13.8 C
Toronto
Tuesday, March 10, 2026
spot_img
Homeਸੰਪਾਦਕੀਅਖ਼ਬਾਰਾਂ ਪੱਤਰਕਾਰੀ ਦੀ ਬੁਨਿਆਦ ਹਨ

ਅਖ਼ਬਾਰਾਂ ਪੱਤਰਕਾਰੀ ਦੀ ਬੁਨਿਆਦ ਹਨ

ਇਕ ਪ੍ਰਸਿੱਧ ਟੈਲੀਵਿਜ਼ਨ ਐਂਕਰ ਦੀ ਵੀਡੀਓ ਵੇਖ ਰਿਹਾ ਸਾਂ। ਉਹ ਕਹਿ ਰਿਹਾ ਸੀ ਅਖ਼ਬਾਰਾਂ ਪੱਤਰਕਾਰੀ ਦੀ ਬੁਨਿਆਦ ਹਨ। ਆਤਮਾ ਹਨ। ਜੇ ਤੁਸੀਂ ਖ਼ੁਦ ਨੂੰ ਅਪਡੇਟ ਰੱਖਣਾ ਚਾਹੁੰਦੇ ਹੋ ਤਾਂ ਅਖ਼ਬਾਰਾਂ ਤੋਂ ਬਿਹਤਰ ਕੋਈ ਮਾਧਿਅਮ ਨਹੀਂ। ਅਖ਼ਬਾਰਾਂ ਜਾਣਕਾਰੀ ਦੀ ਯੂਨੀਵਰਸਿਟੀ ਹਨ। ਇਹ ਗੱਲ ਹਰ ਕੋਈ ਮੰਨਦਾ ਸਮਝਦਾ ਹੈ। ਟੈਲੀਵਿਜ਼ਨ ਚੈਨਲਾਂ ਵਾਲੇ ਵੀ, ਡਿਜ਼ੀਟਲ ਮੀਡੀਆ ਵਾਲੇ ਵੀ, ਪਾਠਕ ਦਰਸ਼ਕ ਵੀ।
ਅੱਜ ਖ਼ਬਰਾਂ ਦੀ ਜਾਨ ਨਿਕਲ ਗਈ ਹੈ। ਖ਼ਬਰ ਕੇਵਲ ਅਖ਼ਬਾਰਾਂ ਵਿਚ ਵੀ ਬਚੀ ਹੈ। ਅਖ਼ਬਾਰ ਬਹੁਤ ਮਹੱਤਵਪੂਰਨ ਹੈ। ਡਿਜ਼ੀਟਲ ਤੋਂ ਇਕ ਸੁਰਖੀ ਪੜ੍ਹ ਕੇ ਲੋਕ ਸਮਝਦੇ ਹਨ ਕਿ ਖ਼ਬਰ ਪੜ੍ਹ ਲਈ ਹੈ। ਪਰ ਉਥੇ ਖ਼ਬਰ ਕਿੱਥੇ ਹੈ? ਖ਼ਬਰ ਤਾਂ ਅਖ਼ਬਾਰਾਂ ਦੇ ਪੰਨਿਆ ‘ਤੇ ਪਈ ਹੈ।
ਅਖ਼ਬਾਰਾਂ ਨੀਂਹ ਦਾ ਪੱਥਰ ਅਤੇ ਪੱਤਰਕਾਰੀ ਦਾ ਆਧਾਰ ਇਸ ਲਈ ਵੀ ਹਨ ਕਿ ਇਹ ਖ਼ਬਰਾਂ, ਜਾਣਕਾਰੀ ਅਤੇ ਵਿਚਾਰਾਂ ਦੇ ਨਾਲ ਨਾਲ ਜ਼ਿੰਦਗੀ ਦੇ ਹਰੇਕ ਮਹੱਤਵਪੂਰਨ ਪੱਖ ਤੇ ਪਹਿਲੂ ਦੀ ਗੱਲ ਕਰਦੀਆਂ ਹਨ। ਲੋਕਾਂ ਨੂੰ ਜਾਗ੍ਰਿਤ ਕਰਦਿਆਂ ਸਹਿਜ ਢੰਗ ਨਾਲ ਸੰਤੁਲਿਤ ਜਾਣਕਾਰੀ ਮੁਹੱਈਆ ਕਰਦੀਆਂ ਹਨ।
ਅੱਜ ਹਰ ਕੋਈ ਹਰ ਵੇਲੇ ਵੱਖ-ਵੱਖ ਤਰ੍ਹਾਂ ਦੀ ਪੱਤਰਕਾਰੀ ਦੇ ਸੰਪਰਕ ਵਿਚ ਹੈ। ਟੈਲੀਵਿਜ਼ਨ ਹੈ, ਰੇਡੀਓ ਹੈ, ਸੋਸ਼ਲ ਮੀਡੀਆ ਹੈ, ਅਖ਼ਬਾਰਾਂ ਹਨ, ਡਿਜ਼ੀਟਲ ਮੀਡੀਆ ਹੈ, ਮੈਗ਼ਜੀਨ ਹਨ, ਆਨਲਾਈਨ ਸ਼੍ਰੇਣੀ ਵਿਚ ਨਵੇਂ ਨਵੇਂ ਰੂਪ ਹੋਂਦ ਵਿਚ ਆ ਰਹੇ ਹਨ। ਅਸੀਂ ਸੂਚਨਾ-ਕ੍ਰਾਂਤੀ ਦੇ ਦੌਰ ਵਿਚ ਜੀਅ ਰਹੇ ਹਾਂ। ਪਰ ਕਿਸੇ ਮਾਹਿਰ ਦੁਆਰਾ ਅਖ਼ਬਾਰ ਵਿਚ ਲਿਖਿਆ ਗਿਆ ਆਰਟੀਕਲ ਅੱਜ ਵੀ ਓਨਾ ਹੀ ਮਹੱਤਵਪੂਰਨ ਹੈ ਜਿੰਨਾ ਪਹਿਲਾਂ ਹੁੰਦਾ ਸੀ। ਕਿਸੇ ਪ੍ਰਤੀਬੱਧ ਪੱਤਰਕਾਰ ਦੁਆਰਾ ਤਿਆਰ ਕੀਤੀ ਗਈ ਅਖ਼ਬਾਰ ਦੀ ਸੁਰਖੀ ਤੇ ਸਟੋਰੀ ਓਨੀ ਹੀ ਅਹਿਮ ਹੈ ਜਿੰਨੀ ਦਹਾਕਿਆਂ ਪਹਿਲਾਂ ਹੁੰਦੀ ਸੀ।
ਅਖ਼ਬਾਰੀ ਪੱਤਰਕਾਰੀ ਭਰੋਸੇ ਤੇ ਵਿਸ਼ਵਾਸ ‘ਤੇ ਟਿਕੀ ਹੈ। ਨੈਤਿਕ ਕਦਰਾਂ-ਕੀਮਤਾਂ, ਮਰਯਾਦਾ ਅਤੇ ਭਰੋਸੇਯੋਗਤਾ ਦੇ ਥੰਮ੍ਹ ਇਸਦਾ ਮਜ਼ਬੂਤ ਸਹਾਰਾ ਹਨ। ਸਟੀਕਤਾ ਨਿਰਪੱਖਤਾ, ਪਾਰਦਰਸ਼ਤਾ ਤੇ ਜਵਾਬਦੇਹੀ ਇਨ੍ਹਾਂ ਥੰਮ੍ਹਾਂ ਦੀਆਂ ਸ਼ਾਖਾਵਾਂ ਦੀ ਭੂਮਿਕਾ ਨਿਭਾਉਂਦੇ ਹਨ। ਸੰਪਾਦਕੀ ਨੀਤੀ ਅਖ਼ਬਾਰਾਂ ਦੀ ਸ਼ਕਤੀ ਬਣਦੀ ਹੈ। ਸੂਚਨਾ-ਕ੍ਰਾਂਤੀ ਦੇ ਇਸ ਦੌਰ ਵਿਚ ਭਰੋਸੇਯੋਗਤਾ ਬੜੀ ਵੱਡੀ ਤਾਕਤ ਹੈ।
ਇਕ ਪਾਸੇ ਪੱਤਰਕਾਰੀ ਦੀ ਮਰਯਾਦਾ ਹੈ ਦੂਸਰੇ ਪਾਸੇ ਫਰਜ਼ੀ ਖ਼ਬਰਾਂ ਦਾ ਬੋਲਬਾਲਾ ਹੈ। ਉਲਾਰ ਤੇ ਪੱਖਪਾਤੀ ਰੁਝਾਨ ਹੈ। ਤਰ੍ਹਾਂ-ਤਰ੍ਹਾਂ ਦੇ ਦਬਾਅ ਹਨ। ਤਰ੍ਹਾਂ-ਤਰ੍ਹਾਂ ਦੀਆਂ ਚੁਣੌਤੀਆਂ ਹਨ। ਇਸ ਸੱਭ ਕੁਝ ਦੇ ਬਾਵਜੂਦ ਅਖ਼ਬਾਰਾਂ ਸਮਾਜ ਪ੍ਰਤੀ, ਲੋਕਾਂ ਪ੍ਰਤੀ ਆਪਣੀ ਬਣਦੀ ਜ਼ਿੰਮੇਵਾਰੀ ਨਿਭਾ ਰਹੀਆਂ ਹਨ। ਤਕਨੀਕ ਦੇ ਇਸ ਦੌਰ ਵਿਚ ਅਖ਼ਬਾਰਾਂ ਵੀ ਤਕਨੀਕੀ ਤੌਰ ‘ਤੇ ਬਹੁਤ ਤਰੱਕੀ ਕਰ ਗਈਆਂ ਹਨ। ਡਾਟਾ ਐਨਾਲਿਟਿਕਸ ਅਤੇ ਡਿਜ਼ੀਟਲ ਪਲੇਟਫਾਰਮ ਜਿਹੀਆਂ ਅਤਿ-ਆਧੁਨਿਕ ਸਹੂਲਤਾਂ ਦੀ ਆਮਦ ਨਾਲ ਕ੍ਰਾਂਤੀਕਾਰੀ ਤਬਦੀਲੀਆਂ ਆਈਆਂ ਹਨ। ਅਜੋਕੇ ਡਿਜ਼ੀਟਲ ਸਮਿਆਂ ਵਿਚ ਅਖ਼ਬਾਰਾਂ ਨੂੰ ਪ੍ਰਸੰਗਕ ਤੇ ਪ੍ਰਭਾਵੀ ਬਣਾਈ ਰੱਖਣ ਲਈ ਲੋੜੀਂਦੇ ਬਦਲਾਅ ਜ਼ਰੂਰੀ ਹੋ ਗਏ ਹਨ।
ਇੰਟਰਨੈਟ ਅਤੇ ਐਪ ਦੀ ਸਹੂਲਤ ਨਾਲ ਅਖ਼ਬਾਰਾਂ ਅੱਜ ਦੇਸ਼ ਅਤੇ ਦੁਨੀਆਂ ਦੇ ਪਾਠਕਾਂ ਤੱਕ ਪਹੁੰਚ ਰਹੀਆਂ ਹਨ। ਆਨਲਾਈਨ ਅਡੀਸ਼ਨ ਕਿਉਂਕਿ ਪੂਰੀ ਦੁਨੀਆਂ ਤੱਕ ਪਹੁੰਚਦਾ ਹੈ ਇਸ ਲਈ ਉਸਦੇ ਪਾਠਕਾਂ ਦਾ ਦਾਇਰਾ ਤੇਜ਼ੀ ਨਾਲ ਵਧ ਰਿਹਾ ਹੈ। ਅਖ਼ਬਾਰਾਂ ਸਥਾਨਕ, ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਲੋਕਾਂ ਦੀ ਰਾਏ ਨੂੰ ਪ੍ਰਭਾਵਤ ਕਰਨ, ਬਦਲਣ ਵਿਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ।
ਅਖ਼ਬਾਰਾਂ ਸਮਾਜਕ, ਸਭਿਆਚਾਰਕ, ਪਰਿਵਾਰਕ ਅਤੇ ਰਾਜਨੀਤਕ ਮੁੱਦਿਆਂ ਮਸਲਿਆਂ ‘ਤੇ ਸੰਜੀਦਾ ਤੇ ਸੰਤੁਲਿਤ ਵਿਚਾਰ-ਚਰਚਾ ਕਰਵਾਉਣ ਵਿਚ ਵੀ ਅੱਗੇ ਹਨ। ਪਾਠਕ ਇਨ੍ਹਾਂ ਨਾਲ ਭਾਵਨਾਤਮਕ ਪੱਧਰ ‘ਤੇ ਇਕ ਸਾਂਝ, ਇਕ ਜੜਾਅ ਮਹਿਸੂਸ ਕਰਦੇ ਹਨ।
ਇਸ਼ਤਿਹਾਰਬਾਜ਼ੀ ਪੱਖੋਂ ਵੀ ਹੋਰ ਕੋਈ ਮਾਧਿਅਮ ਅਖ਼ਬਾਰਾਂ ਜਿੰਨਾ ਕਾਰਗਰ ਤੇ ਪ੍ਰਭਾਵਸ਼ਾਲੀ ਨਹੀਂ ਕਿਉਂ ਕਿ ਅਖ਼ਬਾਰ ਸਿੱਧੀ ਸੰਬੰਧਤ ਖਿੱਤੇ ਅਤੇ ਲੋਕਾਂ ਤੱਕ ਪਹੁੰਚ ਯਕੀਨੀ ਬਣਾਉਂਦੀ ਹੈ। ਮਨੁੱਖੀ ਮਨ ‘ਤੇ ਜੋ ਪ੍ਰਭਾਵ ਲਿਖਤੀ ਸਮੱਗਰੀ ਦਾ ਪੈਂਦਾ ਹੈ ਉਹ ਸਕਰੀਨ ਤੇ ਵੇਖਣ ਪੜ੍ਹਨ ਨਾਲ ਨਹੀਂ ਪੈਂਦਾ। ਅਖ਼ਬਾਰ ਦੀ ਪਹੁੰਚ ਉਨ੍ਹਾਂ ਲੋਕਾਂ ਤੱਕ ਵੀ ਹੁੰਦੀ ਹੈ ਜਿਹੜੇ ਤਕਨੀਕੀ ਮੁਹਾਰਤ ਨਹੀਂ ਰੱਖਦੇ। ਜਿਹੜੇ ਇੰਟਰਨੈਟ, ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰਦੇ।
ਪ੍ਰਿੰਟ ਰੂਪ ਵਿਚ ਸਮੱਗਰੀ ਨੂੰ ਪੜ੍ਹਨਾ, ਸਮਝਣਾ ਤੇ ਸੰਭਾਲਣਾ ਆਸਾਨ ਹੁੰਦਾ ਹੈ। ਆਰਾਮਦਾਇਕ ਹੁੰਦਾ ਹੈ। ਚੰਗਾ ਲੱਗਦਾ ਹੈ। ਅਜੋਕੇ ਡਿਜ਼ੀਟਲ ਦੌਰ ਵਿਚ ਅਖ਼ਬਾਰਾਂ ਦੀ ਸਫ਼ਲਤਾ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਸਾਹਮਣੇ ਆਈਆਂ ਹਨ। ‘ਦਾ ਨਿਊਯਾਰਕ ਟਾਈਮਜ਼’ ਅਜਿਹੀ ਅਖ਼ਬਾਰ ਹੈ ਜਿਸਨੇ ਪ੍ਰਿੰਟ ਰੂਪ ਵਿਚ ਵੀ ਆਪਣੀ ਸਰਕੂਲੇਸ਼ਨ ਨੂੰ ਬਰਕਰਾਰ ਰੱਖਿਆ ਹੈ ਅਤੇ ਆਨਲਾਈਨ ਪਾਠਕ-ਗਿਣਤੀ ਨੂੰ ਵੀ ਲਗਾਤਾਰ ਵਧਾਇਆ ਹੈ। ਅੱਜ ਦੇ ਤੇਜ਼ ਤਰਾਰ ਤਕਨੀਕੀ ਸਮੇਂ ਵਿਚ ਭਾਵੇਂ ਡਿਜ਼ੀਟਲ ਮੀਡੀਆ ਦੇ ਮਹੱਤਵ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਪਰੰਤੂ ਪ੍ਰਿੰਟ ਮੀਡੀਆ ਦੀ ਭੂਮਿਕਾ ਨੂੰ ਵੀ ਘਟਾ ਕੇ ਨਹੀਂ ਵੇਖਿਆ ਜਾ ਸਕਦਾ।
ਦਰਅਸਲ ਸਮਾਂ ਦੋਹਾਂ ਦੇ ਸੁਮੇਲ ਦਾ ਹੈ। ਡਿਜ਼ੀਟਲ ਮੀਡੀਆ ‘ਤੇ ਇਕ ਪੰਛੀ ਝਾਤ ਮਾਰਨ ਬਾਅਦ ਵਿਸਥਾਰ ਤੇ ਅਸਲੀਅਤ ਜਾਨਣ ਲਈ ਅਖ਼ਬਾਰ ਦੇ ਪੰਨਿਆ ‘ਤੇ ਜਾਣਾ ਪੈਂਦਾ ਹੈ। ਇੰਝ ਕਰਕੇ ਹੀ ਅਸੀਂ ਖ਼ਬਰ ਨੂੰ, ਦੁਨੀਆਂ ਨੂੰ ਸਹੀ ਤਰ੍ਹਾਂ ਸਮਝ ਸਕਦੇ ਹਾਂ।
– ਪ੍ਰੋ. ਕੁਲਬੀਰ ਸਿੰਘ

RELATED ARTICLES
POPULAR POSTS