Breaking News
Home / ਸੰਪਾਦਕੀ / ਪੰਜਾਬ ਤੋਂ ਹੋ ਰਿਹੈ ਬੇਰੋਕ ਪਰਵਾਸ

ਪੰਜਾਬ ਤੋਂ ਹੋ ਰਿਹੈ ਬੇਰੋਕ ਪਰਵਾਸ

ਪੰਜਾਬ ‘ਚੋਂ ਨੌਜਵਾਨਾਂ ਦਾ ਲਗਾਤਾਰ ਵਿਦੇਸ਼ਾਂ ਵੱਲ ਕਿਸੇ ਨਾ ਕਿਸੇ ਢੰਗ ਨਾਲ ਪਰਵਾਸ ਕਰਨਾ ਸਾਡੇ ਸਾਹਮਣੇ ਕਈ ਗੰਭੀਰ ਸੁਆਲ ਖੜ੍ਹੇ ਕਰਦਾ ਹੈ। ਕਿਸੇ ਲਈ ਵੀ ਆਪਣੀ ਧਰਤੀ ਨੂੰ ਛੱਡਣਾ ਸੌਖਾ ਨਹੀਂ ਹੁੰਦਾ ਪਰ ਜੇਕਰ ਅਨੇਕਾਂ ਮਜਬੂਰੀਆਂ ਸਾਹਮਣੇ ਆ ਖੜ੍ਹੀਆਂ ਹੋਣ ਤਾਂ ਇਹ ਮਜਬੂਰੀ ਵੀ ਬਣ ਜਾਂਦਾ ਹੈ। ਪਿਛਲੇ ਸਮੇਂ ਵਿਚ ਇਹ ਰੁਝਾਨ ਬਹੁਤ ਜ਼ਿਆਦਾ ਵਧ ਗਿਆ ਹੈ ਜੋ ਬਹੁਤ ਚਿੰਤਾਜਨਕ ਹੈ। ਅੱਜ ਬੇਰੁਜ਼ਗਾਰੀ ਸਿਖਰਾਂ ‘ਤੇ ਹੈ। ਰੁਜ਼ਗਾਰ ਦੀ ਭਾਲ ਵਿਚ ਬਹੁਤੇ ਨੌਜਵਾਨ ਦਰ-ਦਰ ਭਟਕਦੇ ਦਿਖਾਈ ਦਿੰਦੇ ਹਨ। ਉਨ੍ਹਾਂ ਨੂੰ ਆਪਣਾ ਭਵਿੱਖ ਬੇਹੱਦ ਹਨੇਰੇ ‘ਚ ਜਾਪਦਾ ਹੈ।
ਅੱਜ ਜਿਸ ਤਰ੍ਹਾਂ ਦਾ ਹਾਲ ਇਸ ਛੋਟੇ ਜਿਹੇ ਸੂਬੇ ਦੀ ਧਰਤੀ ਦਾ ਬਣਦਾ ਜਾ ਰਿਹਾ ਹੈ, ਉਹ ਬੇਹੱਦ ਨਿਰਾਸ਼ਾਜਨਕ ਹੈ। ਤੰਗੀਆਂ-ਤੁਰਸ਼ੀਆਂ ਨੇ ਸਮੁੱਚੇ ਸਮਾਜ ਨੂੰ ਜਕੜ ਲਿਆ ਹੈ। ਅਮਨ-ਕਾਨੂੰਨ ਦੀ ਸਥਿਤੀ ਇਸ ਕਦਰ ਵਿਗੜ ਗਈ ਹੈ, ਜਿਸ ਨੇ ਸਭ ਪਾਸੇ ਇਕ ਸਹਿਮ ਪੈਦਾ ਕਰ ਦਿੱਤਾ ਹੈ। ਲੁਟੇਰਿਆਂ ਦਾ ਚਲਨ ਲਗਾਤਾਰ ਵਧ ਰਿਹਾ ਹੈ। ਛੋਟਾ-ਮੋਟਾ ਵਪਾਰੀ ਵੀ ਆਪਣੇ ਆਪ ਨੂੰ ਅਸੁਰੱਖਿਅਤ ਸਮਝ ਰਿਹਾ ਹੈ। ਵਪਾਰ ਦੇ ਨਾਲ-ਨਾਲ ਸਨਅਤ ਦੇ ਲਗਾਤਾਰ ਗਿਰਾਵਟ ਵੱਲ ਜਾਣ ਦੇ ਵੀ ਅਨੇਕਾਂ ਕਾਰਨ ਗਿਣਾਏ ਜਾ ਸਕਦੇ ਹਨ। ਬਹੁਤੇ ਨੌਜਵਾਨ ਮਜਬੂਰੀਵੱਸ ਪਰਵਾਸ ਕਰ ਰਹੇ ਹਨ ਪਰ ਹੁਣ ਤਾਂ ਬਹੁਤੇ ਸਮਰੱਥ ਲੋਕ ਵੀ ਇਥੋਂ ਬਾਹਰ ਜਾ ਕੇ ਵਸਣ ਨੂੰ ਤਰਜੀਹ ਦੇਣ ਲੱਗੇ ਹਨ। ਸਮਾਜ ਵਿਚੋਂ ਜ਼ਾਬਤਾ ਖ਼ਤਮ ਹੁੰਦਾ ਜਾ ਰਿਹਾ ਹੈ। ਇਸ ਦੀ ਘਾਟ ਭਲੇ ਆਦਮੀ ਨੂੰ ਲਗਾਤਾਰ ਰੜਕਣ ਲੱਗੀ ਹੈ। ਜੇਕਰ ਅੱਜ ਬਹੁਤੇ ਨੌਜਵਾਨ ਵਿਦੇਸ਼ਾਂ ਵਿਚ ਜਾ ਕੇ ਰੁਲਣ ਨੂੰ ਤਰਜੀਹ ਦੇ ਰਹੇ ਹਨ ਤਾਂ ਉਹ ਆਪਣੀ ਇਸ ਧਰਤੀ ਤੋਂ ਕਿੰਨਾ ਅੱਕ ਅਤੇ ਥੱਕ ਗਏ ਹੋਣਗੇ, ਇਸ ਦਾ ਅੰਦਾਜ਼ਾ ਲਗਾ ਸਕਣਾ ਮੁਸ਼ਕਿਲ ਨਹੀਂ ਹੈ। ਸਕੂਲ ਤੋਂ ਬਾਅਦ ਕੁਝ ਕਲਾਸਾਂ ਪਾਸ ਕਰਕੇ ਨੌਜਵਾਨ ਵਿਦਿਆਰਥੀ ਵੀਜ਼ੇ ਦੇ ਆਧਾਰ ‘ਤੇ ਕਿਸੇ ਨਾ ਕਿਸੇ ਤਰ੍ਹਾਂ ਇਥੋਂ ਨਿਕਲਣਾ ਚਾਹੁੰਦਾ ਹੈ। ਨਿੱਕੇ ਜਿਹੇ ਇਸ ਸੂਬੇ ਵਿਚ ਅੱਜ 77 ਲੱਖ ਤੋਂ ਵੀ ਵਧੇਰੇ ਲੋਕਾਂ ਕੋਲ ਪਾਸਪੋਰਟ ਹਨ। ਪਾਸਪੋਰਟ ਦਫ਼ਤਰਾਂ ਸਾਹਮਣੇ ਨਿੱਤ ਦਿਨ ਲੰਮੀਆਂ ਕਤਾਰਾਂ ਲੱਗੀਆਂ ਨਜ਼ਰ ਆਉਂਦੀਆਂ ਹਨ। ਜੇਕਰ ਇਕ ਵਿਅਕਤੀ ਕੋਈ ਆਧਾਰ ਬਣਾ ਕੇ ਇਥੋਂ ਨਿਕਲ ਕੇ ਕਿਸੇ ਦੂਜੇ ਦੇਸ਼ ਵਿਚ ਜਾ ਵਸਦਾ ਹੈ ਅਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਉਥੇ ਆਪਣੇ ਪੈਰ ਜਮਾਉਣ ਵਿਚ ਕਾਮਯਾਬ ਹੋ ਜਾਂਦਾ ਹੈ ਤਾਂ ਫਿਰ ਉਸ ਦੀ ਇੱਛਾ ਇਹ ਹੁੰਦੀ ਹੈ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਇਥੋਂ ਕੱਢ ਕੇ ਬਾਹਰ ਲੈ ਜਾਵੇ।
ਪਹਿਲਾਂ ਪਹਿਲ ਸੂਬੇ ਦੇ ਕਿਸੇ ਇਕ ਇਲਾਕੇ ਵਿਚੋਂ ਹੀ ਅਜਿਹਾ ਪਰਵਾਸ ਹੁੰਦਾ ਸੀ ਪਰ ਹੁਣ ਇਸ ਗੱਲ ਤੋਂ ਕੋਈ ਵੀ ਇਲਾਕਾ ਵਾਂਝਾ ਨਹੀਂ ਰਿਹਾ। ਖੇਤਰੀ ਪਾਸਪੋਰਟ ਦਫ਼ਤਰ ਤਾਂ ਹੁਣ ਪਾਸਪੋਰਟ ਮੇਲੇ ਲਗਾਉਣ ਨੂੰ ਤਰਜੀਹ ਦੇਣ ਲੱਗੇ ਹਨ। ਇਕੱਲੇ ਅਮਰੀਕਾ ਵਿਚ ਹੀ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ‘ਚੋਂ ਆਏ ਵਿਅਕਤੀਆਂ ‘ਚੋਂ 10 ਲੱਖ ਲੋਕਾਂ ਨੂੰ ਸਾਲ 2022 ਵਿਚ ਉਥੋਂ ਦੀ ਨਾਗਰਿਕਤਾ ਦਿੱਤੀ ਗਈ ਹੈ। ਚਾਹੇ ਪਰਵਾਸ ਕੀਤੇ ਜਾਣ ਵਾਲੇ ਦੇਸ਼ਾਂ ਦੀਆਂ ਆਪਣੀਆਂ ਮੁਸ਼ਕਿਲਾਂ ਅਤੇ ਉਲਝਣਾਂ ਵਧਦੀਆਂ ਜਾ ਰਹੀਆਂ ਹਨ ਪਰ ਜਦੋਂ ਤੱਕ ਇਹ ਸਿਲਸਿਲਾ ਜਾਰੀ ਹੈ, ਉਦੋਂ ਤੱਕ ਚਾਹਵਾਨਾਂ ਦੀਆਂ ਵੀਜ਼ਾ ਦਫ਼ਤਰਾਂ ਸਾਹਮਣੇ ਲੰਮੀਆਂ ਕਤਾਰਾਂ ਬਰਕਰਾਰ ਰਹਿਣ ਵਾਲੀਆਂ ਹਨ। ਇਕ ਖ਼ਬਰ ਅਨੁਸਾਰ ਕੈਨੇਡਾ ਵਿਚ ਸਾਲ 2021 ਦੇ ਸਮੇਂ ਇਕ ਲੱਖ ਭਾਰਤੀ ਪੱਕੇ ਵਸਨੀਕ ਬਣੇ ਸਨ ਅਤੇ ਇਥੇ ਦਾਖ਼ਲ ਹੋਣ ਵਾਲਿਆਂ ਦੀ ਗਿਣਤੀ 4 ਗੁਣਾ ਵਧੇਰੇ ਹੈ। ਚਾਹੇ ਇਸ ਸਮੇਂ ਕੈਨੇਡਾ ਦੀ ਨੀਤੀ ਪਰਵਾਸੀਆਂ ਨੂੰ ਪੱਕਾ ਕਰਨ ਦੀ ਰਹੀ ਹੈ ਪਰ ਇਹ ਉਦੋਂ ਤੱਕ ਹੀ ਸੰਭਵ ਹੋ ਸਕੇਗਾ ਜਦੋਂ ਤੱਕ ਉਥੋਂ ਦੀ ਸਰਕਾਰ ਦੀ ਅਜਿਹੀ ਨੀਤੀ ਕਾਇਮ ਰਹਿੰਦੀ ਹੈ। ਸੂਬੇ ਦੀ ਇਕ ਤ੍ਰਾਸਦੀ ਇਹ ਵੀ ਬਣ ਰਹੀ ਹੈ ਕਿ ਪਰਵਾਸ ਕਰਨ ਵਾਲੀ ਪਹਿਲੀ ਪੀੜ੍ਹੀ ਦਾ ਤਾਂ ਕਿਸੇ ਨਾ ਕਿਸੇ ਤਰ੍ਹਾਂ ਇਸ ਧਰਤੀ ਨਾਲ ਸੰਬੰਧ ਬਣਿਆ ਰਹਿੰਦਾ ਸੀ ਪਰ ਉਸ ਤੋਂ ਅਗਲੀਆਂ ਪੀੜ੍ਹੀਆਂ ਨੂੰ ਇਹ ਓਪਰੀ ਲੱਗਣ ਲਗਦੀ ਹੈ। ਵਿਦੇਸ਼ਾਂ ਵਿਚ ਜਾ ਕੇ ਆਪਣੀ ਜੁਬਾਨ ਅਤੇ ਸੱਭਿਆਚਾਰ ਦੀ ਕਿੰਨੀ ਕੁ ਰਾਖੀ ਕੀਤੀ ਜਾ ਸਕਦੀ ਹੈ, ਇਸ ਬਾਰੇ ਕਹਿਣਾ ਮੁਸ਼ਕਿਲ ਹੈ।
ਪਹਿਲੀਆਂ ਪੀੜ੍ਹੀਆਂ ਨੇ ਇਥੇ ਜੋ ਜਾਇਦਾਦਾਂ ਅਤੇ ਆਪਣੇ ਘਰ ਬਣਾਏ ਸਨ, ਉਹ ਲਾਵਾਰਿਸ ਹੁੰਦੇ ਜਾ ਰਹੇ ਹਨ। ਵੱਡੀਆਂ ਕੋਠੀਆਂ ਖਾਲੀ ਪਈਆਂ ਹਨ। ਨਵੀਂ ਪੀੜ੍ਹੀ ਦਾ ਇਥੋਂ ਮੋਹ ਭੰਗ ਹੋਣ ਕਾਰਨ ਇਥੋਂ ਦੀਆਂ ਜ਼ਮੀਨਾਂ ਅਤੇ ਜਾਇਦਾਦਾਂ ਵਿਕਣ ‘ਤੇ ਲੱਗੀਆਂ ਹੋਈਆਂ ਹਨ। ਅਜਿਹੇ ਪਰਵਾਸ ਦੇ ਕਾਰਨ ਚਾਹੇ ਕੁਝ ਵੀ ਹੋਣ ਇਹ ਮਨਾਂ ਅੰਦਰ ਇਕ ਹੂਕ ਜ਼ਰੂਰ ਪੈਦਾ ਕਰਦੇ ਹਨ। ਇਹ ਵੀ ਕਿ ਅੱਜ ਅਸੀਂ ਹਰ ਪੱਖ ਤੋਂ ਇਸੇ ਲਈ ਨਿੱਘਰਦੇ ਜਾ ਰਹੇ ਹਾਂ ਕਿ ਇਥੋਂ ਹਰ ਕੋਈ ਜਾਣਾ ਜਾਂ ਭੱਜਣਾ ਚਾਹੁੰਦਾ ਹੈ। ਇਸ ਸਮੇਂ ਪੰਜਾਬੀਆਂ ਨੂੰ ਆਪਣੇ ਅੰਦਰ ਗੰਭੀਰਤਾ ਨਾਲ ਝਾਤੀ ਜ਼ਰੂਰ ਮਾਰਨੀ ਪਵੇਗੀ।

Check Also

ਸ੍ਰੀਲੰਕਾ ਦੇ ਬਦਲ ਰਹੇ ਹਾਲਾਤ ਦਾ ਗੁਆਂਢੀ ਮੁਲਕਾਂ ‘ਤੇ ਅਸਰ

ਸ੍ਰੀਲੰਕਾ ਵਿਚ ਆਈ ਵੱਡੀ ਤਬਦੀਲੀ ਵਜੋਂ ਅਨੂਰਾ ਦੀਸਾਨਾਇਕੇ ਨੇ ਦੇਸ਼ ਦੇ ਨੌਵੇਂ ਰਾਸ਼ਟਰਪਤੀ ਵਜੋਂ ਸਹੁੰ …