ਐਮਐਸਪੀ ਕਾਨੂੰਨ ਅਤੇ ਜਾਤੀ ਜਨਗਣਨਾ ਦਾ ਵਾਅਦਾ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਆਪਣਾ ਮੈਨੀਫੈਸਟੋ ਜਾਰੀ ਕੀਤਾ ਜੋ ਪੰਜ ‘ਨਿਆਂ’ ਅਤੇ 25 ‘ਗਾਰੰਟੀਆਂ’ ਉਤੇ ਆਧਾਰਿਤ ਹੈ। ਪਾਰਟੀ ਨੇ ਇਸਦਾ ਨਾਂ ‘ਨਿਆਏ ਪੱਤਰ’ ਰੱਖਿਆ ਹੈ। ਇਹ ਚੋਣ ਮਨੋਰਥ ਪੱਤਰ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਕਾਂਗਰਸ ਦੇ ਨਵੀਂ ਦਿੱਲੀ ਸਥਿਤ ਮੁੱਖ ਦਫ਼ਤਰ ਵਿੱਚ ਜਾਰੀ ਕੀਤਾ ਗਿਆ। ਇਸ ਮੌਕੇ ਕਾਂਗਰਸ ਸੰਗਠਨ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ, ਪਾਰਟੀ ਮੈਨੀਫੈਸਟੋ ਕਮੇਟੀ ਦੇ ਮੁਖੀ ਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਸਮੇਤ ਕਈ ਹੋਰ ਸੀਨੀਅਰ ਆਗੂ ਮੌਜੂਦ ਸਨ। ਇਸ ਵਿੱਚ ਲੋਕਾਂ ਨੂੰ ਧਰਮ, ਭਾਸ਼ਾ, ਜਾਤ ਤੋਂ ਉਪਰ ਉੱਠ ਕੇ ਸਮਝਦਾਰੀ ਨਾਲ ਚੋਣ ਕਰਨ ਅਤੇ ਲੋਕਤੰਤਰੀ ਸਰਕਾਰ ਬਣਾਉਣ ਦੀ ਅਪੀਲ ਕੀਤੀ। ਕਾਂਗਰਸ ਪਾਰਟੀ ਦੇ ਮੈਨੀਫੈਸਟੋ ਵਿਚ ਮਜ਼ਦੂਰੀ 400 ਰੁਪਏ ਪ੍ਰਤੀ ਦਿਨ ਕਰਨ, ਗਰੀਬ ਪਰਿਵਾਰਾਂ ਦੀਆਂ ਮਹਿਲਾਵਾਂ ਨੂੰ ਸਾਲ ’ਚ 1 ਲੱਖ ਰੁਪਏ ਦੇਣ, ਐਮਐਸਪੀ ਨੂੰ ਕਾਨੂੰਨ ਬਣਾਉਣ ਅਤੇ ਜਾਤੀ ਜਨਗਣਨਾ ਕਰਾਉਣ ਦਾ ਜ਼ਿਕਰ ਹੈ। ਇਸਦੇ ਨਾਲ ਹੀ ਕਾਂਗਰਸ ਪਾਰਟੀ ਨੇ ਕੇਂਦਰ ਸਰਕਾਰ ਦੀਆਂ ਵੱਖ-ਵੱਖ ਖਾਲੀ 30 ਲੱਖ ਆਸਾਮੀਆਂ ਭਰਨ ਦਾ ਵੀ ਵਾਅਦਾ ਕੀਤਾ।