ਐਡਵੋਕੇਟ ਜੋਗਿੰਦਰ ਸਿੰਘ ਤੂਰ
(ਤੀਜੀ ਤੇ ਆਖਰੀ ਕਿਸ਼ਤ)
ਧਾਰਾ 147 ‘ਚ ਸਜ਼ਾ ਮੌਤ ਜਾਂ ਉਮਰ ਕੈਦ ਸ਼ਾਮਿਲ ਹੈ। ਇੱਥੋਂ ਤੱਕ ਕਿ ਤੁਸੀਂ ਆਪਣੀ ਤਾਕਤ ਦਾ ਵਿਖਾਵਾ ਕਰਦਿਆਂ ਹੋਇਆਂ ਸਟੇਟ ਦੇ ਗਵਰਨਰ ਜਾਂ ਰਾਸ਼ਟਰਪਤੀ ਨੂੰ ਆਪਣੀਆਂ ਤਾਕਤਾਂ ਦੀ ਵਰਤੋਂ ਕਰਨ ਤੋਂ ਰੋਕਦੇ ਹੋ ਅਤੇ ਉਨ੍ਹਾਂ ‘ਤੇ ਦਬਾਅ ਪਾਉਂਦੇ ਹੋ ਤਾਂ ਤੁਸੀਂ ਸਜ਼ਾ-ਏ-ਮੌਤ ਜਾਂ ਉਮਰ ਕੈਦ ਦੇ ਭਾਗੀ ਬਣ ਸਕਦੇ ਹੋ। ਇਹ ਵੀ ਕਿ ਜੇਕਰ ਭਾਰਤ ਸਰਕਾਰ ਦੀ ਕਿਸੇ ਦੇਸ਼ ਨਾਲ ਅਮਨ ਦੀ ਸੰਧੀ ਹੈ ਤਾਂ ਉਸ ਸਰਕਾਰ ਦੇ ਖ਼ਿਲਾਫ਼ ਬੋਲਣਾ ਜਾਂ ਭੜਕਾਉ ਭਾਸ਼ਣ ਦੇਣ ਨਾਲ ਵੀ ਉਮਰ ਕੈਦ ਹੋ ਸਕਦੀ ਹੈ।
ਦਹਿਸ਼ਤਗਰਦ ਹੋਣਾ ਜਾਂ ਦਹਿਸ਼ਤਗਰਦ ਸਮਝਿਆ ਜਾਣਾ, ਵੱਖ-ਵੱਖ ਸਥਿਤੀਆਂ ਹਨ। ਆਜ਼ਾਦੀ ਦੀ ਲੜਾਈ ਦੌਰਾਨ, ਆਜ਼ਾਦੀ ਘੁਲਾਟੀਆਂ ਨੂੰ ਦਹਿਸ਼ਤਗਰਦ ਜਾਂ ਬਾਗ਼ੀ ਕਰਾਰ ਦੇ ਕੇ ਫ਼ਾਂਸੀ ‘ਤੇ ਚੜ੍ਹਾਏ ਗਏ ਸ਼ਹੀਦਾਂ ਦੀ ਗਿਣਤੀ ਸੈਂਕੜਿਆਂ ‘ਚ ਹੈ। ਆਪਣੀ ਸਿਆਸੀ ਤਾਕਤ ਨੂੰ ਕਾਇਮ ਰੱਖਣ ਵਾਸਤੇ ਦੇਸ਼ ਭਗਤਾਂ ਨੂੰ ਧਾਰਾਵਾਂ 141 ਤੋਂ 150 ਅਧੀਨ ਇਹ ਸਜ਼ਾਵਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ।
ਹੁਣ ਧਾਰਾ 147 ਉਸੇ ਤਰ੍ਹਾਂ ਹੈ। ਇਕ ਹੋਰ ਵਾਧਾ ਕੀਤਾ ਗਿਆ ਹੈ। ਟੈਰੋਰਿਸਟ ਲਫਜ਼ 1P1 ਐਕਟ ‘ਚ ਵੀ ਪਾਇਆ ਗਿਆ ਹੈ। ਇਹ ਕਾਨੂੰਨ ਹੋਰ ਵੀ ਅਨਿਆਂਪੂਰਨ ਹੈ। ਇਸ ਐਕਟ ‘ਚ ਦਿੱਤੇ ਟੈਰੋਰਿਸਟ ਜੁਰਮ ਲੱਗਣ ‘ਤੇ ਜ਼ਮਾਨਤ ਮਿਲਣੀ ਬਹੁਤ ਮੁਸ਼ਕਿਲ ਹੈ। ਪੁਲਿਸ ਨੂੰ ਖੁੱਲ੍ਹ ਦਿੱਤੀ ਗਈ ਹੈ ਕਿ ਉਹ ਟੈਰੋਰਿਸਟ ਜੁਰਮ ਦੇ ਕਿਸੇ ਦੋਸ਼ੀ ਨੂੰ ਨਵੇਂ ਕਾਨੂੰਨ ਅਧੀਨ ਜਾ 1P1 ਐਕਟ ਅਧੀਨ ਗ੍ਰਿਫ਼ਤਾਰ ਕਰਕੇ, ਕਾਰਵਾਈ ਕਰੇ।
ਇਨ੍ਹਾਂ ਨਵੇਂ ਕਾਨੂੰਨਾਂ ਦੀ ਮਨਸ਼ਾ, ਦੋਸ਼ੀ ਪਾਏ ਗਏ ਜਾਂ ਦੋਸ਼ੀ ਕਰਾਰ ਦਿੱਤੇ ਗਏ ਵਿਅਕਤੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣਾ ਹੈ ਤੇ ਉਨ੍ਹਾਂ ਨੂੰ ਦਬਾਅ ਕੇ ਰੱਖਣਾ ਹੈ। ਇਹ ਵਿਵਸਥਾ ਵਿਕਸਤ ਸਮਾਜ ਦਾ ਹਿੱਸਾ ਨਹੀਂ। ਇਹ ਕਾਲੋਨੀਆਂ ਬਣਾਉਣ ਵਾਲੇ ਦੇਸ਼ਾਂ ਦੀ ਲੋੜ ਸੀ। ਇਹ ਕਾਨੂੰਨ ਸੌੜੇ ਹਿੱਤਾਂ ਤੋਂ ਪ੍ਰੇਰਿਤ ਹਨ।
ਉਮਰ ਕੈਦ ਕੱਟ ਰਹੇ ਦੋਸ਼ੀਆਂ ਤੇ ਬੰਦੀਆਂ ਨੂੰ ਪੁਰਾਣੇ ਕਾਨੂੰਨ ਵਿਚ ਸਰਕਾਰ ਨੂੰ ਅਧਿਕਾਰ ਸੀ ਕਿ ਕਿਸੇ ਵੀ ਉਮਰ ਕੈਦੀ ਨੂੰ ਕੁਝ ਖ਼ਾਸ ਸਮਾਂ, ਘੱਟ ਤੋਂ ਘੱਟ 14 ਸਾਲ ਕੱਟਣ ਬਾਅਦ ਰਿਹਾਅ ਕਰ ਦੇਵੇ।
ਹੁਣ ਨਵੇਂ ਕਾਨੂੰਨ ‘ਚ ਸਰਕਾਰਾਂ ਦਾ ਇਹ ਅਧਿਕਾਰ ਖਤਮ ਕਰ ਦਿੱਤਾ ਗਿਆ ਹੈ। ਹੁਣ ਤਾਂ ਲਾਸ਼ਾਂ ਹੀ ਬਾਹਰ ਆਇਆ ਕਰਨਗੀਆਂ। ਇਹ ਅਸਮਾਜਿਕ, ਗ਼ੈਰ-ਕਾਨੂੰਨੀ ਤੇ ਅਸੰਵਿਧਾਨਕ ਹੈ। ਸਜ਼ਾ ਸੁਧਾਰਨ ਲਈ ਦਿੱਤੀ ਜਾਂਦੀ ਹੈ ਮਾਰਨ ਲਈ ਨਹੀਂ।
ਸੁਝਾਅ : ਸਿਆਸੀ ਗਲਿਆਰਿਆਂ ਨੂੰ ਪੁਰਾਣੇ ਮਹਾਂਪੁਰਸ਼ਾਂ ਤੋਂ, ਉਨ੍ਹਾਂ ਦੀਆਂ ਲਿਖਤਾਂ ਤੋਂ ਸੇਧ ਲੈਣੀ ਚਾਹੀਦੀ ਹੈ। ਥੋੜ੍ਹੀ ਜਿਹੀ ਝਾਤ ਜੇਕਰ ਪੁਰਾਣੀਆਂ ਲਿਖਤਾਂ ‘ਤੇ ਮਾਰੀ ਜਾਵੇ ਤਾਂ ਗੱਲ ਸਮਝ ਪੈ ਸਕਦੀ ਹੈ।
ਇਸ ਸੰਦਰਭ ‘ਚ ਅਰਸਤੂ ਜੋ 384 ਬੀ.ਸੀ. ਵਿਚ, ਅੱਜ ਤੋਂ ਕੋਈ 2700 ਸਾਲ ਪਹਿਲਾਂ ਯੂਨਾਨ ਦੇ ਨਾਲ ਲਗਦੇ ਦੇਸ਼ ਮੈਸੇਡੋਨੀਆ ਵਿਚ ਪੈਦਾ ਹੋਇਆ ਤੇ ਆਪਣੇ ਗਿਆਨ ਦੇ ਵਾਧੇ ਲਈ ਯੂਨਾਨ ਦੇ ਮਹਾਨ ਫਿਲਾਸਫਰ ਪਲੈਟੋ ਦੀ ਅਕਾਦਮੀ ਵਿਚ ਆ ਗਿਆ ਤੇ 20 ਸਾਲ ਉਸ ਦਾ ਹਿੱਸਾ ਰਿਹਾ ਪਰ ਜਦੋਂ ਮੈਸੋਡੋਨੀਆ ਦੇ ਰਾਜੇ ਦਾ ਮੁੰਡਾ ਅਲੈਗਜ਼ੈਂਡਰ (ਮਹਾਨ ਸਕੰਦਰ) ਥੋੜ੍ਹਾ ਵੱਡਾ ਹੋ ਗਿਆ ਅਤੇ ਮੈਸੋਡੋਨੀਆ ਦੇ ਰਾਜੇ ਨੇ ਸੁਕਰਾਤ ਨੂੰ, ਸਿਕੰਦਰ ਦਾ ਅਧਿਆਪਕ ਬਣਨ ਲਈ ਵਾਪਸ ਬੁਲਾ ਲਿਆ, ਉਹ ਫਿਰ ਵੀ ਆਪਣੀਆਂ ਲਿਖਤਾਂ ਤੇ ਖੋਜਾਂ ਜਾਰੀ ਰੱਖਦਾ ਰਿਹਾ।
ਸੁਕਰਾਤ ਦੇ ਵਿਚਾਰ ਵੱਡਮੁੱਲੇ ਹਨ। ਉਸ ਨੇ ਆਪਣੀਆਂ ਲਿਖਤਾਂ ‘ਚ ਸਿਆਸਤ ਦਾ ਵਿਸ਼ਲੇਸ਼ਣ ਕੀਤਾ ਹੈ ਕਿ:-1. ਇਨਕਲਾਬ ਕੀ ਹੈ? 2. ਇਸ ਦੀਆਂ ਕਿੰਨੀਆਂ ਕਿਸਮਾਂ ਹਨ? 3. ਇਨਕਲਾਬ ਕਿਉਂ ਆਉਂਦਾ ਹੈ? ਬਗ਼ਾਵਤ ਕਿਉਂ ਹੁੰਦੀ ਹੈ? 4. ਇਸ ਨੂੰ ਰੋਕਿਆ ਜਾ ਸਕਦਾ ਹੈ।
ਅਰਸਤੂ ਅਨੁਸਾਰ ਰੈਵੋਲਿਉਸ਼ਨ ਭਾਵ ਇਨਕਲਾਬ ਦਾ ਮੁੱਢ ਉਦੋਂ ਹੀ ਬੱਝ ਜਾਂਦਾ ਹੈ ਜਦੋਂ:-1. ਰਾਜ ਦੀ ਹੋਂਦ ਗ਼ਲਤ ਵਿਚਾਰਾਂ ਤੇ ਭਾਵਨਾਵਾਂ ‘ਤੇ ਆਧਾਰਿਤ ਹੋਵੇ। 2. ਜਦੋਂ ਕੋਈ ਪਾਖੰਡੀ ਦੇਸ਼ ਦਾ ਨੇਤਾ ਜਾਂ ਫ਼ੌਜ ਦਾ ਜਰਨੈਲ ਬਣ ਜਾਂਦਾ ਹੈ। 3. ਜਦੋਂ ਸਿਆਸਤਦਾਨ ਭੀੜ ਦੀ ਹਮਾਇਤ ਲੈਣ ਲਈ ਆਪਸ ‘ਚ ਉਲਝ ਜਾਣ। 4. ਜਦੋਂ ਗ਼ਰੀਬੀ ਤੇ ਅਮੀਰੀ ਦਾ ਪਾੜਾ ਬਹੁਤ ਵਧ ਜਾਵੇ। 5. ਜਦੋਂ ਸਿਆਸੀ ਤੇ ਰਾਜਸੀ ਅਹੁਦੇ, ਜੱਦੀ ਪੁਸ਼ਤੀ ਬਣ ਜਾਣ। 6. ਜਦੋਂ ਕੋਈ ਚੁਣੀ ਹੋਈ ਸਰਕਾਰ, ਤਾਨਾਸ਼ਾਹ ਬਣ ਜਾਵੇ। 7. ਜਦੋਂ ਮੈਜਿਸਟ੍ਰੇਸੀ, ਭਾਵ ਅਫ਼ਸਰਸ਼ਾਹੀ ਸਣੇ ਜੁਡੀਸ਼ਰੀ ਮਨਾਫ਼ੇ ਦਾ ਅਹੁਦਾ ਬਣ ਜਾਵੇ।
ਇਨਕਲਾਬ ਕੀ ਹੁੰਦਾ ਹੈ। (ਅਰਸਤੂ ਅਨੁਸਾਰ) : ਪਹਿਲੇ ਵਿਧਾਨ ਤੇ ਸੰਸਥਾਵਾਂ ਬਦਲ ਦਿੱਤੀਆਂ ਜਾਂਦੀਆਂ ਹਨ। ਜਾਂ 2. ਸਾਰਾ ਢਾਂਚਾ ਨਵੇਂ ਹੱਥਾਂ ਵਿਚ ਦੇ ਦਿੱਤਾ ਜਾਂਦਾ ਹੈ। ਜਾਂ 3. ਡੈਮੋਕਰੇਸੀ ਤੇ ਓਲੀਗੈਰਕੀ ਭਾਵ ਜਿੱਥੇ ਅਹੁਦੇ ਜੱਦੀ-ਪੁਸ਼ਤੀ ਬਣ ਜਾਣ ਮੁੱਢਲੇ ਨੁਕਸ ਪਛਾਣ ਲਏ ਜਾਂਦੇ ਹਨ ਤੇ ਨਵੇਂ ਪੈਦਾ ਕੀਤੇ ਜਾਂਦੇ ਹਨ।
ਇਨਕਲਾਬ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ? : ਬੇਕਾਨੂੰਨੀ ਅਵਸਥਾ ਨੂੰ ਕੰਟਰੋਲ ਕੀਤਾ ਜਾਵੇ। 2. ਆਮ ਜਨਤਾ ਨੂੰ ਗ਼ੈਰ-ਕਾਨੂੰਨੀ ਤੇ ਧੋਖਾਧੜੀ ਤੋਂ ਬਚਾਇਆ ਜਾਵੇ। 3. ਰਾਜ ਕਰਨ ਵਾਲਿਆਂ ਤੇ ਪਰਜਾ ਵਿਚ ਫਾਸਲਾ ਮਿਟਾਇਆ ਜਾਵੇ। 4. ਸਮੇਂ-ਸਮੇਂ ਪ੍ਰਾਪਰਟੀ ਦੀਆਂ ਧਾਰਨਾਵਾਂ ਬਦਲਦੀਆਂ ਰਹਿਣ। 5. ਪ੍ਰਾਪਰਟੀ ਕੁਝ ਹੱਥਾਂ ‘ਚ ਜਮ੍ਹਾਂ ਹੋਣ ਤੋਂ ਰੋਕੀ ਜਾਵੇ। 6. ਕਿਸੇ ਵੀ ਵਿਅਕਤੀ ਜਾਂ ਜਮਾਤ ਨੂੰ ਪੂਰਨ ਸ਼ਕਤੀਸ਼ਾਲੀ ਨਾ ਹੋਣ ਦਿੱਤਾ ਜਾਵੇ। 7. ਮੈਜਿਸਟ੍ਰੇਸੀ ਮੁਨਾਫ਼ੇ ਦਾ ਵਸੀਲਾ ਨਾ ਬਣਨ ਦਿੱਤਾ ਜਾਵੇ ਆਦਿ।
(ਵੇਖੋ: ਦੀ ਬੇਸਿਕ ਵਰਕਸ ਆਫ ਅਰਿਸਟੋਟਲ ਪੰਨਾ: 1121)
(ਸਮਾਪਤ)
Check Also
ਹਵਾ ਪ੍ਰਦੂਸ਼ਣ ਨਾਲ ਕਿਵੇਂ ਨਜਿੱਠਿਆ ਜਾਵੇ
ਡਾ. ਗੁਰਿੰਦਰ ਕੌਰ ਭਾਰਤ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਦਿੱਲੀ ਦੀ ਹਵਾ ਗੁਣਵੱਤਾ …