Breaking News
Home / ਸੰਪਾਦਕੀ / ਸੰਸਾਰ ਪੱਧਰ ‘ਤੇ ਵਧੀਆਂ ਵਾਤਾਵਰਨ ਚੁਣੌਤੀਆਂ

ਸੰਸਾਰ ਪੱਧਰ ‘ਤੇ ਵਧੀਆਂ ਵਾਤਾਵਰਨ ਚੁਣੌਤੀਆਂ

ਸੰਸਾਰ ਪੱਧਰ ‘ਤੇ ਪਿਛਲੇ ਦਿਨੀਂ ਮਨਾਏ ਗਏ ਵਾਤਾਵਰਨ ਦਿਵਸ ਵਿਚ ਵੱਖ-ਵੱਖ ਪੱਧਰਾਂ ‘ਤੇ ਜੋ ਵਿਚਾਰ-ਵਟਾਂਦਰੇ ਹੋਏ ਹਨ, ਉਨ੍ਹਾਂ ਤੋਂ ਇਹੀ ਸਿੱਟਾ ਨਿਕਲਦਾ ਹੈ ਕਿ ਵਾਤਾਵਰਨ ਨਾਲ ਸੰਬੰਧਿਤ ਚੁਣੌਤੀਆਂ ਘੱਟ ਨਹੀਂ ਹੋਈਆਂ, ਸਗੋਂ ਇਨ੍ਹਾਂ ਦਾ ਆਕਾਰ ਹੋਰ ਵੱਡਾ ਹੋਇਆ ਹੈ। ਵਾਤਾਵਰਨ ਦੇ ਵਧਦੇ ਪ੍ਰਦੂਸ਼ਣ ਦਾ ਪ੍ਰਭਾਵ ਮੌਸਮਾਂ ਦੇ ਬਦਲਾਅ ਤੋਂ ਇਲਾਵਾ ਪਹਾੜਾਂ ‘ਤੇ ਵਧਦੇ ਪਲਾਸਟਿਕ ਕੂੜੇ ਅਤੇ ਸਾਗਰਾਂ ਵਿਚ ਪਾਣੀ ਦੇ ਉੱਚੇ ਹੋ ਰਹੇ ਪੱਧਰ ਦੇ ਰੂਪ ਵਿਚ ਵੀ ਦੇਖਿਆ ਜਾ ਸਕਦਾ ਹੈ। ਸੰਸਾਰ ਪੱਧਰ ‘ਤੇ ਜਿੰਨੇ ਵੀ ਸਰਵੇਖਣ ਹਾਲ ਦੇ ਸਾਲਾਂ ਵਿਚ ਪਲਾਸਟਿਕ ਕੂੜੇ ਨੂੰ ਲੈ ਕੇ ਹੋਏ ਹਨ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਵਿਚ ਇਸ ਦਾ ਵੱਡਾ ਹਿੱਸਾ ਹੈ। ਸਮੱਸਿਆ ਇਹ ਵੀ ਹੈ ਕਿ ਦੁਨੀਆ ਦੇ ਸਭ ਵਿਕਸਿਤ ਅਤੇ ਜ਼ਿਆਦਾਤਰ ਵਿਕਾਸਸ਼ੀਲ ਦੇਸ਼ ਇਸ ਮਾਮਲੇ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਤਾਂ ਪ੍ਰਗਟ ਕਰਦੇ ਹਨ ਪਰ ਕਿਸੇ ਹੱਲ ਤੱਕ ਪੁੱਜਣ ਦੀ ਥਾਂ ਇਸ ਸੰਬੰਧੀ ਜ਼ਿੰਮੇਵਾਰੀ ਲਈ ਇਕ-ਦੂਜੇ ‘ਤੇ ਹੀ ਉਂਗਲੀਆਂ ਚੁੱਕਦੇ ਦਿਖਾਈ ਦਿੰਦੇ ਹਨ। ਇਸ ਦਾ ਨਤੀਜਾ ਇਹ ਨਿਕਲਿਆ ਹੈ ਕਿ ‘ਮਰਜ਼ ਵਧਦਾ ਗਿਆ ਜਿਉਂ-ਜਿਉਂ ਦਵਾ ਕੀ’ ਦੇ ਮੁਹਾਵਰੇ ਅਨੁਸਾਰ ਇਹ ਸਮੱਸਿਆ ਹੋਰ ਵੱਧਦੀ ਗਈ ਹੈ ਅਤੇ ਇਸ ਦਾ ਬੁਰਾ ਪ੍ਰਭਾਵ ਪੂਰੇ ਸੰਸਾਰ ਨੂੰ ਆਪਣੇ ਘੇਰੇ ਵਿਚ ਲੈਂਦਾ ਜਾ ਰਿਹਾ ਹੈ।
ਵਾਤਾਵਰਨ ਦੇ ਵਧਦੇ ਪ੍ਰਦੂਸ਼ਣ ਅਤੇ ਇਸ ਦੇ ਬੁਰੇ ਪ੍ਰਭਾਵਾਂ ਦਾ ਸਾਹਮਣਾ ਉਂਝ ਤਾਂ ਸੰਸਾਰ ਦੇ ਸਭ ਦੇਸ਼ ਬਹੁਤ ਲੰਮੇ ਸਮੇਂ ਤੋਂ ਕਰਦੇ ਆ ਰਹੇ ਹਨ ਪਰ ਪਿਛਲੀ ਸਦੀ ਦੇ ਦੂਜੇ ਅੱਧ ਦੌਰਾਨ ਇਸ ਸਮੱਸਿਆ ਦਾ ਆਕਾਰ ਅਮੀਬਾ ਦੀ ਤਰ੍ਹਾਂ ਵਧਿਆ ਹੈ। ਬਿਨਾਂ ਸ਼ੱਕ ਇਸ ਦੀ ਵੱਡੀ ਜ਼ਿੰਮੇਵਾਰੀ ਵਿਕਸਿਤ ਦੇਸ਼ਾਂ ‘ਤੇ ਪੈਂਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਾਤਾਵਰਨ ਦਿਵਸ ‘ਤੇ ਉਲਾਂਭਾ ਦਿੱਤਾ ਹੈ ਕਿ ਕੁਝ ਵਿਕਸਿਤ ਦੇਸ਼ਾਂ ਦੀ ਸੀਨਾਜ਼ੋਰੀ ਦਾ ਖਮਿਆਜ਼ਾ ਦੁਨੀਆ ਦੇ ਗ਼ਰੀਬ ਦੇਸ਼ਾਂ ਨੂੰ ਭੁਗਤਣਾ ਪੈ ਰਿਹਾ ਹੈ। ਇਹ ਇਕ ਕੌੜਾ ਸੱਚ ਹੈ ਕਿ ਵਿਕਸਿਤ ਦੇਸ਼ ਹੀ ਵਾਤਾਵਰਨ ਦੇ ਵਿਗਾੜ ਲਈ ਜ਼ਿਆਦਾ ਜ਼ਿੰਮੇਵਾਰ ਹਨ। ਸਥਿਤੀਆਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੁਨੀਆ ਪੱਧਰ ‘ਤੇ ਜਾਗਰੂਕਤਾ ਪੈਦਾ ਕਰਨ ਦੇ ਇਰਾਦੇ ਨਾਲ ਸਾਲ 1973 ਵਿਚ ਸੰਯੁਕਤ ਰਾਸ਼ਟਰ ਦੀ ਅਗਵਾਈ ਵਿਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਜਾਣ ਲੱਗਿਆ ਸੀ, ਪਰ ਪੰਜ ਦਹਾਕਿਆਂ ਤੋਂ ਜ਼ਿਆਦਾ ਸਮਾਂ ਲੰਘ ਜਾਣ ਤੋਂ ਬਾਅਦ ਵੀ ਇਸ ਸਮੱਸਿਆ ਦੇ ਹੱਲ ਦੀ ਕੋਈ ਆਸ ਨਹੀਂ ਜਾਗੀ। ਇਕ ਤਰ੍ਹਾਂ ਨਾਲ ਵਾਤਾਵਰਨ ਦਿਵਸ ਮਨਾਉਣਾ ਵੀ ਇਕ ਰਸਮ ਬਣ ਕੇ ਰਹਿ ਗਿਆ ਹੈ। ਭਾਵੇਂ ਵਾਤਾਵਰਨ ਦੇ ਵਿਗਾੜ ਵਿਚ ਸਭ ਤੋਂ ਜ਼ਿਆਦਾ ਯੋਗਦਾਨ ਪਲਾਸਟਿਕ ਕੂੜੇ ਦਾ ਹੀ ਹੈ ਪਰ ਪਲਾਸਟਿਕ ਦੀ ਵਰਤੋਂ ਵਿਰੁੱਧ ਸਭ ਤਰ੍ਹਾਂ ਦੀਆਂ ਮੁਹਿੰਮਾਂ ਅਤੇ ਕੋਸ਼ਿਸ਼ ਦੇ ਬਾਵਜੂਦ ਇਸ ਦੀ ਵਰਤੋਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਸਮੱਸਿਆ ਦਾ ਸਭ ਤੋਂ ਜ਼ਿਆਦਾ ਚਿੰਤਾ ਵਾਲਾ ਪੱਖ ਇਹ ਹੈ ਕਿ ਜੇ ਵਾਤਾਵਰਨ ਪ੍ਰਦੂਸ਼ਣ ਦਾ ਵਧਣਾ ਜਾਰੀ ਰਹਿੰਦਾ ਹੈ ਤਾਂ ਅਗਲੀਆਂ ਪੀੜ੍ਹੀਆਂ ਨੂੰ ਤਪਦੀ ਹੋਈ ਧਰਤੀ ਅਤੇ ਅੱਗ ਉਗਲਦਾ ਆਕਾਸ਼ ਹੀ ਮਿਲਣ ਵਾਲਾ ਹੈ।
ਬਿਨਾਂ ਸ਼ੱਕ ਜੇਕਰ ਮੌਜੂਦਾ ਸੰਸਾਰ ਨੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵਿਰਾਸਤ ਵਿਚ ਇਕ ਹਰੀ ਭਰੀ ਅਤੇ ਸੰਤੁਲਿਤ ਵਾਤਾਵਰਨ ਵਾਲੀ ਧਰਤੀ ਸੌਂਪ ਕੇ ਜਾਣਾ ਹੈ, ਤਾਂ ਇਸ ਲਈ ਸਾਰੇ ਦੇਸ਼ਾਂ ਤੇ ਜਾਗਰੂਕ ਲੋਕਾਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਸਭ ਤੋਂ ਵੱਡੀ ਜ਼ਰੂਰਤ ਪਲਾਸਟਿਕ ਅਤੇ ਪੋਲੀਥੀਨ ਦੀ ਵਰਤੋਂ ਨੂੰ ਬੰਦ ਕਰਨ ਦੀ ਹੈ। ਅਗਲੇ ਸਾਲਾਂ ਵਿਚ ਵਿਸ਼ਵ ਪੱਧਰ ‘ਤੇ ਸਾਲਾਨਾ 370 ਲੱਖ ਟਨ ਤੱਕ ਪਲਾਸਟਿਕ ਕਚਰਾ ਪੈਦਾ ਹੋਣ ਲੱਗੇਗਾ। ਭਾਰਤ ਵਿਚ ਇਸ ਸਮੇਂ ਵੀ 94 ਲੱਖ ਟਨ ਤੋਂ ਵਧੇਰੇ ਕਚਰਾ ਹਰ ਸਾਲ ਪੈਦਾ ਹੁੰਦਾ ਹੈ। ਸਮੁੰਦਰਾਂ ਵਿਚ ਇਹ ਕੂੜਾ ਪਾਣੀ ਵਿਚ ਰਹਿਣ ਵਾਲੇ ਜੀਵਾਂ ਲਈ ਖ਼ਤਰਾ ਬਣਦਾ ਹੈ ਤੇ ਵਾਤਾਵਰਨ ਵਿਚ ਪ੍ਰਦੂਸ਼ਣ ਵੀ ਵਧਾਉਂਦਾ ਹੈ। ਗ੍ਰੀਨ ਹਾਊਸ ਗੈਸਾਂ ‘ਤੇ ਰੋਕ ਲਗਾਉਣ ਦੇ ਨਾਲ-ਨਾਲ ਜਿਥੋਂ ਤੱਕ ਸੰਭਵ ਹੋਵੇ ਨਵਿਆਉਣ ਯੋਗ ਊਰਜਾ ਦਾ ਉਤਪਾਦਨ ਵਧਾਉਣਾ ਵੀ ਬੇਹੱਦ ਜ਼ਰੂਰੀ ਹੈ। ਵਾਤਾਵਰਨ ਲਈ ਜੰਗਲਾਂ ਨੂੰ ਵਧਾਉਣਾ ਵੱਧ ਤੋਂ ਵੱਧ ਰੁੱਖ ਲਗਾਉਣਾ ਵੀ ਜ਼ਰੂਰੀ ਹੋਵੇਗਾ। ਇਕ ਹੋਰ ਵੱਡਾ ਉਪਾਅ ਜੋ ਮੌਜੂਦਾ ਦੌਰ ਵਿਚ ਮਨੁੱਖ ਨੂੰ ਕਰਨਾ ਚਾਹੀਦਾ ਹੈ ਉਹ ਹੈ ਮੀਂਹ ਦੇ ਪਾਣੀ ਨੂੰ ਵੱਧ ਤੋਂ ਵੱਧ ਮਾਤਰਾ ਵਿਚ ਸੰਭਾਲਣਾ। ਕੁਦਰਤੀ ਖੇਤੀ ‘ਤੇ ਨਿਰਭਰਤਾ ਵਧਾ ਕੇ ਵੀ ਅਸੀਂ ਆਪਣੇ ਵਾਤਾਵਰਨ ਨੂੰ ਸੁਰੱਖਿਆ ਪ੍ਰਦਾਨ ਕਰ ਸਕਦੇ ਹਾਂ। ਰਸਾਇਣਕ ਖਾਦਾਂ ਦੀ ਵਰਤੋਂ ਤੋਂ ਸੰਕੋਚ ਕਰਕੇ ਖੇਤੀ ਸੁਧਾਰਾਂ ਨੂੰ ਵਿਸਤਾਰ ਦਿੱਤਾ ਜਾ ਸਕਦਾ ਹੈ। ਇਹ ਉਪਾਅ ਕਰਕੇ ਬਿਨਾਂ ਸ਼ੱਕ ਅਸੀਂ ਆਪਣੀ ਧਰਤੀ, ਆਪਣੇ ਆਕਾਸ਼ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਕ ਬਿਹਤਰ ਭਵਿੱਖ ਦੇ ਸਕਦੇ ਹਾਂ।

Check Also

ਨਹੀਂ ਰੁਕ ਰਿਹਾ ਇਜ਼ਰਾਈਲ-ਹਮਾਸ ਯੁੱਧ

ਲਗਭਗ 7 ਮਹੀਨੇ ਪਹਿਲਾਂ ਸ਼ੁਰੂ ਹੋਈ ਇਜ਼ਰਾਈਲ-ਹਮਾਸ ਜੰਗ ਵਿਚ ਛੋਟੀ ਜਿਹੀ ਗਾਜ਼ਾ ਪੱਟੀ, ਜਿਸ ਵਿਚ …