
ਆਮ ਆਦਮੀ ਪਾਰਟੀ ਨੇ ਕਿਹਾ ਅਰਜੁਨ ਚੌਟਾਲਾ ਨੂੰ ਨਾ ਤਮੀਜ਼ ਅਤੇ ਨਾ ਗਿਆਨ
ਚੰਡੀਗੜ੍ਹ/ਬਿਊਰੋ ਨਿਊਜ਼
ਹਰਿਆਣਾ ਵਿਚ ਸਿਰਸਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਰਾਨੀਆ ਤੋਂ ਇੰਡੀਅਨ ਨੈਸ਼ਨਲ ਲੋਕ ਦਲ ਦੇ ਵਿਧਾਇਕ ਅਰਜੁਨ ਚੌਟਾਲਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਹੈ। ਭਿਵਾਨੀ ਦੇ ਬਵਾਨੀਖੇੜਾ ਵਿਚ ਦੌਰਾ ਕਰਨ ਪਹੁੰਚੇ ਅਰਜੁਨ ਚੌਟਾਲਾ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਪਿਆਕੜ ਕਾਂ ਹੈ। ਉਨ੍ਹਾਂ ਕਿਹਾ ਕਿ ਸੀਐਮ ਮਾਨ ਨੂੰ ਹੋਸ਼ ਵਿਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਪਤਾ ਨਹੀਂ ਹੈ ਕਿ ਉਹ ਕਿਹੜੀ ਗੱਲ ਕਰ ਦੇਵੇ। ਅਰਜੁਨ ਚੌਟਾਲਾ ਨੇ ਕਿਹਾ ਕਿ ਇਕ ਬੇਵੜਾ ਵਿਅਕਤੀ ਸੂਬੇ ਨੂੰ ਚਲਾ ਰਿਹਾ ਹੈ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਇਨੈਲੋ ਦੇ ਵਿਧਾਇਕ ਅਰਜੁਨ ਚੌਟਾਲਾ ਦੀ ਆਲੋਚਨਾ ਕੀਤੀ ਹੈ ਅਤੇ ਕਿਹਾ ਕਿ ਅਰਜੁਨ ਚੌਟਾਲਾ ਕੋਲ ਨਾ ਕੋਈ ਗਿਆਨ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਤਮੀਜ਼ ਹੈ। ਇਸੇ ਦੌਰਾਨ ਹਰਿਆਣਾ ਵਿਚ ‘ਆਪ’ ਦੇ ਪ੍ਰਧਾਨ ਸੁਸ਼ੀਲ ਗੁਪਤਾ ਨੇ ਵੀ ਆਰੋਪ ਲਗਾਇਆ ਕਿ ਅਰਜੁਨ ਚੌਟਾਲਾ ਨੌਕਰੀਆਂ ਵਿਚ ਭਿ੍ਰਸ਼ਟਾਚਾਰ ਦੇ ਮਾਮਲੇ ’ਚ ਜੇਲ੍ਹ ਜਾ ਚੁੱਕੇ ਹਨ।

