ਭਾਰਤੀ ਬੈਂਕ ਹੁਣ ਮਾਲਿਆ ਦੀ ਜਾਇਦਾਦ ਨੂੰ ਕਬਜ਼ੇ ‘ਚ ਲੈ ਸਕਣਗੇ
ਲੰਡਨ/ਬਿਊਰੋ ਨਿਊਜ਼ : ਭਗੌੜੇ ਭਾਰਤੀ ਕਾਰੋਬਾਰੀ ਵਿਜੇ ਮਾਲਿਆ ਨੂੰ ਲੰਡਨ ਹਾਈਕੋਰਟ ਨੇ ਦਿਵਾਲੀਆ ਕਰਾਰ ਦੇ ਦਿੱਤਾ ਹੈ। ਜੱਜ ਮਾਈਕਲ ਬ੍ਰਿਗੇਸ ਨੇ ਲੰਡਨ ‘ਚ ਹਾਈਕੋਰਟ ਦੀ ਚਾਂਸਰੀ ਡਵੀਜ਼ਨ ਦੀ ਵਰਚੁਅਲ ਸੁਣਵਾਈ ਦੌਰਾਨ ਆਪਣੇ ਫ਼ੈਸਲੇ ‘ਚ ਵਿਜੇ ਮਾਲਿਆ ਨੂੰ ਦਿਵਾਲੀਆ ਐਲਾਨਿਆ ਹੈ।
ਇਸ ਫੈਸਲੇ ਤੋਂ ਬਾਅਦ ਭਾਰਤੀ ਬੈਂਕ ਆਸਾਨੀ ਨਾਲ ਵਿਜੇ ਮਾਲਿਆ ਦੀਆਂ ਜਾਇਦਾਦਾਂ ‘ਤੇ ਕਬਜ਼ਾ ਕਰ ਸਕਣਗੇ। ਸਟੇਟ ਬੈਂਕ ਆਫ਼ ਇੰਡੀਆ ਦੀ ਅਗਵਾਈ ਵਾਲੇ ਭਾਰਤੀ ਬੈਂਕਾਂ ਦੇ ਇਕ ਸਮੂਹ ਨੇ ਬ੍ਰਿਟਿਸ਼ ਕੋਰਟ ‘ਚ ਮਾਲਿਆ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ। ਇਸ ਪਟੀਸ਼ਨ ‘ਚ ਮਾਲਿਆ ਦੀ ਕਿੰਗਫਿਸ਼ਰ ਏਅਰਲਾਈਨਜ਼ ਨੂੰ ਦਿੱਤੇ ਕਰਜ਼ੇ ਦੀ ਵਸੂਲੀ ਲਈ ਮਾਲਿਆ ਨੂੰ ਦਿਵਾਲੀਆ ਐਲਾਨਣ ਦੀ ਮੰਗ ਕੀਤੀ ਗਈ ਸੀ।
ਮੰਨਿਆ ਜਾ ਰਿਹਾ ਹੈ ਕਿ ਮਾਲਿਆ ਦੇ ਵਕੀਲ ਜਲਦ ਹੀ ਇਸ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾਇਰ ਕਰਨਗੇ।
ਜੁਲਾਈ ਵਿਚ ਹੀ ਵਿਜੇ ਮਾਲਿਆ ਨੂੰ ਕਰਜ਼ਾ ਦੇਣ ਵਾਲੇ ਬੈਂਕਾਂ ਨੇ ਆਪਣੇ ਸ਼ੇਅਰ ਵੇਚ ਕੇ 792.12 ਕਰੋੜ ਰੁਪਏ ਪ੍ਰਾਪਤ ਕੀਤੇ ਸਨ। ਮਾਲਿਆ ਦੇ ਸ਼ੇਅਰ ਡੈਬਟ ਰਿਕਵਰੀ ਟ੍ਰਿਬਿਊਨਲ ਨੇ ਸਟੇਟ ਬੈਂਕ ਆਫ ਇੰਡੀਆ ਦੀ ਅਗਵਾਈ ਵਾਲੇ ਬੈਂਕਾਂ ਦੇ ਇਕ ਸੰਘ ਦੀ ਤਰਫੋਂ ਵੇਚੇ ਸਨ। ਇਹ ਸ਼ੇਅਰ ਮਨੀ ਲਾਂਡਰਿੰਗ ਦੇ ਇਕ ਕੇਸ ਨਾਲ ਜੁੜੇ ਸਨ। ਈ.ਡੀ. ਨੇ ਹਾਲ ਹੀ ‘ਚ ਡੀ.ਆਰ.ਟੀ. ਨੂੰ ਇਹ ਸ਼ੇਅਰ ਵੇਚਣ ਦੀ ਆਗਿਆ ਦਿੱਤੀ ਸੀ।