Breaking News
Home / ਮੁੱਖ ਲੇਖ / ਹਵਾ ਪ੍ਰਦੂਸ਼ਣ ਨਾਲ ਕਿਵੇਂ ਨਜਿੱਠਿਆ ਜਾਵੇ

ਹਵਾ ਪ੍ਰਦੂਸ਼ਣ ਨਾਲ ਕਿਵੇਂ ਨਜਿੱਠਿਆ ਜਾਵੇ

ਡਾ. ਗੁਰਿੰਦਰ ਕੌਰ
ਭਾਰਤ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਦਿੱਲੀ ਦੀ ਹਵਾ ਗੁਣਵੱਤਾ (ਏਅਰ ਕੁਆਲਿਟੀ) ਇਸ ਸਾਲ ਵੀ 18 ਅਕਤੂਬਰ ਤੋਂ ਲਗਾਤਾਰ ਡਿੱਗ ਰਹੀ ਹੈ। 21 ਅਕਤੂਬਰ ਨੂੰ ਦਿੱਲੀ ਦਾ ਔਸਤ ਏਅਰ ਕੁਆਲਿਟੀ ਇੰਡੈਕਸ 300 ਤੋਂ ਉੱਤੇ ਰਿਕਾਰਡ ਕੀਤਾ ਗਿਆ। ਮਾੜੇ ਹੁੰਦੇ ਏਅਰ ਕੁਆਲਿਟੀ ਇੰਡੈਕਸ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੂੰ ਹਵਾ ਦੇ ਪ੍ਰਦੂਸ਼ਣ ਉੱਤੇ ਕਾਬੂ ਪਾਉਣ ਲਈ ਗਰੇਡਿਡ ਰਿਸਪੌਂਸ ਐਕਸ਼ਨ ਪਲਾਨ ਲਾਗੂ ਕਰਨਾ ਪਿਆ। ਇਸ ਐਕਸ਼ਨ ਅਨੁਸਾਰ ਡੀਜ਼ਲ, ਕੋਲੇ ਅਤੇ ਲੱਕੜ ਦੇ ਬਾਲਣ ਦੀ ਵਰਤੋਂ ਕਰਨ ਵਾਲੇ ਰੈਸਟੋਰੈਟਾਂ, ਹੋਟਲਾਂ, ਢਾਬਿਆਂ, ਰੇੜ੍ਹੀਆਂ ਅਤੇ ਡੀਜ਼ਲ ਨਾਲ ਚੱਲਣ ਵਾਲੇ ਜੈਨਰੇਟਰਾਂ ਉੱਤੇ ਪਾਬੰਦੀ ਲਗਾਈ ਜਾਂਦੀ ਹੈ।
ਦੀਵਾਲੀ ਮੌਕੇ ਹਵਾ ਗੁਣਵੱਤਾ ਹੋਰ ਹੇਠਾਂ ਡਿੱਗ ਜਾਂਦੀ ਹੈ। ਅਣਗਿਣਤ ਚੱਲਦੇ ਪਟਾਕਿਆਂ ਵਿੱਚ ਕੈਮੀਕਲ ਵੱਡੀ ਮਾਤਰਾ ਵਿਚ ਹੁੰਦੇ ਹਨ ਅਤੇ ਇਨ੍ਹਾਂ ਨਾਲ ਹਵਾ ਵਿੱਚ ਜ਼ਹਿਰੀਲੇ ਤੱਤ ਹੋਰ ਆਣ ਜੁੜਦੇ ਹਨ। ਇਉਂ ਏਅਰ ਕੁਆਲਿਟੀ ਇੰਡੈਕਸ 400 ਤੋਂ ਵੀ ਉਤਾਂਹ ਚਲਾ ਜਾਂਦਾ ਹੈ।
ਦਿੱਲੀ ਵਿੱਚ ਹਵਾ ਪ੍ਰਦੂਸ਼ਣ ਵਿੱਚ ਹਰ ਸਾਲ ਸਰਦੀਆਂ ਦੀ ਆਮਦ ਨਾਲ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ। ਹਵਾ ਪ੍ਰਦੂਸ਼ਣ ਵਿੱਚ ਵਾਧੇ ਨਾਲ ਹੀ ਕੇਂਦਰ, ਦਿੱਲੀ ਅਤੇ ਗੁਆਢੀ ਰਾਜਾਂ ਦੀਆਂ ਸਰਕਾਰਾਂ ਵਿਚਕਾਰ ਇੱਕ ਦੂਜੇ ਉੱਤੇ ਦੂਸ਼ਣਬਾਜ਼ੀ ਦੀ ਸਿਆਸਤ ਸ਼ੁਰੂ ਹੋ ਜਾਂਦੀ ਹੈ। ਕਰੀਬ ਇਕ ਦਹਾਕੇ ਤੋਂ ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ ਵਿੱਚ ਹਵਾ ਦੇ ਵਧ ਰਹੇ ਪ੍ਰਦੂਸ਼ਣ ਲਈ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਆਦਿ ਰਾਜਾਂ ਵਿੱਚ ਸਾੜੀ ਜਾਂਦੀ ਝੋਨੇ ਅਤੇ ਕਣਕ ਦੀ ਰਹਿੰਦ-ਖੂੰਹਦ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਰਿਹਾ ਹੈ। ਇਸ ਸਾਲ ਵੀ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਉਹੋ ਜਿਹਾ ਵਤੀਰਾ ਅਪਣਾਉਂਦੇ ਹੋਏ ਰਾਜਧਾਨੀ ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ ਵਿਚਲੇ ਹਵਾ ਦੇ ਪ੍ਰਦੂਸ਼ਣ ਲਈ ਗੁਆਂਢੀ ਰਾਜਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਫ਼ਰਕ ਇੰਨਾ ਹੈ ਕਿ ਇਸ ਸਾਲ ਉਸ ਨੇ ‘ਆਪ’ ਦੇ ਸ਼ਾਸਨ ਵਾਲੇ ਰਾਜ ਪੰਜਾਬ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਭਾਜਪਾ ਸ਼ਾਸਿਤ ਗੁਆਂਢੀ ਰਾਜਾਂ ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ, ਡੀਜ਼ਲ ਬੱਸਾਂ, ਇੱਟਾਂ ਦੇ ਭੱਠੇ, ਥਰਮਲ ਪਲਾਂਟ ਆਦਿ ਦਿੱਲੀ ਵਿੱਚ ਵਧ ਰਹੇ ਹਵਾ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ।
ਹੁਣ ਸਵਾਲ ਹੈ : ਪ੍ਰਦੂਸ਼ਣ ਲਈ ਕੌਣ ਜ਼ਿੰਮੇਵਾਰ ਹੈ? ਇਸ ਦਾ ਪਤਾ ਲਗਾਉਣ ਲਈ ਪਿਛੋਕੜ ‘ਚ ਜਾਣਾ ਪਵੇਗਾ। 1990-2000 ਦੇ ਦਹਾਕੇ ‘ਚ ਵੀ ਦਿੱਲੀ ਦੀ ਹਵਾ ਬਹੁਤ ਪ੍ਰਦੂਸ਼ਿਤ ਹੋ ਗਈ ਸੀ। ਉਸ ਸਮੇਂ ਕੇਂਦਰ ਸਰਕਾਰ ਨੇ ਅਸਲ ਕਾਰਨ ਲੱਭ ਕੇ ਹਵਾ ਪ੍ਰਦੂਸ਼ਣ ਉੱਤੇ ਕਾਬੂ ਪਾ ਲਿਆ ਸੀ। ਡੀਜ਼ਲ ਨਾਲ ਚੱਲਣ ਵਾਲੀਆਂ ਬੱਸਾਂ, ਆਟੋ ਰਿਕਸ਼ਿਆਂ ਆਦਿ ਉੱਤੇ ਜੁਰਮਾਨੇ ਲਗਾ ਕੇ ਅਤੇ ਡੀਜ਼ਲ ਦੀ ਥਾਂ ਉੱਤੇ ਸੀਐੱਨਜੀ ਵਰਤਣ ਲਈ ਪਰੇਰ ਕੇ ਦਿੱਲੀ ਦੀ ਹਵਾ ਪ੍ਰਦੂਸ਼ਣ ਰਹਿਤ ਕਰ ਲਈ ਗਈ ਸੀ।
ਹੁਣ ਕਰੀਬ ਇੱਕ ਦਹਾਕੇ ਤੋਂ ਦਿੱਲੀ ਦੀ ਹਵਾ ਬਹੁਤ ਪ੍ਰਦੂਸ਼ਿਤ ਹੋ ਚੁੱਕੀ ਹੈ। ਦਿੱਲੀ ਵਿੱਚ ਵਧ ਰਹੇ ਹਵਾ ਪ੍ਰਦੂਸ਼ਣ ਬਾਰੇ ਲਗਭਗ ਹਰ ਕੌਮਾਂਤਰੀ ਰਿਪੋਰਟ ਵਿੱਚ ਜ਼ਿਕਰ ਹੁੰਦਾ ਹੈ ਕਿ ਇਕੱਲੇ ਦਿੱਲੀ ਸ਼ਹਿਰ ਵਿੱਚ ਹੀ ਨਹੀਂ, ਭਾਰਤ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਹਵਾ ਦਾ ਪ੍ਰਦੂਸ਼ਣ ਤੇਜ਼ੀ ਨਾਲ ਵਧ ਰਿਹਾ ਹੈ। ਹਵਾ ਪ੍ਰਦੂਸ਼ਣ ਦਾ ਅਸਲੀ ਕਾਰਨ ਦਿੱਲੀ ਦਾ ਗ਼ੈਰ-ਯੋਜਨਾਬੱਧ ਆਰਥਿਕ ਵਿਕਾਸ ਹੈ। ਆਰਥਿਕ ਵਿਕਾਸ ਦੇ ਨਾਂ ਉੱਤੇ ਕਾਰਪੋਰੇਟ ਖੇਤਰ ਨੂੰ ਉਤਸ਼ਾਹਿਤ ਕਰਨ ਕਰ ਕੇ ਵਾਹਨਾਂ (ਖ਼ਾਸ ਕਰਕੇ ਡੀਜ਼ਲ ਨਾਲ ਚੱਲਣ ਵਾਲੇ), ਉਦਯੋਗਿਕ ਇਕਾਈਆਂ ਅਤੇ ਨਿਰਮਾਣ ਕਾਰਜਾਂ ਵਿੱਚ ਬੇਸ਼ੁਮਾਰ ਵਾਧਾ ਹੋਇਆ ਹੈ।
ਵਾਹਨਾਂ ਦੀ ਗਿਣਤੀ 2000 ਵਿੱਚ 34 ਲੱਖ ਸੀ ਜੋ 2023 ਵਿੱਚ ਵਧ ਕੇ 1.2 ਕਰੋੜ ਹੋ ਗਈ। ਇਹ ਵਾਹਨ ਰੋਜ਼ ਭਾਰੀ ਮਾਤਰਾ ਵਿੱਚ ਕਾਰਬਨ ਡਾਇਆਕਸਾਈਡ, ਕਾਰਬਨ ਮੋਨੋਆਕਸਾਈਡ, ਸਲਫਰ ਡਾਇਆਕਸਾਈਡ, ਉਜ਼ੋਨ ਆਦਿ ਵਰਗੀਆਂ ਗੈਸਾਂ ਵਾਤਾਵਰਨ ਵਿੱਚ ਛੱਡਦੇ ਹਨ। ਇਸੇ ਤਰ੍ਹਾਂ ਉਦਯੋਗਿਕ ਇਕਾਈਆਂ ਵੀ ਵਾਤਾਵਰਨ ਵਿੱਚ ਅਣਸੋਧੀਆਂ ਗੈਸਾਂ ਛੱਡਦੀਆਂ ਹਨ। ਦਿੱਲੀ ਵਿੱਚ ਚੱਲਦੇ ਨਿਰਮਾਣ ਕਾਰਜ ਹਵਾ ਦੇ ਪ੍ਰਦੂਸ਼ਣ ਵਿੱਚ ਵੱਡੇ ਹਿੱਸੇਦਾਰ ਹਨ। ਇਨ੍ਹਾਂ ਦੇ ਨਾਲ-ਨਾਲ ਕੋਲੇ ਨਾਲ ਚੱਲਣ ਵਾਲੇ ਥਰਮਲ ਪਲਾਂਟ, ਡੀਜ਼ਲ ਨਾਲ ਚੱਲਣ ਵਾਲੇ ਜੈਨਰੇਟਰ, ਪਹਾੜਾਂ ਦੀ ਉਚਾਈ ਦੇ ਬਰਾਬਰ ਜਲਦੇ ਕੂੜੇ ਦੇ ਢੇਰ ਆਦਿ ਸਾਰਾ ਸਾਲ ਹਵਾ ਵਿੱਚ ਭਾਰੀ ਮਾਤਰਾ ਵਿੱਚ ਜ਼ਹਿਰੀਲੀਆਂ ਗੈਸਾਂ, ਧੂੰਏਂ ਅਤੇ ਧੂੜ ਦੇ ਕਣ ਨਿਕਾਸ ਕਰਦੇ ਹਨ। ਅੱਜ ਕੱਲ੍ਹ ਦਿੱਲੀ ਦੀ ਰਿੰਗ ਰੋਡ ਦੀ ਮੁਰੰਮਤ ਦਾ ਕੰਮ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਇਸ ਦੀ ਮੁਰੰਮਤ ਕਾਰਨ ਹਵਾ ‘ਚ ਮਿੱਟੀ ਤੇ ਧੂੜ ਦੀ ਮਾਤਰਾ ਵਧਣ ਨਾਲ ਵੀ ਦਿੱਲੀ ਦੀ ਹਵਾ ਪ੍ਰਦੂਸ਼ਿਤ ਹੋ ਰਹੀ ਹੈ।
ਪੀਡਬਲਿਊਡੀ ਵਿਭਾਗ ਅਨੁਸਾਰ, ਸੜਕ ਮੁਰੰਮਤ ਦੇ ਕੰਮ ‘ਚ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ‘ਦਿ ਐਨਰਜੀ ਐਂਡ ਰਿਸੋਰਸਸ ਇੰਸਟੀਚਿਊਟ’ ਦੇ 2018 ਦੇ ਅਧਿਐਨ ਅਨੁਸਾਰ ਦਿੱਲੀ ਵਿਚਲੇ ਹਵਾ ਦੇ ਪ੍ਰਦੂਸ਼ਣ ਦਾ 25 ਫ਼ੀਸਦ ਹਿੱਸਾ ਮਿੱਟੀ ਅਤੇ ਧੂੜ ਦੇ ਕਣ ਪਾਉਂਦੇ ਹਨ।
ਦਿੱਲੀ ਵਿੱਚ ਸਰਦੀਆਂ ਦੀ ਸ਼ੁਰੂਆਤ ਵਿੱਚ ਹੀ ਹਵਾ ਦਾ ਪ੍ਰਦੂਸ਼ਣ ਗੁਆਂਢੀ ਰਾਜਾਂ ਵਿੱਚ ਸਾੜੀ ਜਾ ਰਹੀ ਧਾਨ ਦੀ ਰਹਿੰਦ-ਖੂੰਹਦ ਕਾਰਨ ਨਹੀਂ ਹੁੰਦਾ। ਦਿੱਲੀ ਦੀ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਦੀ ਹੋਈ ਇਸ ਦਾ ਦੋਸ਼ ਗੁਆਂਢੀ ਰਾਜਾਂ ਸਿਰ ਮੜ੍ਹਨ ਲੱਗ ਜਾਂਦੀ ਹੈ। ਹਵਾ ਦੇ ਵਧ ਰਹੇ ਪ੍ਰਦੂਸ਼ਣ ਲਈ ਦਿੱਲੀ ਆਪ ਜ਼ਿੰਮੇਵਾਰ ਹੈ। ਇਸ ਦੇ ਮੁੱਖ ਕਾਰਨ ਸਥਾਨਕ ਅਤੇ ਮੌਸਮੀ ਹਾਲਤਾਂ ਨਾਲ ਸਬੰਧਿਤ ਹਨ। ਸਥਾਨਕ ਕਾਰਨਾਂ ਵਿੱਚ ਦਿੱਲੀ ਵਿੱਚ ਵੱਖ-ਵੱਖ ਸਰੋਤਾਂ ਤੋਂ ਨਿਕਲੀਆਂ ਗੈਸਾਂ, ਧੂੰਏਂ, ਧੂੜ ਅਤੇ ਮਿੱਟੀ ਦੇ ਕਣ ਹਨ। ਮੌਸਮੀ ਹਾਲਤਾਂ ਵਿੱਚ ਹਵਾ ਦਾ ਸਥਿਰ ਹੋਣਾ, ਹਵਾ ਵਿੱਚ ਨਮੀ ਦੀ ਭਰਪੂਰ ਮਾਤਰਾ ਵਿੱਚ ਹੋਣਾ ਅਤੇ ਰਾਤ ਦੇ ਤਾਪਮਾਨ ਦਾ ਤੇਜ਼ੀ ਨਾਲ ਘਟਣਾ ਹਨ। ਤਾਪਮਾਨ ਘਟਣ ਨਾਲ ਹਵਾ ਵਿਚਲੀ ਨਮੀ ਠੰਢੀ ਹੋ ਕੇ ਧੂੰਏਂ, ਧੂੜ, ਮਿੱਟੀ ਆਦਿ ਦੇ ਕਣਾਂ ਉੱਤੇ ਹਵਾ ਵਿਚਲੇ ਪ੍ਰਦੂਸ਼ਣ ਗਹਿਰਾ ਦਿੰਦੀ ਹੈ। ਹਵਾ ਵਿੱਚ ਗਤੀ ਨਾ ਹੋਣ ਕਾਰਨ ਹਵਾ ਵਿਚਲਾ ਪ੍ਰਦੂਸ਼ਣ ਇੱਕ ਥਾਂ ਸਥਿਰ ਹੋ ਜਾਂਦਾ ਹੈ ਜਿਸ ਕਾਰਨ ਹਵਾ ਦਾ ਪ੍ਰਦੂਸ਼ਣ ਭਿਆਨਕ ਰੂਪ ਧਾਰਨ ਕਰ ਲੈਂਦਾ ਹੈ।
ਹਵਾ ਸਥਿਰ ਹੋਣ ਕਾਰਨ ਗੁਆਂਢੀ ਰਾਜ ਭਾਵੇਂ ਉਹ ਹਰਿਆਣਾ, ਉੱਤਰ ਪ੍ਰਦੇਸ਼ ਜਾਂ ਪੰਜਾਬ ਹੋਵੇ, ਉੱਥੋਂ ਦੀ ਹਵਾ ਦਿੱਲੀ ਤੱਕ ਪਹੁੰਚ ਹੀ ਨਹੀਂ ਸਕਦੀ। ਜੇ ਹਵਾ ਚੱਲ ਹੀ ਨਹੀਂ ਰਹੀ ਤਾਂ ਪ੍ਰਦੂਸ਼ਣ ਦਿੱਲੀ ਤੱਕ ਕਿਵੇਂ ਪਹੁੰਚਾਏਗੀ। ਜੇ ਹਵਾ ਪੱਛਮ ਵੱਲੋਂ ਆਵੇਗੀ ਤਾਂ ਹੀ ਪੰਜਾਬ, ਹਰਿਆਣੇ ਦੀ ਹਵਾ ਦਿੱਲੀ ਨੂੰ ਪ੍ਰਦੂਸ਼ਿਤ ਕਰੇਗੀ। ਜੇ ਹਵਾ ਉੱਤਰ ਪ੍ਰਦੇਸ਼ ਵੱਲੋਂ ਆਉਂਦੀ ਹੈ ਤਾਂ ਉਹ ਦਿੱਲੀ ਦੀ ਹਵਾ ਨੂੰ ਪ੍ਰਦੂਸ਼ਿਤ ਕਰਨ ਤੋਂ ਬਾਅਦ ਹਰਿਆਣੇ ਅਤੇ ਪੰਜਾਬ ਨੂੰ ਪ੍ਰਦੂਸ਼ਿਤ ਕਰੇਗੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਧਿਐਨ ਅਨੁਸਾਰ, ਧਾਨ ਦੀ ਰਹਿੰਦ-ਖੂੰਹਦ ਕਾਰਨ ਜਿਹੜਾ ਧੂੰਆਂ ਉੱਠਦਾ ਹੈ, ਉਹ ਪੰਜਾਬ ਵਿੱਚ ਹੀ ਰਹਿ ਜਾਂਦਾ ਹੈ। ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਮੈਂਬਰ ਜਸਟਿਸ ਸੁਧੀਰ ਅਗਰਵਾਲ ਨੇ ਕਿਹਾ ਕਿ ਕੋਈ ਵੀ ਅਜਿਹਾ ਵਿਗਿਆਨਕ ਅਧਿਐਨ ਨਹੀਂ ਹੋਇਆ ਹੈ ਜੋ ਇਸ ਗੱਲ ਦੀ ਪੁਸ਼ਟੀ ਕਰਦਾ ਹੋਵੇ ਕਿ ਪੰਜਾਬ ਦਾ ਧੂੰਆਂ ਦਿੱਲੀ ਦੀ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ।
ਹਰਿਆਣਾ ਸਰਕਾਰ ਨੇ ਦਿੱਲੀ ਦੇ ਹਵਾ ਦੇ ਪ੍ਰਦੂਸ਼ਣ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਸਮਝਦੇ ਹੋਏ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੱਤੇ ਹਨ ਕਿ ਜਿਹੜੇ ਕਿਸਾਨ ਧਾਨ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਂਦੇ ਫੜੇ ਜਾਂਦੇ ਹਨ, ਉਨ੍ਹਾਂ ਉੱਤੇ ਐਫਆਈਆਰ ਦਰਜ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਫ਼ਸਲ ਅਗਲੇ ਦੋ ਸੀਜ਼ਨਾਂ ਲਈ ਈ-ਪੋਰਟਲ ਉੱਤੇ ਖ਼ਰੀਦਣ ਲਈ ਪਾਬੰਦੀ ਲਗਾਈ ਜਾਵੇ।
ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨ ਧਾਨ ਦੀ ਫ਼ਸਲ ਦੇਸ ਵਾਸੀਆਂ ਲਈ ਅਨਾਜ ਦੀ ਘਾਟ ਨੂੰ ਪੂਰਾ ਕਰਨ ਪੈਦਾ ਕਰਦੇ ਹਨ। ਇਹ ਫ਼ਸਲ ਇਨ੍ਹਾਂ ਖੇਤਰਾਂ ਦੀਆਂ ਖੇਤੀਬਾੜੀ ਜਲਵਾਯੂ ਹਾਲਤਾਂ ਅਨੁਸਾਰ ਢੁਕਵੀਂ ਨਹੀਂ ਸਗੋਂ ਇਹ ਕੇਂਦਰ ਸਰਕਾਰ ਨੇ ਇਨ੍ਹਾਂ ਰਾਜਾਂ ਉੱਤੇ ਅਨਾਜ ਦੀ ਘਾਟ ਪੂਰੀ ਕਰਨ ਲਈ ਥੋਪੀ ਹੋਈ ਹੈ। ਇਸ ਫ਼ਸਲ ਕਾਰਨ ਇਨ੍ਹਾਂ ਰਾਜਾਂ ਦਾ ਵਾਤਾਵਰਨ, ਪਾਣੀ ਤੇ ਹਵਾ ਪਲੀਤ ਹੋ ਰਹੇ ਹਨ। ਕਿਸਾਨ ਧਾਨ ਦੀ ਰਹਿੰਦ-ਖੂੰਹਦ ਨੂੰ ਅੱਗ ਸਾਧਨਾਂ ਦੀ ਥੁੜ੍ਹ ਕਾਰਨ ਮਜਬੂਰੀ ਵੱਸ ਲਗਾਉਂਦੇ ਹਨ; ਦੂਜੇ ਬੰਨੇ, ਦਿੱਲੀ ਵਾਸੀ ਵੱਧ ਮੁਨਾਫ਼ਾ ਕਮਾਉਣ, ਜ਼ਿਆਦਾ ਸੁਖ-ਸਹੂਲਤਾਂ ਅਤੇ ਮੌਜ-ਮਸਤੀ ਲਈ ਹਵਾ ਵਿੱਚ ਪ੍ਰਦੂਸ਼ਣ ਪੈਦਾ ਕਰਦੇ ਹਨ।
ਦਿੱਲੀ ਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਪ੍ਰਦੂਸ਼ਣ ਲਈ ਜ਼ਿੰਮੇਵਾਰ ਠਹਿਰਾਉਣ ਦੀ ਥਾਂ ਅਜਿਹੀਆਂ ਨੀਤੀਆਂ ਅਪਣਾਉਣ ਜਿਸ ਸਦਕਾ ਪ੍ਰਦੂਸ਼ਣ ਘਟ ਜਾਵੇ। ਸਭ ਤੋਂ ਪਹਿਲਾਂ ਸਰਕਾਰ ਆਵਾਜਾਈ ਦੇ ਜਨਤਕ ਸਾਧਨਾਂ ਦੀ ਗਿਣਤੀ ਦਿੱਲੀ ਦੀ ਆਬਾਦੀ ਅਨੁਸਾਰ ਵਧਾਵੇ; ਇਨ੍ਹਾਂ ਨੂੰ ਇੰਨਾ ਕੁਸ਼ਲ ਬਣਾਵੇ ਕਿ ਲੋਕ ਨਿੱਜੀ ਵਾਹਨ ਛੱਡ ਕੇ ਜਨਤਕ ਵਾਹਨਾਂ ਨੂੰ ਤਰਜੀਹ ਦੇਣ। ਉਦਯੋਗਿਕ ਇਕਾਈਆਂ ‘ਚ ਹਵਾ ਸ਼ੁੱਧਤਾ ਯੰਤਰ ਲਗਾਉਣੇ ਯਕੀਨੀ ਬਣਾਏ ਜਾਣ।
ਬਿਜਲੀ ਪੈਦਾ ਕਰਨ ਲਈ ਥਰਮਲ ਪਲਾਂਟਾਂ ਦੀ ਥਾਂ ਸੋਲਰ ਪੈਨਲ ਲਗਾਏ ਜਾਣ। ਕੂੜੇ ਦੇ ਢੇਰਾਂ ਨੂੰ ਵਿਗਿਆਨਕ ਵਿਧੀ ਨਾਲ ਨਿਪਟਾਇਆ ਜਾਵੇ। ਉਸਾਰੀ ਦੇ ਕੰਮਾਂ ਲਈ ਵਧੇਰੇ ਸਾਵਧਾਨੀ ਵਰਤੀ ਜਾਵੇ। ਕਿਸਾਨਾਂ ਨੂੰ ਸਜ਼ਾ ਦੇਣ ਦੀ ਥਾਂ ਉੱਤੇ ਉਨ੍ਹਾਂ ਦੀ ਧਾਨ ਦੀ ਫ਼ਸਲ ਦੀ ਰਹਿੰਦ-ਖੂੰਹਦ ਸਮੇਟਣ ਲਈ ਆਧੁਨਿਕ ਮਸ਼ੀਨਰੀ ਮੁਹੱਈਆ ਕਰਵਾ ਕੇ ਮਦਦ ਕੀਤੀ ਜਾਵੇ। ਦਿੱਲੀ ਅਤੇ ਕੇਂਦਰ ਸਰਕਾਰਾਂ ਨੂੰ ਚਾਹੀਦਾ ਹੈ ਕਿ ਦਿੱਲੀ ਦੇ ਹਵਾ ਦੇ ਪ੍ਰਦੂਸ਼ਣ ਨਾਲ ਨਜਿੱਠਣ ਦੇ ਉਪਰਾਲੇ ਕਰਨ ਤਾਂ ਕਿ ਲੋਕਾਂ ਨੂੰ ਜਿਊਣ ਲਈ ਸਾਫ਼-ਸੁਥਰਾ ਵਾਤਾਵਰਨ ਮਿਲ ਸਕੇ।

Check Also

ਫਰਾਂਜ਼ੇ ਕਾਫਕਾ ਦਾ ਨਾਵਲ ”ਦੀ ਟਰਾਇਲ” ਦੀ ਤੜਪਦੀ ਕਹਾਣੀ

ਹਰਚੰਦ ਸਿੰਘ ਬਾਸੀ ਇਸ ਨਾਵਲ ਦੇ ਨਿਚੋੜ ਅਰਥ ਇਸ ਸਟੋਰੀ ਰਾਹੀਂ ਸਮਝਣ ਦਾ ਯਤਨ ਕਰੋ …