
ਧਮਾਕੇ ’ਚ 12 ਵਿਅਕਤੀਆਂ ਦੀ ਗਈ ਸੀ ਜਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਨਵੀਂ ਦਿੱਲੀ ਵਿਚ ਲੰਘੇ ਸੋਮਵਾਰ ਨੂੰ ਲਾਲ ਕਿਲੇ ਦੇ ਨੇੜੇ ਇਕ ਕਾਰ ਵਿਚ ਹੋਏ ਧਮਾਕੇ ਦੌਰਾਨ 12 ਵਿਅਕਤੀਆਂ ਦੀ ਜਾਨ ਚਲੇ ਗਈ ਸੀ ਅਤੇ ਕਈ ਵਿਅਕਤੀ ਜ਼ਖ਼ਮੀ ਵੀ ਹੋ ਗਏ ਸਨ। ਇਸ ਦੇ ਚੱਲਦਿਆਂ ਧਮਾਕੇ ਦੇ ਮੁੱਖ ਦੋਸ਼ੀ ਡਾਕਟਰ ਉਮਰ ਨਬੀ ਦਾ ਡੀਐਨਏ ਮੈਚ ਹੋ ਗਿਆ ਹੈ। ਜਾਂਚ ਟੀਮਾਂ ਨੇ ਕਾਰ ਵਿਚੋਂ ਉਮਰ ਦੇ ਦੰਦ, ਹੱਡੀਆਂ, ਖੂਨ ਨਾਲ ਲੱਥ-ਪੱਥ ਕੱਪੜਿਆਂ ਦੇ ਟੁਕੜੇ ਅਤੇ ਉਸਦੀ ਲੱਤ ਦਾ ਇਕ ਹਿੱਸਾ ਬਰਾਮਦ ਕੀਤਾ ਸੀ। ਇਹ ਸਾਰੇ ਨਮੂਨੇ ਉਮਰ ਦੀ ਮਾਂ ਦੇ ਡੀਐਨਏ ਨਾਲ ਮੈਚ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਜੰਮੂ ਕਸ਼ਮੀਰ ਦੇ ਪੁਲਵਾਮਾ ਦਾ ਰਹਿਣ ਵਾਲਾ ਡਾ. ਉਮਰ ਨਬੀ ਸੋਮਵਾਰ ਸ਼ਾਮ ਨੂੰ ਲਾਲ ਕਿਲ੍ਹੇ ਦੇ ਨੇੜੇ ਹੋਏ ਕਾਰ ਬੰਬ ਧਮਾਕੇ ਲਈ ਜ਼ਿੰਮੇਵਾਰ ਸੀ। ਇਸ ਦੌਰਾਨ ਜਾਂਚ ਤੋਂ ਪਤਾ ਲੱਗਾ ਹੈ ਕਿ ਉਮਰ ਕਿਸੇ ਵੱਡੇ ਹਮਲੇ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸੀ ਅਤੇ ਇਸ ਕਰਕੇ ਹੀ ਉਸ ਵਲੋਂ ਵੱਡੀ ਮਾਤਰਾ ਵਿਚ ਵਿਸਫੋਟਕ ਜਮ੍ਹਾਂ ਕੀਤਾ ਗਿਆ ਸੀ।

