Breaking News
Home / ਸੰਪਾਦਕੀ / ਸਿਹਤ ਸੰਭਾਲ ਦੇ ਮਾਮਲੇ ‘ਚ ਭਾਰਤ ਦੀ ਬਦਤਰ ਸਥਿਤੀ

ਸਿਹਤ ਸੰਭਾਲ ਦੇ ਮਾਮਲੇ ‘ਚ ਭਾਰਤ ਦੀ ਬਦਤਰ ਸਥਿਤੀ

ਸਿਹਤ ਸੇਵਾਵਾਂ ਨਾਲ ਜੁੜੇ ਹਰੇਕ ਪੈਮਾਨੇ ਉਤੇ ਭਾਰਤ ਦੁਨੀਆਂ ਦੇ ਅਤਿ ਪੱਛੜੇ ਦੇਸ਼ਾਂ ਦੀ ਕਤਾਰ ਵਿਚ ਖੜ੍ਹਾ ਦਿਖਾਈ ਦੇ ਰਿਹਾ ਹੈ। ਭਾਰਤ ਵਿਚ ਜਨਮ ਸਮੇਂ ਹੋਣ ਵਾਲੇ ਛੋਟੇ ਬੱਚਿਆਂ ਦੀਆਂ ਪ੍ਰਤੀ ਹਜ਼ਾਰ ਵਿੱਚ ਮੌਤਾਂ ਦੀ ਗਿਣਤੀ 52 ਹੈ ਜਦਕਿ ਭੁੱਖਮਰੀ ਦੀ ਕਤਾਰ ਵਿੱਚ ਖੜ੍ਹੇ ਦੇਸ਼ ਸ਼੍ਰੀਲੰਕਾ ਦੇ ਲੋਕਾਂ ਵਿਚ ਇਹ ਗਿਣਤੀ 51 ਹੈ। ਗਰੀਬ ਦੇਸ਼ ਨੇਪਾਲ ਚ ਇਹ ਗਿਣਤੀ 38 ਹੈ। ਜਦਕਿ ਭੂਟਾਨ ਵਿੱਚ 41 ਅਤੇ ਛੋਟੇ ਜਿਹੇ ਦੇਸ਼ ਮਾਲਦੀਪ ਚ ਇਹ ਗਿਣਤੀ 20 ਹੈ। ਇਸ ਤਰ੍ਹਾਂ ਵਿਕਸਤ ਦੇਸ਼ਾਂ ਵਿਚ ਪ੍ਰਤੀ ਹਜ਼ਾਰ ਲੋਕਾਂ ਲਈ ਹਸਪਤਾਲਾਂ ਵਿੱਚ ਬਿਸਤਰਿਆਂ ਦੀ ਗਿਣਤੀ 23 ਹੈ ਜਦਕਿ ਭਾਰਤ ਵਿਚ ਪ੍ਰਤੀ ਹਜ਼ਾਰ ਪਿੱਛੇ 0.7 ਹੀ ਹੈ। ਜਦਕਿ ਭਾਰਤ ਦੇ ਗੁਆਂਢੀ ਦੇਸ਼ ਚੀਨ ਚ ਇਹ ਅੰਕੜਾ 3.8 ਅਤੇ ਸ਼੍ਰੀਲੰਕਾ ਵਿੱਚ 2.6 ਹੈ।
ਪਿਛਲੀ ਲੱਗਭਗ ਪੌਣੀ ਸਦੀ ਵਿਚ ਬਿਹਤਰ ਸਿਹਤ ਸੇਵਾਵਾਂ ਦੇਣ ਦੇ ਨਾਂਅ ਉੱਤੇ ਭਾਰਤ ਵਿਚ ਪ੍ਰਾਈਵੇਟ ਸਿਹਤ ਸੁਵਿਧਾ ਉਦਯੋਗ ਵਧ ਫੁਲ ਰਿਹਾ ਹੈ। ਇਹ ਉਦਯੋਗ ਦੇਸ਼ ਵਿਚ ਚੱਲ ਰਹੀਆਂ ਜਨ ਸਿਹਤ ਸੇਵਾਵਾਂ ਨੂੰ ਮਿੱਧ ਕੇ ਅੱਗੇ ਵਧਣ ਦਾ ਕੰਮ ਕਰ ਰਿਹਾ ਹੈ। ਵੱਡੇ-ਵੱਡੇ ਮਹਿੰਗੇ ਨਿੱਜੀ ਹਸਪਤਾਲ ਖੜ੍ਹੇ ਹੋ ਗਏ ਹਨ। ਪਰ ਦੂਜੇ ਪਾਸੇ ਤਹਿਸੀਲ ਅਤੇ ਬਲਾਕ ਪੱਧਰ ਉੱਤੇ ਜੋ ਸਰਕਾਰੀ ਹਸਪਤਾਲ ਹੈ, ਉੱਥੇ ਨਾ ਸਪੈਸ਼ਲਿਸਟ ਡਾਕਟਰ ਹਨ, ਨਾ ਸਿਹਤ ਕਰਮਚਾਰੀ ਹਨ ਅਤੇ ਨਾ ਹੀ ਹੋਰ ਜ਼ਰੂਰੀ ਸਿਹਤ ਸਹੂਲਤਾਂ ਹਨ। ਉਂਜ ਦਵਾਈਆਂ ਵੀ ਇਹੋ ਜਿਹੀਆਂ ਮਿਲਦੀਆਂ ਹਨ, ਜੋ ਮਰੀਜ਼ ਨੂੰ ਠੀਕ ਕਰਨ ਦੀ ਬਜਾਏ ਹੋਰ ਬੀਮਾਰੀਆਂ ਪੈਦਾ ਕਰਦੀਆਂ ਹਨ। ਦੂਜੀ ਗੱਲ ਇਹ ਵੀ ਹੈ ਕਿ ਪਿੰਡਾਂ ਵਿੱਚ ਐਲੋਪੈਥੀ ਹਸਪਤਾਲਾਂ ਤੋਂ ਇਲਾਵਾ ਚੱਲਣ ਵਾਲੇ ਹੋਮਿਓਪੈਥੀ, ਯੂਨਾਨੀ ਅਯੁਰਵੈਦਿਕ, ਕੁਦਰਤੀ ਚਿਕਤਸਾ ਅਤੇ ਯੋਗ ਜਿਹੀਆਂ ਕਾਰਗਰ ਚਿਕਿੱਤਸਾਵਾਂ ਵਾਲੇ ਸਰਕਾਰੀ ਹਸਪਤਾਲਾਂ ਦੀ ਵੀ ਵੱਡੀ ਕਮੀ ਹੈ। ਇੱਥੋਂ ਤੱਕ ਕਿ ਪੇਂਡੂ ਖੇਤਰਾਂ ਦੇ ਸਿਹਤ ਕੇਂਦਰਾਂ ਅਤੇ ਉਨ੍ਹਾਂ ਸਿਹਤ ਕੇਂਦਰਾਂ ਨੂੰ ਨਾ ਵਿਸਥਾਰ ਦੇਣ ਦਾ ਕੋਈ ਯਤਨ ਹੋ ਰਿਹਾ ਹੈ ਅਤੇ ਨਾ ਹੀ ਇਹਨਾਂ ਦੀਆਂ ਖਾਮੀਆਂ ਦੂਰ ਕੀਤੀਆਂ ਜਾਂਦੀਆ ਹਨ। ਸਿੱਟੇ ਵਜੋਂ ਇਹਨਾਂ ਸਿਹਤ ਕੇਂਦਰਾਂ ਵਿੱਚ ਗਰੀਬ ਆਦਮੀ ਦਾ ਇਲਾਜ ਵੀ ਹੋ ਨਹੀਂ ਸਕਦਾ।
ਪਿਛਲੇ ਬਜ਼ਟ ਸਮੇਂ ਇਹ ਤਹਿ ਕੀਤਾ ਗਿਆ ਸੀ ਕਿ ਭਾਰਤ ਸਰਕਾਰ ਆਮ ਆਦਮੀ ਲਈ ਬਣਾਈ ਸਿਹਤ ਬੀਮਾ ਯੋਜਨਾ, ਆਯੂਸ਼ਮਾਨ ਯੋਜਨਾ ਦਾ ਵਿਸਥਾਰ ਕਰੇਗੀ ਅਤੇ 40 ਕਰੋੜ ਹੋਰ ਲੋਕਾਂ ਨੂੰ ਇਸ ਸਕੀਮ ਵਿੱਚ ਸ਼ਾਮਿਲ ਕੀਤਾ ਜਾਵੇਗਾ। ਇਸ ਤਰ੍ਹਾਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਸ ਨਾਲ ਦੇਸ਼ ਦੀ ਅਬਾਦੀ ਦੇ ਵੱਡੇ ਹਿੱਸੇ ਨੂੰ ਸਕੀਮ ਦਾ ਫ਼ਾਇਦਾ ਹੋਏਗਾ, ਪਰ ਸਵਾਲ ਇਹ ਹੈ ਕਿ ਕੀ ਇਸ ਯੋਜਨਾ ਦੇ ਵਿਸਥਾਰ ਨਾਲ ਆਮ ਆਦਮੀ ਦੀਆਂ ਸਿਹਤ ਸਬੰਧੀ ਪ੍ਰੇਸ਼ਾਨੀਆਂ ਦੂਰ ਹੋਣਗੀਆਂ ਜਾਂ ਘੱਟ ਜਾਣਗੀਆਂ?
ਸਿਹਤ ਖੇਤਰ ਦਾ ਮੌਜੂਦਾ ਢਾਂਚਾ ਉਹਨਾਂ ਵਿਅਕਤੀਆਂ ਤੱਕ ਸਿਹਤ ਸਹੂਲਤਾਂ ਪਹੁੰਚਾਉਣ ਦੇ ਸਮਰੱਥ ਨਹੀਂ ਹੈ ਜੋ ਸਿਹਤ ਮਸਲਿਆਂ ਪ੍ਰਤੀ ਜਾਗਰੂਕ ਨਹੀਂ ਹਨ। ਅਸਲ ਵਿੱਚ ਸਿਹਤ ਸੇਵਾਵਾਂ ਦੇ ਢਾਂਚੇ, ਧਨ ਦੀ ਉਪਲੱਬਧਤਾ ਈਮਾਨਦਾਰੀ ਨਾਲ ਵਰਤੋਂ ਅਤੇ ਜਨ ਜਾਗਰੂਕਤਾ ਤਿੰਨ ਪੱਧਰਾਂ ਉਤੇ ਵੱਡੇ ਪ੍ਰਸ਼ਨ ਉੱਠ ਰਹੇ ਹਨ।
ਦੇਸ਼ ਵਿੱਚ ਡਾਕਟਰਾਂ ਦੀ ਕਮੀ ਹੈ। ਦੇਸ਼ ਵਿਚ ਡਾਕਟਰੀ ਸਿੱਖਿਆ ਮਹਿੰਗੀ ਹੈ। ਸਿੱਟੇ ਵਜੋਂ ਸਸਤੀ ਸਿੱਖਿਆ ਪ੍ਰਾਪਤੀ ਲਈ ਵਿਦਿਆਰਥੀ ਯੂਕਰੇਨ, ਰੂਸ ਆਦਿ ਦੇਸ਼ਾਂ ਵਿਚ ਜਾਂਦੇ ਹਨ। ਭਾਰਤ ਵਿੱਚ ਪ੍ਰਤੀ ਇੱਕ ਹਜ਼ਾਰ ਪਿੱਛੇ ਡਾਕਟਰਾਂ ਦੀ ਗਿਣਤੀ 0.7 ਹੈ ਜਦਕਿ ਵਿਸ਼ਵ ਪੱਧਰੀ ਔਸਤ 1.3 ਹੈ। ਦੇਸ਼ ਵਿੱਚ ਚਾਰ ਲੱਖ ਡਾਕਟਰਾਂ, ਲਗਭਗ 40 ਲੱਖ ਨਰਸਾਂ ਦੀ ਘਾਟ ਹੈ। ਇਸ ਤੋਂ ਵੀ ਅਗਲੀ ਗੱਲ ਇਹ ਹੈ ਕਿ ਭਾਰਤ ‘ਚ ਸਿਹਤ ਸੇਵਾਵਾਂ ਨਿੱਜੀ ਖੇਤਰ ਵਿੱਚ 70 ਫੀਸਦੀ ਹਨ, ਜਦਕਿ ਵਿਸ਼ਵ ਪੱਧਰੀ ਔਸਤ 38 ਫੀਸਦੀ ਹੈ।
ਭਾਰਤ ਸਰਕਾਰ ਦੇ ਇਹ ਦਾਅਵੇ ਹਨ ਕਿ ਭਾਰਤ ਵਿਚ ਸਿਹਤ ਸੇਵਾਵਾਂ ਨਿਰੰਤਰ ਸੁਧਰ ਰਹੀਆਂ ਹਨ। ਪਰ ਅੰਕੜਿਆਂ ਵਿਚ ਹਕੀਕਤ ਇਹ ਹੈ ਕਿ ਦੇਸ਼ ਦੇ 86 ਫ਼ੀਸਦੀ ਲੋਕਾਂ ਨੂੰ ਆਪਣੀ ਜੇਬ ਵਿਚੋਂ ਹੀ ਸਿਹਤ ਸਹੂਲਤਾਂ ਪ੍ਰਾਪਤ ਕਰਨ ਲਈ ਖ਼ਰਚ ਕਰਨਾ ਪੈਂਦਾ ਹੈ ਅਤੇ ਇਹ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਗੈਰ-ਸਰਕਾਰੀ ਹਸਪਤਾਲ ਮਨਮਰਜ਼ੀ ਦੇ ਖ਼ਰਚੇ, ਮਰੀਜ਼ਾਂ ਤੋਂ ਬਿਹਤਰ ਇਲਾਜ ਦੇ ਨਾਂ ਉਤੇ ਵਸੂਲਦੇ ਹਨ। ਕਰੋਨਾ ਕਾਲ ਵਿਚ ਇਹਨਾਂ ਹਸਪਤਾਲਾਂ ਅਤੇ ਦਵਾਈਆਂ ਵਾਲੀ ਕੰਪਨੀਆਂ ਨੇ ਚੰਮ ਦੀਆਂ ਚਲਾਈਆਂ ਅਤੇ ਮਰੀਜ਼ਾਂ ਦੀ ਸ਼ਰੇਆਮ ਲੁੱਟ ਕੀਤੀ ਅਤੇ ਸਰਕਾਰ ਚੁੱਪ ਚਾਪ ਤਮਾਸ਼ਾ ਵੇਖਦੀ ਰਹੀ। ਇਸ ਤੋਂ ਵੀ ਸ਼ਰਮਨਾਕ ਗੱਲ ਇਹ ਕਿ ਸਰਕਾਰੀ ਅਣਗਿਹਲੀ ਅਤੇ ਬੇਰੁਖ਼ੀ ਕਾਰਨ ਉਹ ਮਰੀਜ਼ ਮਰ ਗਏ ਜਿਹਨਾਂ ਪੱਲੇ ਧੇਲਾ ਨਹੀਂ ਸੀ ਅਤੇ ਉਹ ਬਚ ਗਏ ਜਿਹਨਾਂ ਦੀ ਜੇਬ ਵਿਚ ਚਾਰ ਛਿੱਲੜ ਸਨ। ਕੋਈ ਛੋਟੀ ਗੱਲ ਨਹੀਂ ਹੈ ਕਿ ਕਰੋਨਾ ਦੇ ਭਿਆਨਕ ਦੌਰ ਵਿਚ ਆਕਸੀਜਨ ਅਤੇ ਦਵਾਈਆਂ ਦੀ ਘਾਟ ਨਾਲ ਹਸਪਤਾਲਾਂ ਦੇ ਦਰਵਾਜ਼ਿਆਂ ਵਿਚ ਲੋਕ ਦਮ ਤੋਂੜ ਗਏ। ਗੰਗਾ ਵਿੱਚ ਉਹਨਾਂ ਲੋਕਾਂ ਦੀਆਂ ਲਾਸ਼ਾਂ ਦੇ ਦ੍ਰਿਸ਼ ਹੁਣ ਵੀ ਭੁਲਾਉਣੇ ਔਖੇ ਹਨ ਅਤੇ ਨਾ ਹੀ ਭੁੱਲਣ ਯੋਗ ਹਨ। ਗੰਗਾ ਦੇ ਕਿਨਾਰੇ ਉਹ ਰੇਤਲੀਆਂ ਕਬਰਾਂ, ਜਿਥੇ ਮੁਰਦਾ ਸਰੀਰ ਸੁੱਟ ਦਿੱਤੇ ਗਏ ਸਨ।
ਦੇਸ਼ ਦੇ ਸਿਹਤ ਬਜ਼ਟ ਵਿੱਚ ਹਰ ਸਾਲ ਕਈ ਸਾਲਾਂ ਤੋਂ ਵਾਧਾ ਕੀਤਾ ਜਾ ਰਿਹਾ ਹੈ। ਪਰ ਇਹ ਸਮਝਣਾ ਔਖਾ ਹੈ ਕਿ ਇੰਨਾ ਖਰਚ ਕਰਨ ਦੇ ਬਾਵਜੂਦ ਵੀ ਸਾਡੇ ਦੇਸ਼ ਵਿੱਚ ਜਨ ਸਿਹਤ ਸੇਵਾਵਾਂ ਦੇ ਹਾਲਾਤ ਬਿਹਤਰ ਨਹੀਂ ਹੋ ਰਹੇ।
ਜਨਸਿਹਤ ਸੇਵਾਵਾਂ ਦਾ ਅਰਥ ਤਾਂ ਇਹ ਹੈ ਕਿ ਸਿਹਤ ਸੇਵਾਵਾਂ ਦੇਸ਼ ਦੇ ਹਰ ਉਸ ਨਾਗਰਿਕ ਨੂੰ ਮਿਲਣ ਜੋ ਇਸ ਤੋਂ ਵਿਰਵਾ ਹੈ। ਸਰਕਾਰੀ ਸੰਸਥਾਵਾਂ ਵਿਚ ਮਿਲਣ ਵਾਲੀਆਂ ਸੁਵਿਧਾਵਾਂ ਹਰ ਨਾਗਰਿਕ ਦੇ ਪੱਲੇ ਪੈਣ, ਬਿਨਾਂ ਕਿਸੇ ਭੇਦ ਭਾਵ ਦੇ। ਉਹਨਾਂ ਨਾਲ ਸਰਕਾਰੀ ਹਸਪਤਾਲਾਂ, ਸੰਸਥਾਵਾਂ ਵਿੱਚ ਇਕੋ ਜਿਹਾ ਨਿੱਘਾ ਵਰਤਾਰਾ ਹੋਵੇ, ਜਿਹੋ ਜਿਹਾ ਵਰਤਾਰਾ ਮਰੀਜ਼ ਨੂੰ ਨਿੱਜੀ ਹਸਪਤਾਲਾਂ ਵਿਚ ਮਿਲਦਾ ਹੈ ਭਾਵ ਬਿਹਤਰ ਦੇਖਭਾਲ, ਰੋਗੀ ਨਾਲ ਸਹਿਜ ਬੋਲਚਾਲ ਅਤੇ ਪੂਰੀਆਂ ਸਹੂਲਤਾਂ। ਪਰ ਦੇਸ਼ ਹਾਲੀ ਤੱਕ ਮੁੱਢਲੀਆਂ ਸਿਹਤ ਸਹੂਲਤਾਂ ਦੇਣ ਦੇ ਯੋਗ ਵੀ ਨਹੀਂ ਹੋ ਸਕਿਆ। ਇਹ ਸਿਹਤ ਸਹੂਲਤਾਂ ਤਾਂ ਗਿਣੇ-ਚੁਣੇ ਕੁਝ ਸਰਕਾਰੀ ਸ਼ਹਿਰਾਂ ਦੇ ਵੱਡੇ ਹਸਪਤਾਲਾਂ ਜਾਂ ਪੰਜ ਤਾਰਾ, ਤਿੰਨ ਤਾਰਾ ਨਿੱਜੀ ਹਸਪਤਾਲਾਂ ਵਿਚ ਹੀ ਵੱਡੇ ਲੋਕਾਂ ਲਈ ਉਪਲੱਬਧ ਹਨ, ਜਿਥੇ ਇਲਾਜ ਕਰਨ ਦਾ ਸੁਪਨਾ ਸਮਾਜ ਦੇ ਹੇਠਲੇ ਪਾਇਦਾਨ ਤੇ ਖੜ੍ਹੇ ਵਿਅਕਤੀ ਵਲੋਂ ਲਿਆ ਹੀ ਨਹੀਂ ਜਾ ਸਕਦਾ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …