ਆਸਟ੍ਰੇਲੀਆ ਨੇ 16 ਸਾਲ ਤੱਕ ਦੇ ਬੱਚਿਆਂ ‘ਤੇ ਸੋਸ਼ਲ ਮੀਡੀਆ ਵਰਤਣ ਉੱਤੇ ਰੋਕ ਲਗਾਈ ਤਾਂ ਪੂਰੀ ਦੁਨੀਆ ਵਿਚ ਇਸ ਵਿਸ਼ੇ ‘ਤੇ ਚਰਚਾ ਚੱਲ ਪਈ। ਆਸਟ੍ਰੇਲੀਆ ਤੋਂ ਬਾਅਦ ਇਹੀ ਕਦਮ ਸਪੇਨ, ਫਰਾਂਸ, ਗ੍ਰੀਸ, ਨੌਰਵੇ ਜਿਹੇ ਮੁਲਕਾਂ ਨੇ ਚੁੱਕਿਆ। ਸਾਊਥ ਕੋਰੀਆ ਨੇ ਇਸ ਦੀ ਵਰਤੋਂ ਨੂੰ ਸਮਾਂ-ਬੱਧ ਕੀਤਾ ਹੈ। ਦੇਰ ਰਾਤ ਨੂੰ ਬੱਚੇ ਇਸ ਦੀ ਵਰਤੋਂ ਨਹੀਂ ਕਰ ਸਕਦੇ। ਇਸੇ ਤਰ੍ਹਾਂ ਅਮਰੀਕਾ ਦੇ ਕੁਝ ਰਾਜਾਂ ਨੇ ਕੁਝ ਬੰਦਸ਼ਾਂ ਲਗਾਈਆਂ ਹਨ ਅਤੇ ਕੁਝ ਨੇ ਅਜਿਹਾ ਕਰਨ ਲਈ ਸੁਝਾਅ ਦਿੱਤੇ ਹਨ। ਤਾਜ਼ਾ ਖ਼ਬਰਾਂ ਭਾਰਤ ਨਾਲ ਸੰਬੰਧਤ ਹਨ। ਇਕ ਪਿਤਾ ਨੇ ਆਪਣੀਆਂ ਧੀਆਂ ਤੋਂ ਮੋਬਾਇਲ ਫ਼ੋਨ ਲੈ ਲਿਆ। ਤਿੰਨ ਧੀਆਂ ਨੇ ਉੱਚੀ ਇਮਾਰਤ ਤੋਂ ਛਾਲ ਮਾਰ ਕੇ ਜੀਵਨ-ਲੀਲਾ ਸਮਾਪਤ ਕਰ ਲਈ। ਇਹ ਘਟਨਾ ਗਾਜ਼ੀਆਬਾਦ ਦੀ ਹੈ। ਹਿਮਾਚਲ ਦੇ ਮੁੱਖ ਮੰਤਰੀ ਨੇ ਸਖ਼ਤ ਫ਼ੈਸਲਾ ਲੈਂਦਿਆਂ ਸਰਕਾਰੀ ਅਤੇ ਗ਼ੈਰ-ਸਰਕਾਰੀ ਸਕੂਲਾਂ ਵਿਚ ਫ਼ੋਨ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਜੇਕਰ ਕਿਸੇ ਵਿਦਿਆਰਥੀ ਕੋਲੋਂ ਸਕੂਲ ਸਮੇਂ ਦੌਰਾਨ ਫ਼ੋਨ ਮਿਲਦਾ ਹੈ ਤਾਂ ਉਸ ਨੂੰ ਜੁਰਮਾਨਾ ਲਗਾਇਆ ਜਾਵੇਗਾ। ਇਹ ਫ਼ੈਸਲਾ ਪਹਿਲੀ ਮਾਰਚ 2026 ਤੋਂ ਲਾਗੂ ਹੋਵੇਗਾ।
ਇਸ ਦਾ ਮਕਸਦ ਪੜ੍ਹਾਈ ਪ੍ਰਤੀ ਵਿਦਿਆਰਥੀਆਂ ਦੀ ਇਕਾਗਰਤਾ ਨੂੰ ਵਧਾਉਣਾ ਦੱਸਿਆ ਗਿਆ ਹੈ। ਇਹ ਬੈਨ ਸਮਾਰਟ ਘੜੀਆਂ, ਟੈਬਲੇਟ ਅਤੇ ਹੈੱਡਫ਼ੋਨਾਂ ‘ਤੇ ਵੀ ਲਾਗੂ ਹੋਵੇਗਾ। ਮਨੋਵਿਗਿਆਨੀ ਦੱਸਦੇ ਹਨ ਕਿ ਸਮਾਰਟ ਫ਼ੋਨ ‘ਤੇ ਜਦੋਂ ਬੱਚੇ ਵੱਖ-ਵੱਖ ਤਰ੍ਹਾਂ ਦੀਆਂ ਗੇਮਾਂ ਖੇਡਦੇ ਹਨ ਤਾਂ ਦਿਮਾਗ਼ ਵਿਚੋਂ ਡੋਪਾਮਾਈਨ ਹਾਰਮੋਨ (ਖ਼ੁਸ਼ੀ ਪੈਦਾ ਕਰਨ ਵਾਲਾ) ਰਲੀਜ਼ ਹੁੰਦਾ ਹੈ। ਨਤੀਜੇ ਵਜੋਂ ਉਹ ਲੰਮਾ ਸਮਾਂ ਗੇਮਾਂ ਖੇਡਣ ਵਿਚ ਰੁੱਝੇ ਰਹਿੰਦੇ ਹਨ ਅਤੇ ਅਸਲ ਜੀਵਨ ਨਾਲੋਂ, ਅਸਲ ਖ਼ੁਸ਼ੀ ਨਾਲੋਂ ਟੁੱਟਦੇ ਜਾਂਦੇ ਹਨ।
ਉਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਾਲੀ ਘਟਨਾ ਤੋਂ ਪਹਿਲਾਂ ਭੁਪਾਲ ਦੇ ਇਕ ਲੜਕੇ ਨੇ ਫ਼ੋਨ ਗੇਮਾਂ ਉੱਤੇ ਆਪਣੇ ਆਪ ਨੂੰ ਖ਼ਤਮ ਕਰ ਲਿਆ ਸੀ। ਤਾਮਿਲਨਾਡੂ ਅਤੇ ਦਿੱਲੀ ਵਿਚ ਵੀ ਇਸੇ ਤਰ੍ਹਾਂ ਵਾਪਰਿਆ ਸੀ। ਤੇਲੰਗਾਨਾ ਦੇ ਇਕ 13 ਸਾਲ ਦੇ ਬੱਚੇ ਨੇ ਪੱਬਜੀ ਖੇਡ ਕਾਰਨ ਖ਼ੁਦਕੁਸ਼ੀ ਕੀਤੀ ਸੀ। ਮਾਂ-ਪਿਉ ਉਸ ਨੂੰ ਫ਼ੋਨ ‘ਤੇ ਗੇਮਾਂ ਖੇਡਣ ਤੋਂ ਰੋਕਦੇ ਸਨ। ਹਰਿਆਣਾ, ਗੁਜਰਾਤ ਅਤੇ ਉਤਰਾਖੰਡ ਵਿਚ ਵੀ ਅਜਿਹੀਆਂ ਵਾਰਦਾਤਾਂ ਅਖ਼ਬਾਰ ਦੀਆਂ ਸੁਰਖੀਆਂ ਬਣ ਚੁੱਕੀਆਂ ਹਨ।
ਦੋ ਵੱਡੇ ਸਵਾਲ ਦੁਨੀਆ ਸਾਹਮਣੇ ਉੱਭਰ ਆਏ ਹਨ। ਮਾਪੇ ਅਜਿਹੀ ਸਥਿਤੀ ਵਿਚ ਕੀ ਕਰਨ ? ਕਿਸ ਤਰ੍ਹਾਂ ਵਿਵਹਾਰ ਕਰਨ ਕਿ ਬੱਚਿਆਂ ਨੂੰ ਅਜਿਹੇ ਕਦਮ ਚੁੱਕਣ ਤੋਂ ਬਚਾਇਆ ਜਾ ਸਕੇ ? ਜਾਂ ਸਮਾਂ ਰਹਿੰਦੇ ਸਰਕਾਰਾਂ ਆਸਟ੍ਰੇਲੀਆ, ਸਪੇਨ, ਫਰਾਂਸ, ਗ੍ਰੀਸ ਅਤੇ ਨੌਰਵੇ ਵਰਗੇ ਸਖ਼ਤ ਫ਼ੈਸਲੇ ਕਰਨ ?
ਮਾਪਿਆਂ ਨੂੰ ਚੌਕਸ ਰਹਿਣਾ ਹੀ ਪਵੇਗਾ। ਬੱਚਿਆਂ ਦੇ ਬਦਲਦੇ ਸੁਭਾਅ, ਵਿਵਹਾਰ ਅਤੇ ਸਕਰੀਨ ਟਾਈਮ ‘ਤੇ ਨਜ਼ਰ ਰੱਖਣੀ ਹੋਵੇਗੀ। ਸਮਾਰਟ ਫ਼ੋਨ ‘ਤੇ ਉਹ ਕੀ ਵੇਖਦੇ ਹਨ, ਵਧੇਰੇ ਸਮਾਂ ਕਿੰਝ ਬਿਤਾਉਂਦੇ ਹਨ, ਇਹ ਵੇਖਣਾ ਸਮਝਣਾ ਹੋਵੇਗਾ। ਜੇ ਸੁਭਾਅ ਚਿੜਚੜਾ ਅਤੇ ਗ਼ੁੱਸੇ ਵਾਲਾ ਹੋ ਰਿਹਾ ਹੈ ਤਾਂ ਉਸ ਨੂੰ ਕਲਪਨਾ ਦੀ ਦੁਨੀਆ ‘ਚੋਂ ਕੱਢ ਕੇ ਅਸਲ ਜੀਵਨ ਨਾਲ ਜੋੜਨਾ ਹੋਵੇਗਾ। ਡਾਕਟਰ ਜਾਂ ਮਾਹਰ ਦੀ ਮਦਦ ਲੈਣੀ ਪਵੇਗੀ। ਉਸ ਨੂੰ ਖੁੱਲ੍ਹੇ ਅਸਮਾਨ ਹੇਠ ਸਾਥੀਆਂ ਨਾਲ ਰਲ ਕੇ ਖੇਡੀਆਂ ਜਾਣ ਵਾਲੀਆਂ ਖੇਡਾਂ ਨਾਲ ਜੋੜਨਾ ਹੋਵੇਗਾ। ਉਸ ਨਾਲ ਗੱਲਬਾਤ ਕਰਦਿਆਂ ਸਮਾਂ ਬਿਤਾਉਣਾ ਜ਼ਰੂਰੀ ਹੈ। ਅਚਾਨਕ ਪਾਬੰਦੀ ਜਾਂ ਅਚਾਨਕ ਸਖ਼ਤੀ ਨਾਲ ਮਾਮਲਾ ਵਿਗੜ ਸਕਦਾ ਹੈ। ਸਮਾਰਟ ਫ਼ੋਨ ਦਾ ਬਦਲ ਜ਼ਰੂਰੀ ਹੈ। ਬਦਲਵਾਂ ਮਨੋਰੰਜਨ, ਬਦਲਵਾਂ ਮਾਹੌਲ। ਸ਼ੌਕ ਤੇ ਸਿਰਜਣਾਤਮਕ ਰੁਝੇਵੇਂ। ਉਤਸ਼ਾਹ ਤੇ ਹੱਲਾਸ਼ੇਰੀ। ਪ੍ਰਸੰਸਾ ਤੇ ਪ੍ਰੇਰਨਾ। ਅਜਿਹਾ ਕਰਕੇ ਮਾਪੇ ਕਾਫ਼ੀ ਹੱਦ ਤਕ ਬੱਚਿਆਂ ਦਾ ਸਕਰੀਨ-ਸਮਾਂ ਘਟਾ ਸਕਦੇ ਹਨ।
ਬੀਤੇ ਦਿਨੀਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਦਿਆਰਥੀ ਤਕਨੀਕ ਦੇ ਗੁਲਾਮ ਨਾ ਬਣਨ। ਮੈਰੀ ਵੇਅਨਰਚੈਕ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਦੀ ਲਤ ਨਸ਼ਿਆਂ ਨਾਲੋਂ ਵੀ ਬੁਰੀ ਹੈ। ਅਜਿਹੇ ਮਾਹੌਲ ਵਿਚ ਬੱਚਿਆਂ ਅਤੇ ਵਿਦਿਆਰਥੀਆਂ ਦੀ ਮਾਨਸਿਕ ਤੰਦਰੁਸਤੀ ਨੂੰ ਲੈ ਕੇ ਚਿੰਤਾਵਾਂ ਵੱਧਦੀਆਂ ਜਾ ਰਹੀਆਂ ਹਨ। ਹਰ ਕੋਈ, ਕੀ ਵੱਡਾ ਕੀ ਛੋਟਾ ਸਮਾਰਟ ਫ਼ੋਨ ਦੀ ਸਕਰੀਨ ਵਿਚ ਉਲਝਿਆ ਹੋਇਆ ਹੈ। ਸਮਾਰਟ ਫ਼ੋਨ ਹੁਣ ਕੇਵਲ ਫ਼ੋਨ ਕਰਨ ਅਤੇ ਫ਼ੋਨ ਸੁਣਨ ਲਈ ਹੀ ਨਹੀਂ ਵਰਤਿਆ ਜਾਂਦਾ। ਫ਼ੋਨ ਕਰਨ ਅਤੇ ਫ਼ੋਨ ਸੁਣਨ ਵਿਚ ਤਾਂ ਸ਼ਾਇਦ ਦਿਨ ਦੇ ਦਸ ਮਿੰਟ ਹੀ ਲੱਗਦੇ ਹੋਣਗੇ। ਪਰ ਅੰਕੜੇ ਦੱਸਦੇ ਹਨ ਕਿ ਬੱਚੇ ਅਤੇ ਆਮ ਇਨਸਾਨ ਸਮਾਰਟ ਫ਼ੋਨ ਦੇ ਸਕਰੀਨ ‘ਤੇ ਦਿਨ ਦੇ ਚਾਰ ਪੰਜ ਘੰਟੇ ਬਤੀਤ ਕਰ ਰਹੇ ਹਨ।
ਸਮਾਰਟ ਫ਼ੋਨ ਦੀ ਲਤ ਨੂੰ ਵੇਖਦੇ ਹੋਏ ਮੋਗਾ ਦੇ ਪਿੰਡ ਘੋਲ਼ੀਆ ਖੁਰਦ ਵਿਖੇ ਇਕ ਦਿਲਚਸਪ ਮੁਕਾਬਲਾ ਕਰਵਾਇਆ ਗਿਆ ਤੇ ਜੇਤੂਆਂ ਨੂੰ ਸਾਈਕਲ ਅਤੇ ਪੈਸੇ ਇਨਾਮ ਵਜੋਂ ਵੰਡੇ ਗਏ। ਮੁਕਾਬਲੇ ਦਾ ਸਿਰਲੇਖ ਸੀ ‘ਬਿਨਾਂ ਫ਼ੋਨ ਤੋਂ ਵਿਹਲੇ ਬੈਠਣ ਦਾ ਮੁਕਾਬਲਾ’। ਕੋਈ ਸਮਾਂ-ਸੀਮਾ ਨਹੀਂ ਰੱਖੀ ਗਈ ਸੀ। ਇਸ ਮੁਕਾਬਲੇ ਵਿਚ 55 ਜਣਿਆਂ ਨੇ ਹਿੱਸਾ ਲਿਆ। ਕੁਝ ਸਖ਼ਤ ਸ਼ਰਤਾਂ ਸਨ। ਸਮਾਰਟ ਫ਼ੋਨ ਦੀ ਲਤ ਨੂੰ ਘਟਾਉਣ ਲਈ, ਇਸ ਪ੍ਰਤੀ ਲੋਕਾਂ ਦਾ ਧਿਆਨ ਆਕਰਸ਼ਿਤ ਕਰਨ ਲਈ ਵਿਹਲੇ ਬੈਠਣਾ ਸੀ। ਸਮਾਰਟ ਫ਼ੋਨ ਦੀ ਵਰਤੋਂ ਨਹੀਂ ਕਰਨੀ ਸੀ। ਸੌਣਾ ਨਹੀਂ ਸੀ, ਇਧਰ ਉਧਰ ਨਹੀਂ ਜਾਣਾ ਸੀ। ਇਸ ਮੁਕਾਬਲੇ ਵਿਚ ਕਈ ਜਣੇ ਕਾਮਯਾਬ ਹੋਏ ਅਤੇ ਲਗਾਤਾਰ 31 ਘੰਟੇ ਸਮਾਰਟ ਫ਼ੋਨ ਤੋਂ ਦੂਰ ਰਹੇ। ਇਸ ਸਮੇਂ ਦੌਰਾਨ ਉਹ ਕਿਤਾਬਾਂ ਪੜ੍ਹਦੇ ਰਹੇ, ਮੈਡੀਟੇਸ਼ਨ ਕਰਦੇ ਰਹੇ। ਤਾਜ਼ਾ ਅੰਕੜਿਆਂ ਅਨੁਸਾਰ 60 ਪ੍ਰਤੀਸ਼ਤ ਤੋਂ ਵਧੇਰੇ ਬੱਚੇ, ਜਿਨ੍ਹਾਂ ਦੀ ਉਮਰ 5 ਤੋਂ 16 ਸਾਲ ਦਰਮਿਆਨ ਹੈ, ਨੂੰ ਸਮਾਰਟ ਫ਼ੋਨ ਦੀ ਲਤ ਲੱਗ ਚੁੱਕੀ ਹੈ।
11-14 ਸਾਲ ਦੇ 91 ਪ੍ਰਤੀਸ਼ਤ ਬੱਚਿਆਂ ਕੋਲ ਫ਼ੋਨ ਅਤੇ ਇੰਟਰਨੈੱਟ ਦੀ ਸਹੂਲਤ ਹੈ। ਇਸ ਉਮਰ ਵਰਗ ਦੇ ਬੱਚੇ ਰੋਜ਼ਾਨਾ 4 ਤੋਂ 6 ਘੰਟੇ ਸਮਾਰਟ ਫ਼ੋਨ ਦੀ ਵਰਤੋਂ ਕਰਦੇ ਹਨ। ਭਾਰਤ ਵਿਚ 64 ਪ੍ਰਤੀਸ਼ਤ ਬੱਚਿਆਂ ਨੂੰ ਸਮਾਰਟ ਫ਼ੋਨ ਦੀ ਲਤ ਲੱਗ ਚੁੱਕੀ ਹੈ ਅਤੇ ਇਹ ਔਸਤਨ 4-5 ਘੰਟੇ ਫ਼ੋਨ ‘ਤੇ ਰੁੱਝੇ ਰਹਿੰਦੇ ਹਨ। ਬਹੁਤੇ ਮੁਲਕਾਂ ਵਿਚ ਇਹ ਪ੍ਰਤੀਸ਼ਤ ਭਾਰਤ ਨਾਲੋਂ ਕਾਫ਼ੀ ਘੱਟ ਹੈ।
ਮਾਹਰ ਮੰਨਦੇ ਹਨ ਕਿ 13 ਸਾਲ ਦੀ ਉਮਰ ਤੋਂ ਪਹਿਲਾਂ ਸਮਾਰਟ ਫ਼ੋਨ ਦੀ ਵਰਤੋਂ ਵਧੇਰੇ ਨੁਕਸਾਨਦਾਇਕ ਹੈ। ਇਸ ਨਾਲ ਅਨੇਕਾਂ ਤਰ੍ਹਾਂ ਦੀਆਂ ਮਾਨਸਿਕ ਸਮੱਸਿਆਵਾਂ ਪੈਦਾ ਹੋਣ ਦੀ ਸੰਭਾਵਨਾ ਰਹਿੰਦੀ ਹੈ। ਉਪਰੋਕਤ ਵਰਗਾਂ ਦੇ ਬੱਚਿਆਂ ਵਿਚੋਂ ਵਧੇਰੇ ਸਮਾਰਟ ਫ਼ੋਨ ‘ਤੇ ਗੇਮਾਂ ਖੇਡਣ ਨੂੰ ਤਰਜੀਹ ਦਿੰਦੇ ਹਨ।
ਵੇਖਣ ਵਿਚ ਆਇਆ ਹੈ ਕਿ ਅਜਿਹੇ ਬੱਚੇ ਚਿੰਤਾ, ਡਰ ਅਤੇ ਉਦਾਸੀ ਦਾ ਸ਼ਿਕਾਰ ਹੁੰਦੇ ਹਨ। ਚਾਲੀ ਪ੍ਰਤੀਸ਼ਤ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਾਹਠ ਪ੍ਰਤੀਸ਼ਤ ਨੂੰ ਗੂੜ੍ਹੀ ਨੀਂਦ ਲੈਣ ਵਿਚ ਦਿੱਕਤ ਆਉਣ ਲੱਗਦੀ ਹੈ। ਚਾਲੀ ਪ੍ਰਤੀਸ਼ਤ ਅੱਖਾਂ ਦੀਆਂ ਪ੍ਰੇਸ਼ਾਨੀਆਂ ਵਿਚ ਘਿਰ ਜਾਂਦੇ ਹਨ ਅਤੇ ਏਨੇ ਹੀ ਗਰਦਨ ਅਤੇ ਮੋਢਿਆਂ ਦੇ ਦਰਦ ਕਾਰਨ ਪ੍ਰੇਸ਼ਾਨ ਰਹਿੰਦੇ ਹਨ। 67 ਪ੍ਰਤੀਸ਼ਤ ਅਧਿਆਪਕਾਂ ਦਾ ਮੰਨਣਾ ਹੈ ਕਿ ਸਮਾਰਟ ਫ਼ੋਨ ਦੀ ਵਜ੍ਹਾ ਕਰਕੇ ਵਧੇਰੇ ਬੱਚਿਆਂ ਦੀ ਕਲਾਸ ਰੂਮ ਅਤੇ ਇਮਤਿਹਾਨਾਂ ਵਿਚ ਕਾਰਗੁਜ਼ਾਰੀ ਪ੍ਰਭਾਵਿਤ ਹੋ ਰਹੀ ਹੈ।
-ਪ੍ਰੋ. ਕੁਲਬੀਰ ਸਿੰਘ
ਸਮਾਰਟ ਫ਼ੋਨ : ਬੱਚਿਆਂ ਦਾ ਭਵਿੱਖ ਦਾਅ ‘ਤੇ
RELATED ARTICLES

