Breaking News
Home / ਕੈਨੇਡਾ / Front / ਪੰਜਾਬ ਸਰਕਾਰ ਨੇ ਸ਼ਹੀਦੀ ਸਭਾ ਵਿਚ ਮਾਤਮੀ ਬਿਗੁਲ ਵਜਾਉਣ ਦਾ ਫੈਸਲਾ ਲਿਆ ਵਾਪਸ

ਪੰਜਾਬ ਸਰਕਾਰ ਨੇ ਸ਼ਹੀਦੀ ਸਭਾ ਵਿਚ ਮਾਤਮੀ ਬਿਗੁਲ ਵਜਾਉਣ ਦਾ ਫੈਸਲਾ ਲਿਆ ਵਾਪਸ

ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਸਨਮਾਨ ਵਜੋਂ ਸ਼ਹੀਦੀ ਸ਼ਭਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮਾਤਮੀ ਬਿਗੁਲ ਵਜਾਉਣ ਦਾ ਫੈਸਲਾ ਕੀਤਾ ਸੀ। ਇਹ ਮਾਤਮੀ ਬਿਗੁਲ 10 ਮਿੰਟ ਲਈ ਵਜਾਇਆ ਜਾਣਾ ਸੀ। ਇਸ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਉਤੇ ਇਤਰਾਜ ਜਤਾਇਆ ਕਿ ਇਹ ਗੁਰ ਮਰਿਆਦਾ ਅਨੁਸਾਰ ਨਹੀਂ ਹੈ ਅਤੇ ਪੰਜਾਬ ਸਰਕਾਰ ਨੂੰ ਇਹ ਫੈਸਲਾ ਰੱਦ ਕਰਨਾ ਚਾਹੀਦਾ ਹੈ। ਇਸਦੇ ਚੱਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦੀ ਸਭਾ ਮੌਕੇ ਮਾਤਮੀ ਬਿਗੁਲ ਵਜਾਉਣ ਦਾ ਫੈਸਲਾ ਵਾਪਸ ਲੈ ਲਿਆ ਹੈ। ਇਸ ਤੋਂ ਪਹਿਲਾਂ  ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੌਰਾਨ 27 ਦਸੰਬਰ ਨੂੰ ‘ਮਾਤਮੀ ਬਿਗੁਲ’ ਵਜਾਉਣ ਦੇ ਫੈਸਲੇ ਨੂੰ ਗੁਰਮਤਿ ਮਰਿਆਦਾ ਦੇ ਵਿਰੁੱਧ ਕਰਾਰ ਦਿੱਤਾ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਦੀ ਸ਼ਹਾਦਤ ਮਾਤਮ ਜਾਂ ਸੋਗ ਦਾ ਨਹੀਂ ਸਗੋਂ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਸਾਹਿਬਜ਼ਾਦਿਆਂ ਨੇ ਹੱਕ, ਸੱਚ ਅਤੇ ਧਰਮ ਖ਼ਾਤਰ ਆਪਣੇ ਆਪ ਨੂੰ ਕੁਰਬਾਨ ਕਰਨ ਦਾ ਫੈਸਲਾ ਲੈ ਕੇ ਦੁਨੀਆਂ ਦੇ ਇਤਿਹਾਸ ’ਚ ਲਾਸਾਨੀ ਅਤੇ ਵਿਲੱਖਣ ਪੈੜ ਪਾਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿੱਖ ਇਤਿਹਾਸ ਅਤੇ ਸਿਧਾਤਾਂ ਦੀ ਭਾਵਨਾ ਨੂੰ ਦਰਕਿਨਾਰ ਨਾ ਕਰਨ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਦੇ ਸ਼ਹੀਦ ਕੌਮ ਲਈ ਪ੍ਰੇਰਨਾ ਸਰੋਤ ਹਨ ਜਿਨ੍ਹਾਂ ਨੂੰ ਕੌਮ ਰੋਜ਼ਾਨਾ ਅਰਦਾਸ ਵਿੱਚ ਯਾਦ ਕਰਕੇ ਸ਼ਕਤੀ ਅਤੇ ਅਗਵਾਈ ਪ੍ਰਾਪਤ ਕਰਦੀ ਹੈ ਪਰ ਮੁੱਖ ਮੰਤਰੀ ਵੱਲੋਂ ਇਨ੍ਹਾਂ ਸ਼ਹਾਦਤਾਂ ਨੂੰ ਮਾਤਮ ਅਤੇ ਸੋਗ ਦੀ ਘਟਨਾ ਵਜੋਂ ਉਭਾਰਿਆ ਜਾਣਾ ਸਿੱਖ ਇਤਿਹਾਸ ਅਤੇ ਗੁਰਮਤਿ ਪ੍ਰੰਪਰਾ ਦੇ ਅਨੁਕੂਲ ਨਹੀਂ ਹੈ। ਇਸ ਵਾਸਤੇ ਉਨ੍ਹਾਂ ਮੁੱਖ ਮੰਤਰੀ ਤੋਂ ਮਾਤਮੀ ਬਿਗੁਲ ਵਜਾਉਣ ਦਾ ਇਹ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ ਸੀ।

Check Also

ਜ਼ਿਮਨੀ ਚੋਣਾਂ: ਪੰਜਾਬ ਵਿਚ ‘ਆਪ’ ਤਿੰਨ ਤੇ ਕਾਂਗਰਸ ਇਕ ਸੀਟ ‘ਤੇ ਕਾਬਜ਼

ਗਿੱਦੜਬਾਹਾ ਤੋਂ ਡਿੰਪੀ ਢਿੱਲੋਂ, ਡੇਰਾ ਬਾਬਾ ਨਾਨਕ ਤੋਂ ਗੁਰਦੀਪ ਰੰਧਾਵਾ, ਚੱਬੇਵਾਲ ਤੋਂ ਇਸ਼ਾਂਕ ਅਤੇ ਬਰਨਾਲਾ …