
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਾਰੋਬਾਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਉਦਯੋਗਿਕ ਖੇਤਰ ਲਈ ਸੈਕਟਰ ਵਾਰ ਕਮੇਟੀਆਂ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਚੰਡੀਗੜ੍ਹ ਵਿਚ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਨਅਤਕਾਰਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਆ ਰਹੀਆਂ ਸਨ, ਜਿਨ੍ਹਾਂ ਬਾਰੇ ਉਹ ਸਨਅਤਕਾਰ ਮਿਲਣੀ ’ਚ ਵਿਚਾਰ-ਵਟਾਂਦਰਾ ਕਰਦੇ ਸਨ। ਇਸ ਲਈ ਸਰਕਾਰ ਨੇ ਹਰ ਸੈਕਟਰ ਦੀ ਇਕ ਕਮੇਟੀ ਅਤੇ ਕਮੇਟੀ ਦਾ ਚੇਅਰਮੈਨ ਬਣਾਉਣ ਦਾ ਫੈਸਲਾ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਸਿੱਖਿਆ ਦੇ ਖੇਤਰ ਵਿਚ ਵੀ ਬਹੁਤ ਅੱਗੇ ਜਾ ਰਿਹਾ ਹੈ ਅਤੇ ਨੈਸ਼ਨਲ ਸਰਵੇ ਵਿਚ ਪਹਿਲੀ ਵਾਰੀ ਪੰਜਾਬ ਨੰਬਰ ਇਕ ’ਤੇ ਆਇਆ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਵਸੂਲੀ ਸਿਸਟਮ ਚੱਲਦਾ ਸੀ ਅਤੇ ਕਾਰੋਬਾਰੀਆਂ ਨੂੰ ਤੰਗ ਪ੍ਰੇਸ਼ਾਨ ਕਰਕੇ ਹਿੱਸੇ ਲਏ ਜਾਂਦੇ ਸਨ। ਇਸ ਤੋਂ ਤੰਗ ਹੋ ਕੇ ਹੌਲੀ-ਹੌਲੀ ਇੰਡਸਟਰੀ ਪੰਜਾਬ ਤੋਂ ਬਾਹਰ ਚਲੀ ਗਈ ਸੀ ਅਤੇ ਹੁਣ ਅਜਿਹਾ ਨਹੀਂ ਹੋਵੇਗਾ।

