਨਾ ਕਰ ਜਾਏ। ਬਾਵਾ ਫ਼ਕੀਰ ਦਾ ਲੜਕਾ ਤਾਲਿਬ ਜਿਸ ਦਾ ਨਾਂ ਬਾਅਦ ਵਿਚ ઑਮੋਹਣ਼ ਹੋ ਗਿਆ ਸੀ, ਮੇਰੇ ਨਾਲ ਹੀ ਦਲਾਨ ਦੀ ਛੱਤ ઑਤੇ ਸੌਂਦਾ ਸੀ ਅਤੇ ਮੁਰਾਦੋ ਵੀ ਰਾਤ ਨੂੰ ਉੱਥੇ ਹੀ ਸੌਂਦੀ। ਉਸ ਤੋਂ ਕੁਝ ਦਿਨਾਂ ਬਾਅਦ ਹੀ ਭਾਰਤ-ਪਾਕਿਸਤਾਨ ਦੀ ਵੰਡ ਦਾ ਬਾਕਾਇਦਾ ਐਲਾਨ ਹੋ ਗਿਆ। ਰਹਿਮੋ ਦਾ ਭਰਾ ਆਪਣੇ ਪਰਿਵਾਰ ਨਾਲ ਪਾਕਿਸਤਾਨ ਜਾਣ ਲਈ ਤਿਆਰ ਹੋ ਗਿਆ ਅਤੇ ਰਹਿਮੋ ਦੁਚਿੱਤੀ ਵਿਚ ਸੀ ਕਿ ਉਹ ਕੀ ਕਰੇ। ਕਦੇ ਉਹ ਪੇਕਿਆਂ ਦੇ ਪਰਿਵਾਰ ਨਾਲ ਜਾਣ ਦੀ ਸੋਚਦੀ ਅਤੇ ਦੂਸਰੇ ਹੀ ਪਲ ਆਪਣੇ ਖ਼ਾਵੰਦ ਬਾਵਾ ਫ਼ਕੀਰ ਦੇ ਨਾਲ ਹੀ ਰਹਿਣ ਦਾ ਮਨ ਬਣਾਉਂਦੀ ਜੋ ਸਾਡੇ ਪਿੰਡ ਹੀ ਰਹਿਣ ਦਾ ਪੱਕਾ ਫ਼ੈਸਲਾ ਕਰ ਚੁੱਕਾ ਸੀ। ਇਸ ਦੌਰਾਨ ਉਸ ਨੂੰ ਪਤਾ ਲੱਗਾ ਕਿ ਉਸ ਦਾ ਭਰਾ ਅਤੇ ਪਰਿਵਾਰ ਦੇ ਜੀਅ ਕਾਫ਼ਲੇ ਵਿਚ ਜੀ.ਟੀ. ਰੋਡ ਦੇ ਨਾਲ਼ ਨਾਲ਼ ਜਾ ਰਹੇ ਹਨ। ਉਸ ਨੂੰ ਇਹ ਵੀ ਪਤਾ ਸੀ ਕਿ ਮੇਰੇ ਪਾਪਾ ਦੀ ਡਿਊਟੀ ਮੋਗੇ ਤੋਂ ਫ਼ਿਰੋਜ਼ਪੁਰ ਤੱਕ ਇਨ੍ਹਾਂ ਕਾਫ਼ਲੇ ਦੀ ਸੁਰੱਖਿਆਂ ਲਈ ਲੱਗੀ ਹੋਈ ਸੀ। ਉਸ ਦੇ ਮਨ ਵਿਚ ਆਇਆ ਕਿ ਕਿਉਂ ਨਾ ਉਹ ਆਪਣੇ ਭਰਾ ਤੇ ਉਸ ਦੇ ਪਰਿਵਾਰ ਨੂੰ ਜਾਂਦੇ ਸਮੇਂ ਆਖ਼ਰੀ ਵਾਰ ਮਿਲ ਲਵੇ। ਉਸ ਨੇ ਕਿਸੇ ਦੇ ਰਾਹੀਂ ਪਾਪਾ ਨੂੰ ਸੁਨੇਹਾ ਭੇਜਿਆ ਕਿ ਜਦੋਂ ਮੇਰਾ ਪੇਕਾ ਪਰਿਵਾਰ ਡੰਗਰੂ ਪਿੰਡ ਥਾਣੀਂ ਸੜਕ ਤੋਂ ਲੰਘੇ ਤਾਂ ਉਹ ਉਸ ਨੂੰ ਉਨ੍ਹਾਂ ਦੇ ਨਾਲ ਇਕ ਵਾਰ ਜ਼ਰੂਰ ਮਿਲਵਾ ਦੇਣ।
ਰਫ਼ਿਊਜੀਆਂ ਦੇ ਇਹ ਕਾਫ਼ਲੇ ਰਾਤ ਸਮੇਂ ਸੜਕਾਂ ਦੇ ਕਿਨਾਰੇ ਰੁਕ ਜਾਂਦੇ ਸਨ ਅਤੇ ਅਗਲੀ ਸਵੇਰ ਮੁੜ ਅੱਗੇ ਚੱਲ ਪੈਂਦੇ ਸਨ। ਇਕ ਰਾਤ ਜਦੋਂ ਮੇਰੇ ਪਾਪਾ ਜਦੋਂ ਹੋਰ ਪੁਲਿਸ ਮੁਲਾਜ਼ਮਾਂ ਨਾਲ ਕਾਫ਼ਲੇ ਦੇ ਆਸੇ-ਪਾਸੇ ਗਸ਼ਤ ਕਰ ਰਹੇ ਸਨ ਤਾਂ ਜੀ.ਟੀ. ਰੋਡ ਦੇ ਕੰਢੇ ਉਨ੍ਹਾਂ ਨੂੰ ਰਹਿਮੋ ਦਾ ਭਰਾ ਅਚਾਨਕ ਮਿਲ ਪਿਆ। ਪਾਪਾ ਜੀ ਰਾਤ ਹੀ ਪਿੰਡ ਆਏ ਜੋ ਡੰਗਰੂ ਤੋਂ ਸਵਾ ਕੁ ਮੀਲ ਦੂਰ ਸੀ। ਉਹ ਰਹਿਮੋ ਅਤੇ ਬਾਵਾ ਫ਼ਕੀਰ ਨੂੰ ਨਾਲ ਲੈ ਕੇ ਕਾਫਲੇ ਕੋਲ ਆਏ ਅਤੇ ਉਨ੍ਹਾਂ ਰਹਿਮੋ ਨੂੰ ਉਸ ਦੇ ਭਰਾ ਨਾਲ ਮਿਲਾਇਆ। ਪਾਪਾ ਜੀ ਅਤੇ ਬਾਵਾ ਫ਼ਕੀਰ ਸੜਕ ਤੋਂ ਥੋੜ੍ਹੀ ਜਿਹੀ ਦੂਰ ਬੈਠ ਗਏ। ਜਦੋਂ ਚਾਰ ਕੁ ਘੰਟੇ ਲੰਘਣ ਬਾਅਦ ਵੀ ਰਹਿਮੋ ਆਪਣੇ ਭਰਾ ਨੂੰ ਮਿਲ ਕੇ ਵਾਪਸ ਨਾ ਆਈ ਤਾਂ ਉਨ੍ਹਾਂ ਨੂੰ ਸ਼ੱਕ ਹੋ ਗਿਆ ਕਿ ਰਹਿਮੋ ਨੂੰ ਉਸ ਦੇ ਭਰਾ ਨੇ ਕਿਤੇ ਆਪਣੇ ਨਾਲ ਪਾਕਿਸਤਾਨ ਜਾਣ ਲਈ ਨਾ ਮਨਾ ਲਿਆ ਹੋਵੇ। ਉਨ੍ਹਾਂ ਨੇ ਸਾਰੇ ਕਾਫ਼ਲੇ ਦੀ ਤਲਾਸ਼ੀ ਲਈ। ਸਾਰੇ ਗੱਡੇ ਵੀ ਵੇਖੇ ਪਰ ਰਹਿਮੋ ਕਿਤੇ ਵੀ ਉਨ੍ਹਾਂ ਨੂੰ ਨਾ ਮਿਲੀ। ਉਹ ਤਾਂ ਫ਼ਿਰੋਜ਼ਪੁਰ ਵਾਲਾ ਬਾਰਡਰ ਟੱਪ ਕੇ ਪਾਕਿਸਤਾਨ ਚਲੀ ਗਈ ਸੀ। ਉਸ ਦੇ ਦਿਲ ਵਿਚ ਇਕ ਵਾਰ ਵੀ ਆਪਣੇ ਖ਼ਾਵੰਦ ਲਈ ਮੁਹੱਬਤ ਨਾ ਜਾਗੀ। ਇਸ ਦਾ ਕਾਰਨ ਇਹ ਵੀ ਹੋ ਸਕਦਾ ਸੀ ਕਿ ਉਸ ਦਾ ਆਪਣਾ ਕੋਈ ਬੱਚਾ ਨਹੀਂ ਸੀ ਅਤੇ ਏਸੇ ਲਈ ਉਸ ਦਾ ਆਪਣੇ ਪੇਕਿਆਂ ਵੱਲ ਕਾਫ਼ੀ ਧਿਆਨ ਰਹਿੰਦਾ ਸੀ। ਉਸ ਨੇ ਇਕ ਦਿਨ ਆਪਣੇ ਖ਼ਾਵੰਦ ਨੂੰ ਕਿਹਾ ਵੀ ਸੀ ਕਿ ਮੈਂ ਤਾਲਿਬ ਨੂੰ ਆਪਣੇ ਨਾਲ ਪਾਕਿਸਤਾਨ ਲੈ ਜਾਂਦੀ ਹਾਂ ਪਰ ਬਾਵਾ ਫ਼ਕੀਰ ਇਸ ਦੇ ਲਈ ਨਹੀਂ ਸੀ ਮੰਨਿਆਂ।
ਇਸ ਤੋਂ ਠੀਕ ਪੰਜ ਸਾਲ ਬਾਅਦ 1952 ਵਿਚ ਜਦੋਂ ਇਕ ਵਾਰ ਰਹਿਮੋ ਆਪਣੇ ਖ਼ਾਵੰਦ ਅਤੇ ਪਰਿਵਾਰ ਨੂੰ ਮਿਲਣ ਲਈ ਭਾਰਤ ਆਪਣੇ ਪੁਰਾਣੇ ਪਿੰਡ ਆਈ ਤਾਂ ਉਸ ਨੇ ਦੱਸਿਆ ਸੀ ਕਿ ਉਹ ਕਿਸ ਤਰ੍ਹਾਂ ਇਕ ਗੱਡੇ ਵਿਚ ਲੁਕ ਗਈ ਸੀ ਅਤੇ ਜਦੋਂ ਥੋੜ੍ਹੇ ਦਿਨਾਂ ਬਾਅਦ ਕੁਝ ઑਟਿਕ-ਟਿਕਾਅ਼ ਹੋ ਗਿਆ ਤਾਂ ਉਹ ਕਾਫ਼ਲ਼ੇ ਦੇ ਨਾਲ ਬਾਰਡਰ ਟੱਪ ਕੇ ਪਾਕਿਸਤਾਨ ਚਲੀ ਗਈ ਸੀ। ਬਾਵਾ ਫ਼ਕੀਰ ਦੀ ਦੂਸਰੀ ਬੇਗਮ ਮੁਰਾਦੋ ਬਾਅਦ ਵਿਚ ਲੋਕਾਂ ਨੂੰ ઑਪੁੱਛਣਾਂ਼ ਦੇਣ ਲੱਗ ਪਈ। ਉਸ ਦੇ ਘਰ ਦੇ ਬਾਹਰਵਾਰ ਇਕ ਬਾਰੀ ਹੁੰਦੀ ਸੀ ਅਤੇ ਮੈਂ ਤੇ ਮੇਰੀ ਉਮਰ ਦੇ ਹੋਰ ਬੱਚੇ ਉਸ ਬਾਰੀ ਵਿਚ ਲਟਕ ਕੇ ਉਸ ਨੂੰ ਖੇਡਦੀ ਨੂੰ ਵੇਖਦੇ ਹੁੰਦੇ ਸੀ। ਹਰ ਵੀਰਵਾਰ ਉਸ ਦੇ ਘਰ ਪੁੱਛਣਾ ਲੈਣ ਵਾਲਿਆਂ ਦਾ ਤਾਂਤਾ ਲੱਗਾ ਹੁੰਦਾ ਸੀ ਜਿਨ੍ਹਾਂ ਵਿਚ ਜ਼ਿਆਦਾਤਰ ਗਿਣਤੀ ਬੀਬੀਆਂ ਦੀ ਹੀ ਹੁੰਦੀ ਸੀ।
ਸਮਾਂ ਬਦਲਿਆ ਅਤੇ 1958 ਵਿਚ ਮੈਂ ਭਾਰਤੀ ਫ਼ੌਜ ਵਿਚ ਭਰਤੀ ਹੋ ਗਿਆ। ਕਦੇ-ਕਦਾਈਂ ਜਦੋ ਛੁੱਟੀ ਆਉਂਦਾ ਤਾਂ ਮੈਂ ਬਹੁਤਾ ਸਮਾਂ ਆਪਣੇ ਚਾਚੇ ਦੇ ਘਰ ਹੀ ਠਹਿਰਦਾ ਸੀ। ਮੈਂ ਵੇਖਦਾ ਕਿ ਪਿੰਡ ਵਿਚ ਬਾਵਾ ਫ਼ਕੀਰ ਦਾ ਪਰਿਵਾਰ ਕਾਫ਼ੀ ਵੱਡਾ ਹੋ ਗਿਆ ਸੀ ਜੋ ਹੋਣਾ ਕੁਦਰਤੀ ਸੀ। ਸਮੇਂ ਨਾਲ ਉਸ ਦੇ ਬੱਚੇ ਵਿਆਹੇ ਗਏ ਸਨ ਅਤੇ ਅੱਗੋਂ ਫਿਰ ਉਨ੍ਹਾਂ ਦੇ ਬੱਚੇ ਵੀ ਵਿਆਹੇ-ਵਰੇ ਗਏ ਸਨ। ਸਾਡੇ ਪਿੰਡ ઑਡਰੌਲੀ ਭਾਈ ਕੀ਼ ਵਿਚ ਅੱਜ ਵੀ ਮੁਸਲਮਾਨਾਂ ਅਤੇ ਹਿੰਦੂਆਂ ਦੇ ਘਰ ਹਨ। ਸਾਡੇ ਘਰ ਦੇ ਪਿਛਲੇ ਪਾਸੇ ਬ੍ਰਾਹਮਣਾਂ ਦਾ ਘਰ ਹੁੰਦਾ ਸੀ ਅਤੇ ਉਸ ਸਮੇਂ ਦੇ ਪ੍ਰਚੱਲਤ ਰਿਵਾਜ ਅਨੁਸਾਰ ਉਨ੍ਹਾਂ ਦੀ ਨੂੰਹ ਸ਼ਾਂਤੀ ਜਦੋਂ ਨੇੜਲੇ ਘਰਾਂ ਵਿਚੋਂ ਪ੍ਰਸ਼ਾਦਾ ਲੈਣ ਆਉਂਦੀ ਹੁੰਦੀ ਸੀ ਤਾਂ ਮੈ ਉਸ ਨੂੰ ਕਹਿੰਦਾ ਹੁੰਦਾ ਸੀ, ”ਪ੍ਰਭਾਣੀ, ਮੱਥਾ ਟੇਕਦਾਂ” ਤਾਂ ਇਹ ਮੈਨੂੰ ਬੜਾ ਚੰਗਾ ਲੱਗਦਾ ਸੀ ਅਤੇ ਅੱਗੋਂ ਉਸ ਦੇ ਮੂੰਹੋਂ ”ਜਿਊਦਾ ਰਹੁ ਪੁੱਤਰ” ਸੁਣ ਕੇ ਬੜਾ ਖੁਸ਼ ਹੁੰਦਾ ਸੀ। ਉਨ੍ਹਾਂ ਦੇ ਮੁੰਡਿਆਂ ਦੇ ਨਾਂ ਵੀ ਅੱਧੇ-ਪਚੱਧੇ ਸਿੱਖਾਂ ਨਾਲ ਰਲ਼ਦੇ-ਮਿਲਦੇ ਹੁੰਦੇ ਸਨ। ਪੰਡਤ ਜੀ ਦਾ ਆਪਣਾ ਨਾਂ ਸੁਧ ਰਾਮ ਸੀ ਅਤੇ ਉਸ ਦਾ ਲੜਕੇ ਦੀਪ ਚੰਦ ਦੇ ਚਾਰ ਪੁੱਤਰ ਸਨ ਅਤੇ ਸੱਭ ਤੋਂ ਵੱਡਾ ਕ੍ਰਿਸ਼ਨ ਕੁਮਾਰ ਸਾਡਾ ਚੰਗਾ ਆੜੀ ਹੁੰਦਾ ਸੀ। ਪਿੰਡ ਦੀ ਧਰਮਸ਼ਾਲਾ ਵਿਚ ਬਣੇ ਚੁਬਾਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ ਅਤੇ ਲੋਕ ਸਵੇਰ-ਸ਼ਾਮ ਉੱਥੇ ਮੱਥਾ ਟੇਕਣ ਆਉਂਦੇ ਸਨ। ਮੱਸਿਆ, ਸੰਗਰਾਂਦ, ਗੁਰਪੁਰਬਾਂ ਅਤੇ ਹੋਰ ਦਿਨ-ਦਿਹਾਰਾਂ ‘ઑਤੇ ਪਿੰਡ ਵਾਲਿਆਂ ਦੀ ਕਾਫ਼ੀ ਰੌਣਕ ਹੋ ਜਾਂਦੀ ਸੀ। ਪਿੰਡ ਦਾ ਹੀ ਇਕ ਭਲਾ ਆਦਮੀ ਬਿਨਾਂ ਕਿਸੇ ਤਨਖ਼ਾਹ ਅਤੇ ਲਾਲਚ ਦੇ ਉੱਥੇ ਗ੍ਰੰਥੀ ਦੀ ਸੇਵਾ ਨਿਭਾਉਂਦਾ ਹੁੰਦਾ ਸੀ। ਧਰਮਸ਼ਾਲਾ ਦੀ ਸੱਜੀ ਕੰਧ ਦੇ ਨੇੜੇ ਹੀ ਹਨੂੰਮਾਨ ਦੀ ਇਕ ਮੂਰਤੀ ਹੁੰਦੀ ਸੀ ਜਿੱਥੇ ਪਿੰਡ ਵਾਲਿਆਂ ਵੱਲੋਂ ਆਪਣੇ ਮਾਲ-ਡੰਗਰ ਅਤੇ ਸਾਰੇ ਜੀਆਂ ਦੀ ਸੁੱਖ- ਸਾਂਦ ਲਈ ਹਰ ਮੰਗਲਵਾਰ ઑਮੰਨੀ਼ (ਗੁੜ ਤੇ ਆਟੇ ਨਾਲ ਬਣਾਈ ਹੋਈ ਵੱਡੀ ਸਾਰੀ ਰੋਟੀ ਜਿਸ ਨੂੰ ઑਰੋਟ਼ ਵੀ ਕਿਹਾ ਜਾਂਦਾ ਸੀ) ਚੜ੍ਹਾਈ ਜਾਂਦੀ ਸੀ। ਉਸ ਦੇ ਨਿੱਕੇ-ਨਿੱਕੇ ਟੁਕੜੇ ਕਰਕੇ ਸਾਰਿਆਂ ਨੂੰ ਵੰਡੇ ਜਾਂਦੇ ਸਨ। ਸਾਨੂੰ ਨਿਆਣਿਆਂ ਨੂੰ ਇਸ ઑਰੋਟ ਦੀ ਬੁਰਕੀ਼ ਲੈਣ ਦਾ ਬੜਾ ਚਾਅ ਹੁੰਦਾ ਸੀ ਅਤੇ ਅਸੀਂ ਇਸ ਦੇ ਲਈ ਹਰ ਮੰਗਲਵਾਰ ਉੱਥੇ ਜ਼ਰੂਰ ਹਾਜ਼ਰ ਹੁੰਦੇ ਸੀ। ਇਸ ਤਰ੍ਹਾਂ ਪਿੰਡ ਦੇ ਲੋਕਾਂ ਦਾ ਆਪਸ ਵਿਚ ਬੜਾ ਹੀ ਵਧੀਆ ਭਾਈਚਾਰਾ ਬਣਿਆ ਹੋਇਆ ਸੀ। ਧਰਮਸ਼ਾਲਾ ਦਾ ਉਹ ਚੁਬਾਰਾ ਤਾਂ ਹੁਣ ਸਮੇਂ ਨਾਲ ਢੱਠ ਗਿਆ ਹੈ ਅਤੇ ਪਿੰਡ ਵਿਚ ਇਕ ਵੱਡਾ ਗੁਰਦੁਆਰਾ ਬਣ ਗਿਆ ਹੈ ਪਰ ਹਨੂੰਮਾਨ ਦੀ ਉਹ ਮੂਰਤੀ ਅਜੇ ਵੀ ਉਸ ਧਰਮਸ਼ਾਲਾ ਵਿਚ ਮੌਜੂਦ ਹੈ।
ਸਮਾਂ ਹੌਲੀ-ਹੌਲੀ ਗੁਜਰਦਾ ਗਿਆ ਅਤੇ ਬਾਵਾ ਫ਼ਕੀਰ ਇਸ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋ ਗਿਆ ਅਤੇ ਉਸ ਤੋਂ ਕੁਝ ਸਮੇਂ ਪਿੱਛੋਂ ਉਸ ਦਾ ਪੁੱਤਰ ਤਾਲਿਬ ਜੋ ਮਗਰੋਂ ઑਮੋਹਣ਼ ਬਣ ਗਿਆ ਸੀ, ਵੀ ਇਸ ਜਹਾਨੋਂ ਤੁਰ ਗਿਆ।ਂ ਪੰਜ ਕੁ ਸਾਲ ਪਹਿਲਾਂ ਮਗਦੋ ਜੋ ਬਾਵਾ ਫ਼ਕੀਰ ਨਾਲ ਸਾਡੇ ਪਿੰਡ ਹੀ ਰਹੀ ਸੀ, ਵੀ 95 ਸਾਲ ਦੀ ਉਮਰ ਭੋਗ ਕੇ ਅੱਲਾ ਨੂੰ ਪਿਆਰੀ ਹੋ ਗਈ। ਮਰਨ ਤੋਂ ਕੁਝ ਸਾਲ ਪਹਿਲਾਂ ਉਸ ਦੀਆਂ ਅੱਖਾਂ ਦੀ ਜੋਤ ਚਲੀ ਗਈ ਸੀ। ਜਦੋਂ ਮੈਂ ਉਸ ਦੇ ਘਰ ਜਾ ਕੇ ਕਹਿਣਾ,”ਤਾਈ, ਮੱਥਾ ਟੇਕਦਾਂ” ਤਾਂ ਮੇਰੀ ਆਵਾਜ਼ ਪਛਾਣ ਕੇ ਉਸ ਨੇ ਕਹਿਣਾ ”ਤੂੰ ਕਵਾਲ ਏਂ”। ਉਹ ਹਮੇਸ਼ਾ ਮੈਨੂੰ ਮੇਰੀ ਦਾਦੀ ਵੱਲੋਂ ਰੱਖੇ ਗਏ ਨਾਂ ”ਕਵਾਲ” ਨਾਲ ਹੀ ਬੁਲਾਉਂਦੀ ਹੁੰਦੀ ਸੀ। ਫ਼ੌਤ ਹੋ ਜਾਣ ઑਤੇ ਤਾਈ ਮੁਰਾਦੋ ਦੀ ਮਿਰਤਕ ਦੇਹ ਨੂੰ ਪਿੰਡ ਦੇ ਲੋਕਾਂ ਵੱਲੋਂ ਉਸ ਦੇ ਘਰ ਤੋਂ ਲੱਗਭੱਗ 200 ਗਜ਼ ਦੂਰ ਇਕ ਪੀਰ ਦੀ ਜਗ੍ਹਾ ਦੇ ਨੇੜੇ ਬੜੇ ਮਾਣ-ਸਤਿਕਾਰ ਨਾਲ ਪੂਰੀਆਂ ਮੁਸਲਿਮ ਰਸਮਾਂ ਨਾਲ ਦਫ਼ਨਾਇਆ ਗਿਆ। ਆਲੇ-ਦੁਆਲੇ ਸਾਰੇ ਘਰ ਜੱਟ-ਸਿੱਖਾਂ ਦੇ ਸਨ। ਪਰ ਕਿਸੇ ਨੇ ਵੀ ਇਸ ઑਤੇ ਕੋਈ ਇਤਰਾਜ਼ ਨਾ ਕੀਤਾ, ਸਗੋਂ ਉਹ ਤਾਂ ਸਾਰੇ ਹੀ ਉਸ ਮੌਕੇ ਉੱਥੇ ਉਚੇਚੇ ਤੌਰ ‘ઑਤੇ ਹਾਜ਼ਰ ਹੋਏ ਸਨ।
ਇੱਥੇ ਇਹ ਸੱਭ ਦੱਸਣ ਦਾ ਮੇਰਾ ਮੰਤਵ ਇਹ ਹੈ ਕਿ ਉਦੋਂ ਲੋਕਾਂ ਵਿਚ ਅੱਜ ਵਾਂਗ ਪਿੰਡਾਂ ਅਤੇ ਸ਼ਹਿਰਾਂ ਵਿਚ ਜ਼ਾਤ-ਪਾਤ ਤੇ ਧਰਮਾਂ ਦਾ ਕੋਈ ਵਿਤਕਰਾ ਨਹੀਂ ਸੀ। ਉਹ ਸਾਰੇ ਰਲ਼-ਮਿਲ਼ ਕੇ ਬੜੇ ਪਿਆਰ ਨਾਲ ਰਹਿੰਦੇ ਸਨ ਅਤੇ ਉਨ੍ਹਾਂ ਦੀ ਆਪਸ ਵਿਚ ਬੜੀ ਸਾਂਝ ਸੀ।
ਅੱਲੋ ਸੱਕਾ ਅਤੇ ਬਾਵਾ ਫ਼ਕੀਰ ਦੀ ਇਹ ਕਹਾਣੀ ਮੇਰੇ ਜੀਵਨ ਦਾ ਅਹਿਮ ਹਿੱਸਾ ਹੈ ਜੋ ਮੈਂ ਆਪਣੇ ਹੱਡੀਂ ਹੰਢਾਇਆ ਹੈ। ਕਾਸ਼! ਕਿਸੇ ਤਰ੍ਹਾਂ 1947 ਤੋਂ ਪਹਿਲਾਂ ਦੇ ਉਹ ਦਿਨ ਮੁੜ ਆ ਸਕਣ ਜੋ ਅੱਜ ਦੇ ਚੱਲ ਰਹੇ ਹਾਲਾਤ ਵਿਚ ਸੰਭਵ ਨਹੀਂ ਲੱਗਦੇ। ਮੇਰੀ ਉਮਰ ਇਸ ਸਮੇਂ 81 ਸਾਲ ਹੋ ਗਈ ਹੈ। ਕਈ ਵਾਰ ਮੈਂ ਸੋਚਦਾ ਹਾਂ ਕਿ ਜੇਕਰ ਮੇਰੇ ਪਾਪਾ ਵੀ ਕਈ ਹੋਰਨਾਂ ਵਾਂਗ 1947 ਦੀ ਮਾਰ-ਧਾੜ ਵਿਚ ਸ਼ਾਮਲ ਹੁੰਦੇ ਤਾਂ ਮੈਂ ਸ਼ਾਇਦ ਇਸ ਦੁਨੀਆਂ ਵਿਚ ਨਾ ਹੁੰਦਾ, ਕਿਉਂਕਿ ਇਹ ਆਮ ਧਾਰਨਾ ਹੈ ਕਿ ਬਾਪ ਦੇ ਕੀਤੇ ਗਏ ਪਾਪਾਂ ਦਾ ਫ਼ਲ ਕਈ ਵਾਰ ਔਲ਼ਾਦ ਨੂੰ ਭੁਗਤਣਾ ਪੈਂਦਾ ਹੈ। ਜੇਕਰ ਉਹ ਉਸ ਸਮੇਂ ਪਿੰਡ ਦੇ ਉਨ੍ਹਾਂ ਦੋ ਬੰਦਿਆਂ ਦੀ ਗੱਲ ਮੰਨ ਲੈਂਦੇ ਅਤੇ ਉਸ ਪਾਪ ਦੇ ਭਾਗੀਦਾਰ ਜਾਂਦੇ ਤਾਂ ਫਿਰ ਅੱਗੋਂ ਸ਼ਾਇਦ ਹੋਰ ਵੀ ਪਾਪਾਂ ਦੀ ਦੁਨੀਆਂ ਵਿਚ ਫਸ ਜਾਂਦੇ। ਪਤਾ ਨਹੀਂ ਫਿਰ ਸਾਡੇ ਪਰਿਵਾਰ ਦੇ ਕੀ ਹਾਲਾਤ ਹੁੰਦੇ, ਇਹ ਤਾਂ ਉਹ ਮਾਲਕ ਪ੍ਰਮਾਤਮਾ ਹੀ ਜਾਣਦਾ ਹੈ। ਉਹ ਜੋ ਵੀ ਕਰਦਾ ਹੈ, ਸਹੀ ਕਰਦਾ ਹੈ।
(ਸਹਿਯੋਗੀ: ਡਾ. ਸੁਖਦੇਵ ਸਿੰਘ ਝੰਡ,
ਫ਼ੋਨ: 647-567-9128)

 

Check Also

ਭਾਰਤ ‘ਚ ਲੋਕ ਸਭਾ ਚੋਣਾਂ ਦੇ ਫਤਵੇ ਦੇ ਸਬਕ

ਅਸ਼ਵਨੀ ਕੁਮਾਰ ਭਾਰਤ ‘ਚ ਲੋਕ ਸਭਾ ਚੋਣਾਂ ਦਾ ਫਤਵਾ ਲੋਕਰਾਜ, ਗੈਰਤ ਅਤੇ ਨਿਆਂ ਦੇ ਹੱਕ …