Breaking News
Home / ਭਾਰਤ / ਈਡੀ ਵੱਲੋਂ ਯੰਗ ਇੰਡੀਆ ਦਾ ਦਫ਼ਤਰ ਸੀਲ ਕਰਨ ’ਤੇ ਭੜਕੇ ਰਾਹੁਲ ਗਾਂਧੀ

ਈਡੀ ਵੱਲੋਂ ਯੰਗ ਇੰਡੀਆ ਦਾ ਦਫ਼ਤਰ ਸੀਲ ਕਰਨ ’ਤੇ ਭੜਕੇ ਰਾਹੁਲ ਗਾਂਧੀ

ਕਿਹਾ : ਅਸੀਂ ਮੋਦੀ ਤੋਂ ਡਰਨ ਵਾਲੇ ਨਹੀਂ, ਜੋ ਕਰਨਾ ਹੈ ਉਹ ਕਰ ਲੈਣ
ਨਵੀਂ ਦਿੱਲੀ/ਬਿਊਰੋ ਨਿਊਜ਼ : ਨੈਸ਼ਨਲ ਹੇਰਾਲਡ ਮਾਮਲੇ ਦੀ ਚੱਲ ਰਹੀ ਜਾਂਚ ਦੇ ਦੌਰਾਨ ਯੰਗ ਇੰਡੀਆ ਦਾ ਦਫ਼ਤਰ ਸੀਲ ਕੀਤੇ ਜਾਣ ਤੋਂ ਬਾਅਦ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਆਪਣੀ ਸਖਤ ਪ੍ਰਤੀਕ੍ਰਿਆ ਦਿੱਤੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਡਰਨ ਵਾਲੇ ਨਹੀਂ, ਉਨ੍ਹਾਂ ਸਾਡੇ ਖਿਲਾਫ ਜਿਹੜੀ ਵੀ ਕਾਰਵਾਈ ਕਰਨੀ ਹੈ ਉਹ ਕਰ ਲੈਣ। ਸਾਡਾ ਕੰਮ ਹੈ ਸੰਵਿਧਾਨ ਦੀ ਰੱਖਿਆ ਕਰਨਾ ਅਤੇ ਦੇਸ਼ ਦੇ ਸਨਮਾਨ ਲਈ ਲੜਨਾ। ਸਾਡੀ ਇਹ ਜੰਗ ਜਾਰੀ ਰਹੇਗੀ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਹੁਣ ਸੱਤਿਆਗ੍ਰਹਿ ਨਹੀਂ ਬਲਕਿ ਹੁਣ ਰਣ ਹੋਵੇਗਾ। ਉਧਰ ਰਾਹੁਲ ਗਾਂਧੀ ਦੇ ਬਿਆਨ ’ਤੇ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਦੇਸ਼ ਦਾ ਕਾਨੂੰਨ ਸਭ ਲਈ ਬਰਾਬਰ ਹੁੰਦਾ ਹੈ। ਉਹ ਨਾ ਕਾਂਗਰਸ ਪ੍ਰਧਾਨ ਦੇ ਲਈ ਬਦਲਿਆ ਜਾ ਸਕਦਾ ਅਤੇ ਨਾ ਹੀ ਕਾਂਗਰਸ ਦੇ ਸਾਬਕਾ ਪ੍ਰਧਾਨ ਲਈ। ਕਾਂਗਰਸੀ ਆਗੂ ਹੁਣ ਭਾਰਤ ਦੇ ਕਾਨੂੰਨ ਨਾਲ ਭਿੜਨਾ ਚਾਹੁੰਦੇ ਹਨ ਪ੍ਰੰਤੂ ਉਨ੍ਹਾਂ ਨੂੰ ਕਾਨੂੰਨ ਨਾਲ ਭਿੜਨ ਨਹੀਂ ਦਿੱਤਾ ਜਾਵੇਗਾ ਅਤੇ ਨਾ ਹੀ ਉਨ੍ਹਾਂ ਨੂੰ ਭੱਜਣ ਦਿੱਤਾ ਜਾਵੇਗਾ। ਧਿਆਨ ਰਹੇ ਕਿ ਲੰਘੇ ਕੱਲ੍ਹ ਈਡੀ ਨੇ ਦਿੱਲੀ ਦੀ ਹੇਰਾਲਡ ਬਿਲਡਿੰਗ ਸਥਿਤ ਯੰਗ ਇੰਡੀਆ ਦੇ ਦਫ਼ਤਰ ਨੂੰ ਸੀਲ ਕਰ ਦਿੱਤਾ ਸੀ। ਮਨੀ ਲਾਂਡਰਿੰਗ ਦੇ ਮਾਮਲੇ ’ਚ ਈਡੀ ਵੱਲੋਂ ਇਹ ਕਾਰਵਾਈ ਕੀਤੀ ਗਈ ਸੀ। ਯੰਗ ਇੰਡੀਆ ਪ੍ਰਾਈਵੇਟ ਲਿਮਟਿਡ ਦਾ ਦਫ਼ਤਰ ਸੀਲ ਕੀਤੇ ਜਾਣ ਤੋਂ ਬਾਅਦ ਕਾਂਗਰਸੀ ਆਗੂ ਰਾਹੁਲ ਗਾਂਧੀ ਆਪਣਾ ਕਰਨਾਟਕ ਦੌਰਾ ਛੱਡ ਦਿੱਲੀ ਪਰਤ ਆਏ ਸਨ।

 

Check Also

ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਤੀ ਨਸੀਹਤ

ਕਿਹਾ : ਹਾਈਵੇਅ ਨਾ ਰੋਕੇ ਅਤੇ ਲੋਕਾਂ ਦੀਆਂ ਸਹੂਲਤਾਂ ਦਾ ਰੱਖੋ ਧਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ …